ਵਿਕਟੋਰੀਆ –ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਨਵੇਂ ਸਾਲ ਦੇ ਮੌਕੇ ਵਧਾਈ ਦਿੰਦਿਆਂ ਕਿਹਾ ਹੈ ਕਿ “ਨਵਾਂ ਸਾਲ ਸਾਡੇ ਲਈ ਅਤੀਤ ਬਾਰੇ ਸੋਚ-ਵਿਚਾਰ ਕਰਨ, ਸਾਡੀਆਂ ਸਫ਼ਤਲਾਵਾਂ ਦਾ ਜਸ਼ਨ ਮਨਾਉਣ ਅਤੇ ਭਵਿੱਖ ਲਈ ਨਵੇਂ ਟੀਚੇ ਨਿਰਧਾਰਤ ਕਰਨ ਦਾ ਸਮਾਂ ਹੈ।
“ਇਹ ਸਾਲ ਲੋਕਾਂ ਲਈ ਔਖਾ ਰਿਹਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਨੇ ਬਹੁਤ ਹੌਸਲੇ, ਦ੍ਰਿੜਤਾ ਅਤੇ ਹਮਦਰਦੀ ਦਾ ਪ੍ਰਦਰਸ਼ਨ ਕੀਤਾ ਹੈ।
“ਮੈਂ ਉਹਨਾਂ ਫ਼ਾਇਰਫ਼ਾਈਟਰਾਂ (firefighters) ਬਾਰੇ ਸੋਚਦਾ ਹਾਂ ਜਿਨ੍ਹਾਂ ਨੇ ਲੋਕਾਂ ਅਤੇ ਭਾਈਚਾਰਿਆਂ ਦੀ ਉਦੋਂ ਰੱਖਿਆ ਕੀਤੀ ਸੀ ਜਦੋਂ ਅਸੀਂ ਹੁਣ ਤੱਕ ਦੇ ਆਪਣੇ ਸਭ ਤੋਂ ਗੰਭੀਰ ਜੰਗਲੀ ਅੱਗਾਂ ਦੇ ਮੌਸਮ ਤੋਂ ਲੰਘ ਰਹੇ ਸੀ; ਉਹਨਾਂ ਲੋਕਾਂ ਬਾਰੇ ਜੋ ਆਪਣਾ ਘਰ ਗੁਆ ਚੁੱਕੇ ਹਨ ਅਤੇ ਜਿਨ੍ਹਾਂ ਦੇ ਭਾਈਚਾਰਿਆਂ ਅਤੇ ਰੋਜ਼ੀ-ਰੋਟੀ ਨੂੰ ਖਤਰਾ ਸੀ; ਅਤੇ ਉਹਨਾਂ ਲੋਕਾਂ ਬਾਰੇ ਜੋ ਉਹਨਾਂ ਲੋਕਾਂ ਦੀ ਮਦਦ ਲਈ ਅੱਗੇ ਆਏ ਜਿਨ੍ਹਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ। ਮੈਂ ਉਹਨਾਂ ਲੋਕਾਂ ਬਾਰੇ ਸੋਚਦਾ ਹਾਂ ਜੋ ਵਿਸ਼ਵ-ਭਰ ਦੀ ਮਹਿੰਗਾਈ ਕਾਰਨ ਆਪਣੇ ਘਰ ਵਾਲਿਆਂ ਲਈ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ ਅਧਿਆਪਕ ਅਤੇ ਸਹਾਇਕ ਸਟਾਫ਼, ਜੋ ਵੱਧ ਰਹੀ ਨਫ਼ਰਤ, ਹੋਮੋਫੋਬੀਆ ਅਤੇ ਟ੍ਰਾਂਸਫੋਬੀਆ ਦੌਰਾਨ ਆਪਣੇ ਵਿਦਿਆਰਥੀਆਂ ਲਈ ਖੜ੍ਹੇ ਹਨ। ਅਤੇ ਮੈਂ ਹਰ ਉਸ ਵਿਅਕਤੀ ਬਾਰੇ ਸੋਚਦਾ ਹਾਂ ਜਿਸਨੇ ਆਪਣੇ ਗੁਆਂਢੀਆਂ ਦੀ ਖੁੱਲ੍ਹੇ ਦਿਲ ਨਾਲ ਮਦਦ ਕਰਕੇ, ਗਰਮ ਭੋਜਨ ਦੇ ਕੇ ਜਾਂ ਹਮਦਰਦੀ ਦੇ ਨਾਲ, ਉਹਨਾਂ ਲਈ ਤਿਉਹਾਰ ਦੇ ਦਿਨਾਂ ਨੂੰ ਖੁਸ਼ੀਆਂ ਭਰਿਆ ਬਣਾਇਆ। ਜਦੋਂ ਔਖਾ ਸਮਾਂ ਆਉਂਦਾ ਹੈ ਤਾਂ ਬ੍ਰਿਟਿਸ਼ ਕੋਲੰਬੀਆ ਦੇ ਲੋਕ ਇੱਕ ਦੂਜੇ ਲਈ ਖੜ੍ਹੇ ਹੁੰਦੇ ਹਨ।
“ਸਾਡੀ ਸਰਕਾਰ ਵੀ ਤੁਹਾਡੀ ਮਦਦ ਲਈ ਮੌਜੂਦ ਹੈ।
“ਅਸੀਂ ਉਹਨਾਂ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਬਹੁਤ ਤਰੱਕੀ ਕੀਤੀ ਹੈ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ, ਅਤੇ ਅਸੀਂ ਇਸ ਸਿਲਸਿਲੇ ਨੂੰ ਅਗਲੇ ਸਾਲ ਵੀ ਜਾਰੀ ਰੱਖਾਂਗੇ।
“ਵਿਸ਼ਵ-ਭਰ ਦੀ ਮਹਿੰਗਾਈ ਅਤੇ ਵੱਧਦੀਆਂ ਵਿਆਜ ਦਰਾਂ ਕਾਰਨ ਵੱਧ ਰਹੇ ਰਹਿਣ-ਸਹਿਣ ਦੇ ਖਰਚਿਆਂ ਲਈ ਲੋਕ ਥੋੜ੍ਹੀ ਮਦਦ ਚਾਹੁੰਦੇ ਹਨ। ਇਸਦੇ ਜਵਾਬ ਵਿੱਚ ਇਸ ਸਾਲ ਸਾਡੀ ਸਰਕਾਰ ਨੇ ਗਰਭ ਨਿਰੋਧਕ ਮੁਫ਼ਤ ਬਣਾਏ, ਚਾਈਲਡ ਕੇਅਰ (ਬਾਲ ਸੰਭਾਲ) ਫੀਸਾਂ ਨੂੰ ਘਟਾਇਆ, ਬੀ ਸੀ ਫੈਮਿਲੀ ਬੈਨਿਫ਼ਿਟ ਨੂੰ ਸਥਾਈ ਤੌਰ ‘ਤੇ ਵਧਾਇਆ, ਮਿਨਿਮਮ ਵੇਜ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਵਿੱਚ ਵਾਧਾ ਕੀਤਾ, ਬੀ ਸੀ ਹਾਇਡਰੋ ਵਿਖੇ ਹੀਟਿੰਗ ਦੀਆਂ ਲਾਗਤਾਂ ਨੂੰ ਇੱਕ ਕੀਮਤ ‘ਤੇ ਨਿਰਧਾਰਿਤ ਕੀਤਾ, ਸਕੂਲ ਵਿੱਚ ਬੱਚਿਆਂ ਲਈ ਮੁਫ਼ਤ ਨਾਸ਼ਤੇ ਦੀ ਪੇਸ਼ਕਸ਼ ਕੀਤੀ ਅਤੇ ਕਿਰਾਏ ਵਿੱਚ ਵਾਧੇ ਦੀ ਸੀਮਾ ਨੂੰ ਮਹਿੰਗਾਈ ਦਰ ਤੋਂ ਥੱਲੇ ਰੱਖਿਆ।
“ਲੋਕ ਇੱਕ ਅਜਿਹੀ ਕਮਿਊਨਿਟੀ ਵਿੱਚ ਇੱਕ ਵਧੀਆ ਘਰ ਚਾਹੁੰਦੇ ਹਨ ਜਿਸ ਨੂੰ ਉਹ ਪਸੰਦ ਕਰਦੇ ਹਨ। 2023 ਵਿੱਚ, ਸਾਡੀ ਸਰਕਾਰ ਨੇ ਹਜ਼ਾਰਾਂ ਕਿਫ਼ਾਇਤੀ ਘਰ ਉਪਲਬਧ ਕਰਵਾਏ ਅਤੇ ਵਿਧਾਨ ਦਾ ਇੱਕ ਇਤਿਹਾਸਿਕ ਅਤੇ ਪਰਿਵਰਤਨਸ਼ੀਲ ਪੈਕੇਜ ਪਾਸ ਕੀਤਾ ਜੋ ਇੱਕ ਪੀੜੀ ਦੀ ਤਬਦੀਲੀ ਨੂੰ ਦਰਸਾਉਂਦਾ ਹੈ ਅਤੇ ਅਗਲੇ ਦਹਾਕੇ ਵਿੱਚ ਸੈਂਕੜੇ ਹਜ਼ਾਰਾਂ ਹੋਰ ਘਰ ਉਪਲਬਧ ਕਰਵਾਉਣ ਦੀ ਉਮੀਦ ਪੈਦਾ ਕਰਦਾ ਹੈ।
“ਲੋਕ ਆਪਣੇ ਘਰ ਦੇ ਨੇੜੇ ਉੱਚ-ਗੁਣਵੱਤਾ ਵਾਲੀ ਸਿਹਤ ਸੰਭਾਲ ਤੱਕ ਪਹੁੰਚ ਚਾਹੁੰਦੇ ਹਨ। ਅਸੀਂ ਇਸ ਸਾਲ ਹਜ਼ਾਰਾਂ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ-ਸੰਭਾਲ ਪੇਸ਼ੇਵਰਾਂ ਨੂੰ ਆਪਣੇ ਕਾਰਜਬਲ ਵਿੱਚ ਸ਼ਾਮਲ ਕਰਕੇ ਲੋਕਾਂ ਲਈ ਇਸਨੂੰ ਅਸਾਨ ਬਣਾ ਦਿੱਤਾ ਹੈ; ਨਵੇਂ ਹਸਪਤਾਲਾਂ ਅਤੇ ਕੈਂਸਰ ਸੈਂਟਰਾਂ ‘ਤੇ ਕੰਮ ਜਾਰੀ ਰੱਖਿਆ ਹੈ; ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਿਆ ਪ੍ਰਾਪਤ ਸਿਹਤ-ਸੰਭਾਲ ਕਾਮਿਆਂ ਲਈ ਇੱਥੇ ਰਹਿਣਾ ਅਤੇ ਕੰਮ ਕਰਨਾ ਅਸਾਨ ਬਣਾਇਆ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਹਾਲੇ ਵੀ ਕਰਨ ਲਈ ਹੋਰ ਬਹੁਤ ਕੰਮ ਬਾਕੀ ਹੈ।
“ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਅਤੇ ਪੋਤੇ-ਪੋਤੀਆਂ/ਦੋਹਤੇ-ਦੋਹਤੀਆਂ ਬੀ.ਸੀ. ਵਿੱਚ ਚੰਗੀ ਜ਼ਿੰਦਗੀ ਬਣਾਉਣ ਦੇ ਯੋਗ ਹੋਣ। ਇਸ ਸਾਲ, ਅਸੀਂ ਮਹਾਂਦੀਪ ‘ਤੇ ਸਭ ਤੋਂ ਮਜ਼ਬੂਤ ਜਲਵਾਯੂ ਐਕਸ਼ਨ ਪਲੈਨ ਨੂੰ ਲਾਗੂ ਕਰਨਾ ਜਾਰੀ ਰੱਖਿਆ ਅਤੇ ਵੱਡੇ ਸੂਬਿਆਂ ਵਿਚਕਾਰ ਕੈਨੇਡਾ ਦੀ ਮਹਾਂਮਾਰੀ ਤੋਂ ਬਾਅਦ ਦੀ ਮੁੜ-ਬਹਾਲੀ ਦੀ ਅਗਵਾਈ ਕੀਤੀ। ਬੀ.ਸੀ. ਨੇ 2023 ਵਿੱਚ 56,300 ਤੋਂ ਵੱਧ ਨੌਕਰੀਆਂ ਸ਼ਾਮਲ ਕੀਤੀਆਂ ਅਤੇ ਇੱਥੇ ਦੇਸ਼ ਵਿੱਚ ਸਭ ਤੋਂ ਵੱਧ ਤਨਖਾਹਾਂ ਅਤੇ ਸਭ ਤੋਂ ਘੱਟ ਵਿੱਚੋਂ ਇੱਕ ਬੇਰੁਜ਼ਗਾਰੀ ਦੀ ਦਰ ਰਹੀ। ਅਸੀਂ ਸਾਡੀ ਵੱਧ ਰਹੀ ਅਤੇ ਵਾਤਾਵਰਨ ਪੱਖੋਂ ਸਾਫ਼-ਸੁਥਰੀ ਆਰਥਿਕਤਾ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਲੋੜੀਂਦੇ ਹੁਨਰ ਸਿੱਖਣ ਵਿੱਚ ਮਦਦ ਕਰਨ ਲਈ ਸਾਡੇ ‘ਫਿਊਚਰ ਰੈਡੀ ਐਕਸ਼ਨ ਪਲੈਨ’ ਦੀ ਸ਼ੁਰੂਆਤ ਵੀ ਕੀਤੀ।
“ਲੋਕ ਇੱਕ ਨਿਰਪੱਖ, ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਵਿੱਚ ਵੀ ਰਹਿਣਾ ਚਾਹੁੰਦੇ ਹਨ। 2023 ਵਿੱਚ, ਅਸੀਂ ਅਜਿਹੀ ਅਰਥਪੂਰਨ ਅਤੇ ਲੰਮੇ ਸਮੇਂ ਤਕ ਚੱਲਣ ਵਾਲੀਆਂ ਭਾਈਵਾਲੀਆਂ ਬਣਾਉਣ ਲਈ ‘ਇੰਡੀਜਨਸ’ (ਮੂਲ ਨਿਵਾਸੀ) ਲੋਕਾਂ ਨਾਲ ਕੰਮ ਕਰਨਾ ਜਾਰੀ ਰੱਖਿਆ ਜੋ ਆਰਥਿਕ ਅਤੇ ਸਮਾਜਿਕ ਤੌਰ ‘ਤੇ ਸਾਰਿਆਂ ਲਈ ਫਾਇਦੇਮੰਦ ਹੋਣ। ਅਸੀਂ ਨਫ਼ਰਤ ਦੀਆਂ ਵਧਦੀਆਂ ਘਟਨਾਵਾਂ ਦੀ ਨਿੰਦਾ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਿਯੋਗ ਦੇਣ ਲਈ ਤੁਰੰਤ ਕਾਰਵਾਈ ਕੀਤੀ, ਤਨਖਾਹ ਵਿੱਚ ਲਿੰਗ ਅਧਾਰਤ ਅੰਤਰ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਕਦਮ ਚੁੱਕੇ ਅਤੇ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਤੱਕ ਵਧੇਰੇ ਬਰਾਬਰ ਪਹੁੰਚ ਬਣਾਉਣ ਲਈ ਨਸਲਵਾਦ-ਵਿਰੋਧੀ ਵਿਧਾਨ ਦਾ ਵਿਕਾਸ ਕਰਨਾ ਜਾਰੀ ਰੱਖਿਆ।
ਮੇਰੇ ਟੀਚਿਆਂ ਵਿੱਚ ਬੀ.ਸੀ. ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਖਤ ਮਿਹਨਤ ਕਰਨਾ ਅਤੇ ਇੱਕ ਅਜਿਹਾ ਪਤੀ ਅਤੇ ਪਿਤਾ ਬਣਨਾ ਜਾਰੀ ਰੱਖਣਾ ਸ਼ਾਮਲ ਹੈ ਜੋ ਆਪਣੇ ਪਰਿਵਾਰ ਲਈ ਮੌਜੂਦ ਹੈ ਅਤੇ ਸਹਾਇਕ ਹੈ। ਇਹ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ ਕਿਉਂਕਿ ਮੇਰੀ ਪਤਨੀ ਕੈਲੀ ਅਤੇ ਮੈਂ ਇਸ ਸਾਲ ਸਾਡੇ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸੁਆਗਤ ਕਰਨ ਵਾਲੇ ਹਾਂ ਅਤੇ ਇਸਦੇ ਲਈ ਉਤਸੁਕ ਹਾਂ। ਛੋਟੇ ਬੱਚਿਆਂ ਵਾਲੇ ਬਹੁਤ ਸਾਰੇ ਪਰਿਵਾਰਾਂ ਦੀ ਤਰ੍ਹਾਂ, ਅੱਜ ਰਾਤ ਅਸੀਂ ਵੀ ਈਸਟਰਨ ਟਾਈਮ ‘ਤੇ ਨਵਾਂ ਸਾਲ ਚੜ੍ਹਦੇ ਦੇਖਾਂਗੇ, ਕਿਉਂਕਿ ਆਪਣੀ ਨੀਂਦ ਪੂਰੀ ਕਰਨਾ ਹਮੇਸ਼ਾ ਇੱਕ ਚੰਗਾ ਫੈਸਲਾ ਹੁੰਦਾ ਹੈ – ਖਾਸ ਕਰਕੇ ਨਵੇਂ ਬੱਚੇ ਦੇ ਆਉਣ ਤੋਂ ਪਹਿਲਾਂ!
“ਮੈਂ ਬੀ.ਸੀ. ਵਿੱਚ ਹਰ ਕਿਸੇ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਆਉਣ ਵਾਲੇ ਇੱਕ ਸ਼ਾਨਦਾਰ 2024 ਦੀ ਕਾਮਨਾ ਕਰਦਾ ਹਾਂ!”