Headlines

ਪੰਜਾਬੀ ਪ੍ਰੈੱਸ ਕਲੱਬ ਵਲੋਂ ਦੇਸ਼ ਪੰਜਾਬ ਦੇ ਸੰਪਾਦਕ ਗੁਰਬਚਨ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ 

ਸਰੀ, 28 ਦਸੰਬਰ ( ਸੰਦੀਪ ਸਿੰਘ ਧੰਜੂ)-
ਪੰਜਾਬੀ ਪ੍ਰੈਸ ਕਲੱਬ ਆਫ ਬੀ ਸੀ ਵੱਲੋਂ ਪੰਜਾਬ ਅਤੇ ਕੌਮ ਦੀ ਝੋਲੀ ਆਪਣੀਆਂ ਲਿਖਤਾਂ ਅਤੇ ਸੋਚ ਦਾ ਅਨਮੋਲ ਖਜ਼ਾਨਾ ਪਾਉਣ ਵਾਲੇ, ਦੇਸ ਪੰਜਾਬ ਰਸਾਲੇ ਦੇ ਸੰਪਾਦਕ ਸਰਦਾਰ ਗੁਰਬਚਨ ਸਿੰਘ (ਜਲੰਧਰ) ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਰਦਾਰ ਗੁਰਬਚਨ ਸਿੰਘ ਬੀਤੇ ਦਿਨ ਬਹੱਤਰ ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ।
ਪ੍ਰੈਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਹੋਤਾ ਨੇ ਸਰਦਾਰ ਗੁਰਬਚਨ ਸਿੰਘ ਦੀ ਸਖਸ਼ੀਅਤ ਬਾਰੇ ਦੱਸਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਜੂਝਣ ਵਾਲੇ ਸਰਦਾਰ ਗੁਰਬਚਨ ਸਿੰਘ ਦੀ ਪੰਜਾਬ ਸਿਆਸਤ ਦੇ ਨਾਲ ਨਾਲ ਦੁਨੀਆ ਭਰ ਦੀ ਸਿਆਸਤ ‘ਤੇ ਬਹੁਤ ਪਕੜ ਸੀ। ਉਹ ਪਹਿਲਾਂ ਨਕਸਲੀ ਜੀਵਨ ਤੇ ਫਿਰ ਸਿੱਖ ਲਹਿਰ ਨਾਲ ਜੁੜੇ ਰਹਿਣ ਕਾਰਨ ਉਹ ਆਪਣੇ ਤਜ਼ਰਬੇ ਨਾਲ ਸਮੇਂ ਤੋਂ ਬਹੁਤ ਪਹਿਲਾਂ ਹਾਲਾਤ ਭਾਂਪ ਲੈਣ ਦੀ ਕਾਬਲੀਅਤ ਰੱਖਦੇ ਸਨ ਅਤੇ ਉਨਾਂ ਦੀਆਂ ਲਿਖਤਾਂ ਤੋਂ ਨਾ ਸਿਰਫ ਉਨ੍ਹਾਂ ਦੀ ਬੌਧਿਕ ਡੂੰਘਾਈ ਤੇ ਇਮਾਨਦਾਰੀ ਦਾ ਪਤਾ ਲਗਦਾ ਸੀ, ਬਲਕਿ ਇਹ ਵੀ ਸਪੱਸ਼ਟ ਹੁੰਦਾ ਸੀ ਉਨ੍ਹਾਂ ਵਿਚ ਗੱਲ ਕਹਿਣ ਦੀ ਬੇਬਾਕੀ ਅਤੇ ਸਿਰੇ ਦੀ ਦਲੇਰੀ ਸੀ। ਉਨਾਂ ਕਿਹਾ ਕਿ ਸਰਦਾਰ ਗੁਰਬਚਨ ਸਿੰਘ ਆਪਣੀਆਂ ਲਿਖਤਾਂ ਦਾ ਜਿੰਨਾ ਖਜ਼ਾਨਾ ਸੌਂਪ ਗਏ ਹਨ, ਉਸਤੋਂ ਕਿਤੇ ਵੱਧ ਉਹ ਨਾਲ ਲੈ ਗਏ ਜਿਸ ਕਾਰਨ ਉਨਾਂ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ।