Headlines

ਹਿੰਦੂ ਮੰਦਿਰ ਸਰੀ  ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਘਰ ਤੇ ਗੋਲੀਬਾਰੀ

ਗਿਲਫੋਰਡ ਗੋਲੀਬਾਰੀ ਦੇ ਸਬੰਧ ਵਿਚ ਦੋ ਗ੍ਰਿਫਤਾਰ-

ਵੈਨਕੂਵਰ ( ਦੇ ਪ੍ਰ ਬਿ)- ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਫਿਰੌਤੀ ਲਈ ਧਮਕੀ ਪੱਤਰ, ਫੋਨ ਕਾਲਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਥੰਮਣ ਦਾ ਨਾਮ ਨਹੀ ਲੈ ਰਹੀਆਂ। ਹਰ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵੇਖਣ,ਸੁਣਨ ਨੂੰ ਮਿਲਦੀ ਹੈ ਜਿਸ ਨਾਲ ਸ਼ਹਿਰੀਆਂ ਵਿਚ ਅਸੁਰੱਖਿਆ ਤੇ ਡਰ ਦਾ ਮਾਹੌਲ ਬਣ ਜਾਂਦਾ ਹੈ।

ਬੀਤੀ 27 ਦਸੰਬਰ ਦੀ ਸਵੇਰ ਨੂੰ ਉਘੇ ਬਿਜਨਸਮੈਨ ਤੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਬੇਟੇ ਦੇ ਘਰ 4900 ਬਲਾਕ, 80 ਐਵਨਿਊ ਉਪਰ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਪੁਲੀਸ ਨੇ ਇਸ ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਘਟਨਾ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਹੈ।

ਦੇਸ ਪ੍ਰਦੇਸ ਟਾਈਮਜ਼ ਨਾਲ ਗੱਲਬਾਤ ਕਰਦਿਆਂ ਸ੍ਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਇਹ ਗੋਲੀਬਾਰੀ ਤੜਕੇ ਕਰੀਬ 2 ਵਜੇ ਦੇ ਕਰੀਬ ਹੋਈ। ਲਗਪਗ 11 ਦੇ ਕਰੀਬ ਗੋਲੀਆਂ ਗੈਰਾਜ ਉਪਰ ਲੱਗੀਆਂ। ਘਰ ਵਿਚ ਪਰਿਵਾਰਕ ਮੈਂਬਰ ਮੌਜੂਦ ਸਨ। ਉਹਨਾਂ ਦੱਸਿਆ ਕਿ ਇਸ ਗੋਲੀਬਾਰੀ ਤੋਂ ਪਹਿਲਾਂ ਉਹਨਾਂ ਨੂੰ ਫਿਰੌਤੀ ਜਾਂ ਕੋਈ ਹੋਰ ਧਮਕੀ ਪੱਤਰ ਜਾਂ ਫੋਨ ਕਾਲ ਨਹੀ ਆਈ। ਪੁਲਿਸ ਇਸ ਗੋਲੀਬਾਰੀ ਬਾਰੇ ਜਾਂਚ ਕਰ ਰਹੀ ਹੈ। ਉਹਨਾਂ ਹੋਰ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਵਲੋਂ ਇਸ ਘਟਨਾ ਨੂੰ ਜੋ ਮੰਦਿਰ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਦੇ ਰੋਸ ਮੁਜਾਹਰੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਦਾ ਰੋਸ ਮੁਜਾਹਰਾ ਮੰਦਿਰ ਜਾਂ ਮੰਦਿਰ ਕਮੇਟੀ ਦੇ ਖਿਲਾਫ ਨਹੀ ਸੀ ਬਲਿਕ ਉਸ ਦਿਨ ਉਥੇ ਭਾਰਤੀ ਕੌਂਸਲੇਟ ਵਲੋਂ ਕੌਸਲ ਸੇਵਾਵਾਂ ਲਈ ਕੈਂਪ ਲਗਾਇਆ ਸੀ ਤੇ ਮੁਜਾਹਰਾਕਾਰੀ ਕੌਂਸਲ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਲਈ ਪੁੱਜੇ ਸਨ।

ਉਹਨਾਂ ਹੋਰ ਕਿਹਾ ਕਿ ਭਾਰਤੀ ਮੀਡੀਆ ਵਿਚ ਇਸ ਗੋਲੀਬਾਰੀ ਦੀ ਘਟਨਾ ਨੂੰ ਜਿਵੇਂ ਮੰਦਿਰ ਦੇ ਬਾਹਰ ਹੋਏ ਰੋਸ ਪ੍ਰਦਰਸ਼ਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਨਿੰਦਾਜਨਕ ਹੈ। ਉਹਨਾਂ ਕਿਹਾ ਕਿ ਕੈਨੇਡਾ ਵਿਚ ਸਾਡੀਆਂ ਭਾਈਚਾਰਕ ਸਾਂਝਾਂ ਮਜ਼ਬੂਤ ਹਨ ਤੇ ਇਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਘਰ ਉਪਰ ਹੋਈ ਗੋਲੀਬਾਰੀ ਦੀ ਘਟਨਾ ਦੀ ਆਰ ਸੀ ਐਮ ਪੀ ਜਾਂਚ ਕਰ ਰਹੀ ਹੈ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਕਿਸੇ ਨਤੀਜੇ ਤੇ ਪਹੁੰਚੇਗੀ।  ਉਹਨਾਂ ਸ਼ਹਿਰ ਵਿਚ ਗੋਲੀਬਾਰੀ ਤੇ ਫਿਰੌਤੀ ਲਈ ਧਮਕੀ ਪੱਤਰਾਂ ਦੀਆਂ ਘਟਨਾਵਾਂ ਬਾਰੇ ਕਿਹਾ ਕਿ ਕਮਿਊਨਿਟੀ ਨੂੰ ਇਸ ਲਈ ਇਕਮੁੱਠ ਹੋਣ ਦੀ ਲੋੜ ਹੈ। ਏਕਤਾ ਤੇ ਮਜ਼ਬੂਤੀ ਨਾਲ ਹੀ ਗਲਤ ਅਨਸਰਾਂ ਖਿਲਾਫ ਕੋਈ ਕਾਰਵਾਈ ਸੰਭਵ ਹੈ।

ਗੋਲੀਬਾਰੀ ਦੇ ਮਾਮਲੇ ਵਿਚ ਦੋ ਗ੍ਰਿਫਤਾਰ-

ਇਸੇ ਦੌਰਾਨ ਗਿਲਫੋਰਡ ਇਲਾਕੇ ਵਿਚ ਹੋਈ ਗੋਲੀਬਾਰੀ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਬੀਤੇ ਦਿਨ 101 ਐਵਨਿਊ ਤੇ 156 ਸਟਰੀਟ ਤੇ ਗੋਲੀਬਾਰੀ ਹੋਣ ਉਪਰੰਤ ਪੁਲਿਸ ਵਲੋਂ ਇਕ ਰੇਜ਼ ਰੋਵਰ ਦਾ ਪਿੱਛਾ ਕੀਤਾ ਗਿਆ। ਪੁਲਿਸ ਵਲੋਂ 198 ਸਟਰੀਟ ਤੇ 57 ਐਵਨਿਊ ਲੈਂਗਲੀ ਵਿਖੇ ਰੇਜ਼ ਰੋਵਰ ਨੂੰ ਰੋਕਣ ਉਪਰੰਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਅਜੇ ਇਹਨਾਂ ਦੀ ਪਛਾਣ ਜਨਤਕ ਨਹੀ ਕੀਤੀ।