Headlines

ਇਟਲੀ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ 

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਸੰਨ 2023 ਜਾਂਦਾ-ਜਾਂਦਾ ਕਈ ਭਾਰਤੀ ਪੰਜਾਬੀ ਨੌਜਵਾਨਾਂ ਲਈ ਕਾਲ ਬਣਦਾ ਜਾ ਰਿਹਾ ਹੈ ਜਿਸ ਕਾਰਨ ਅਨੇਕਾਂ ਘਰਾਂ ਦੇ ਚਿਰਾਗ ਹਮੇਸ਼ਾਂ ਲਈ ਬੁੱਝ ਗਏ ।ਇੱਕ ਅਜਿਹੀ ਹੀ ਇੱਕ ਹੋਰ ਘਟਨਾ ਇਟਲੀ ਦੇ ਜਿਲ੍ਹਾ ਵਿਰੋਨਾ ਦੇ ਲੋਕਾਰਾ ਨੇੜੇ ਸਨਬੋਨੀਫਾਚੋ ਵਿਖੇ ਦੇਖਣ ਨੂੰ ਮਿਲੀ ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਬਲਦੇਵ ਰਾਜ(40)ਦੀ ਬੀਤੇ ਦਿਨ ਸਾਈਲੈਂਸ ਅਟੈਕ ਹੋਣ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ।ਘਰ ਦੀ ਗਰੀਬੀ ਦੂਰ ਕਰਨ ਅੱਜ ਤੋਂ ਕਰੀਬ 15-16 ਸਾਲ ਪਹਿਲਾਂ ਜਲੰਧਰ ਜਿ਼ਲ੍ਹੇ ਦੇ ਫਿਲੋਰ ਸ਼ਹਿਰ ਤੋਂ ਇਟਲੀ ਆਇਆ ਬਲਦੇਵ ਰਾਜ ਵਿਰੋਨਾ ਜਿ਼ਲ੍ਹੇ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਤੇ ਇੱਥੇ ਇੱਕ ਵੈਲਡਿੰਗ ਦੀ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ।ਬੀਤੇ ਦਿਨ ਜਦੋਂ ਮਰਹੂਮ ਬਲਦੇਵ ਰਾਜ ਕੰਮ ਤੋਂ ਘਰ ਆਇਆ ਤੇ ਰਾਤ ਦਾ ਖਾਣਾ ਖਾ ਬਿਲਕੁਲ ਤੰਦਰੁਸਤੀ ਨਾਲ ਸੌ ਗਿਆ ਪਰ ਉਸ ਨੂੰ ਨਹੀ ਪਤਾ ਸੀ ਕਿ ਆਉਣ ਵਾਲੀ ਸਵੇਰ ਉਸ ਦੀ ਜਿੰਦਗੀ ਦੀ ਆਖ਼ਰੀ ਸਵੇਰ ਹੋਵੇਗੀ।ਤੜਕੇ ਸਵੇਰੇ ਕਰੀਬ 3-4 ਵਜੇ ਉਸ ਨੂੰ ਮੌਤ ਦੇ ਦੈਂਤ ਨੇ ਸਾਈਲੈਂਸ ਅਟੈਕ ਦੇ ਰੂਪ ਵਿੱਚ ਆ ਘੇਰਿਆ ਬੇਸ਼ੱਕ ਮੌਕੇ ਉਪੱਰ ਐਂਬੂਲੈਂਸ ਵੀ ਆ ਗਈ ਪਰ ਸਭ ਕੁਝ ਬਿਅਰਥ ਰਿਹਾ ਜਦੋਂ ਡਾਕਟਰਾਂ ਦੀ ਟੀਮ ਨੇ ਬਲਦੇਵ ਰਾਜ ਨੂੰ ਮ੍ਰਿਤਕ ਘੋਸਿ਼ਤ ਕਰ ਦਿੱਤਾ।ਇਸ ਮੰਦਭਾਗੀ ਘਟਨਾ ਨਾਲ ਸਾਰੇ ਇਲਾਕੇ ਵਿੱਚ ਮਾਤਮ ਛਾਅ ਗਿਆ।ਮ੍ਰਿਤਕ ਆਪਣੇ ਪਿਛਲੇ ਬੁੱਢੀ ਮਾਂ,ਵਿਧਵਾ ਪਤਨੀ ਤੇ ਦੋ ਛੋਟੇ ਬੱਚੇ 2 ਸਾਲ ਤੇ 6 ਸਾਲ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ।