Headlines

ਸਰੀ ਪੁਲਿਸ ਵਲੋਂ ਗੋਲੀਬਾਰੀ ਦੇ ਸਬੰਧ ਵਿਚ ਰੋਮਨ ਗਿੱਲ ਤੇ ਸ਼ੌਨ ਗਿੱਲ ਨਾਮ ਦੇ ਦੋ ਨੌਜਵਾਨ ਗ੍ਰਿਫਤਾਰ

ਵਾਈਟ ਰੌਕ ਘਟਨਾ ਵਿਚ ਵਰਤੀ ਕਾਰ ਦੀ ਫੋਟੋ ਜਾਰੀ ਕੀਤੀ-

ਸਰੀ- ਸਰੀ ਆਰ ਸੀ ਐਮ ਪੀ ਵਲੋਂ ਲੋਅਰ ਮੇਨਲੈਂਡ ਵਿਚ ਜਬਰੀ ਵਸੂਲੀ ਤੇ ਗੋਲੀਬਾਰੀ ਦੇ ਸਬੰਧ ਵਿਚ ਕਲੋਵਰਡੇਲ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਸਰੀ ਆਰ ਸੀ ਐਮ ਪੀ ਮੁਤਾਬਿਕ ਫੜੇ ਗਏ  ਦੋਵੇਂ  ਨੌਜਵਾਨ ਸਰੀ ਦੇ ਰਹਿਣ ਵਾਲੇ ਹਨ ।  ਉਹਨਾਂ ਦੀ ਪਛਾਣ 24 ਸਾਲਾ ਰੋਮਨ ਅਰਿੰਦਰ ਗਿੱਲ ਅਤੇ 28 ਸਾਲਾ ਸ਼ੌਨ ਨਰਿੰਦਰ ਗਿੱਲ ਵਜੋਂ ਦੱਸੀ ਗਈ ਹੈ। ਉਹਨਾਂ ਨੂੰ  ਆਰ ਸੀ ਐਮ ਪੀ ਡਿਟੈਚਮੈਂਟ ਵਿੱਚ ਲਿਜਾਇਆ ਗਿਆ, ਪਰ ਬਾਅਦ ਵਿੱਚ ਉਹਨਾਂ ਨੂੰ ਸ਼ਰਤਾਂ ਸਹਿਤ ਛੱਡ ਦਿੱਤਾ ਗਿਆ। ਪੁਲਿਸ ਨੂੰ  ਦੋਵਾਂ ਨੌਜਵਾਨਾਂ ਬਾਰੇ ਪਹਿਲਾਂ ਹੀ ਜਾਣਕਾਰੀ ਹੈ ਤੇ ਦੋਵੇਂ ਬੀ ਸੀ ਗੈਂਗਜ਼ ਨਾਲ ਸਬੰਧ ਰੱਖਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਸਰੀ ਆਰ ਸੀ ਐਮ ਪੀ ਕੋਲ ਜਾਂਚਕਾਰਾਂ ਦੀ ਇੱਕ ਸਮਰਪਿਤ ਟੀਮ ਹੈ ਜੋ ਇਸ ਜਾਂਚ ‘ਤੇ ਚੌਵੀ ਘੰਟੇ ਕੰਮ ਕਰ ਰਹੀ ਹੈ।

ਵਾਈਟਰੌਕ ਘਟਨਾ ਵਿਚ ਵਰਤੀ ਕਾਰ ਦੀ ਫੋਟੋ ਜਾਰੀ-

ਇਸੇ ਦੌਰਾਨ ਆਰ ਸੀ ਐਮ ਪੀ ਨੇ ਦਸੰਬਰ ਦੇ ਪਹਿਲੇ ਹਫਤੇ ਵ੍ਹਾਈਟ ਰੌਕ ਵਿੱਚ ਇੱਕ ਜੁਰਮ ਵਿੱਚ ਵਰਤੀ ਗਈ ਔਡੀ ਕਾਰ  ਦੀ ਪਛਾਣ ਕੀਤੀ ਤੇ ਲੋਕਾਂ ਨੂੰ ਜਾਂਚ ਵਿਚ ਸਹਿਯੋਗ ਦੀ ਅਪੀਲ ਕੀਤੀ ਹੈ।
ਪੁਲਿਸ ਦਾ  ਮੰਨਣਾ ਹੈ ਕਿ ਇਹ ਵਾਹਨ 4 ਦਸੰਬਰ, 2023 ਨੂੰ ਰਾਤ 12:09 ਵਜੇ ਵ੍ਹਾਈਟ ਰੌਕ ਵਿੱਚ ਇੱਕ ਘਟਨਾ ਦੌਰਾਨ ਵਰਤਿਆ ਗਿਆ ਸੀ ਜਿਸ ਵਿੱਚ ਮਰੀਨ ਡਰਾਈਵ ਦੇ 13900-ਬਲਾਕ ਵਿੱਚ ਇੱਕ ਰਿਹਾਇਸ਼ ‘ਤੇ ਗੋਲੀਆਂ ਚਲਾਈਆਂ ਗਈਆਂ ਸਨ।

ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਵਿੱਚ ਵਾਹਨ ਦੀ ਇੱਕ ਫੋਟੋ ਵੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ  ਅਗਰ ਕੋਈ ਵਿਅਕਤੀ ਵਾਹਨ ਨੂੰ ਪਛਾਣਦਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।
ਇਹ ਸਫੈਦ ਰੰਗ ਦੀ ਔਡੀ ਕਾਰ  2019 ਅਤੇ 2023 ਦੇ ਵਿਚਾਲੇ ਮਾਡਲ ਦੀ ਹੈ।