ਚੰਡੀਗੜ- ਸਿੱਖ ਇਤਿਹਾਸ ਦਾ ਹਰ ਪੰਨਾ ਹੀ ਇਸ ਧਰਮ ਦੇ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦੀਆਂ ਵੀਰ ਗਥਾਵਾਂ ਨਾਲ ਭਰਿਆ ਹੋਇਆ ਹੈ। ਕਮਾਲ ਦੀ ਗੱਲ ਹੈ ਕਿ ਸਿੱਖ ਗੁਰੂਆਂ ਨੇ ਆਪਣੇ ਸਿੱਖਾਂ ਨੂੰ ਕੁਰਬਾਨੀ ਦੇ ਰਾਹ ਤੋਰਨ ਤੋਂ ਪਹਿਲਾਂ ਇਸ ਕਾਰਜ ਲਈ ਆਪ ਮਿਸਾਲ ਪੇਸ਼ ਕੀਤੀ। ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਆਪਣੇ ਸਿੱਖਾਂ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਕਿ ਜੁਲਮ ਦਾ ਟਾਕਰ ਕਰਨ ਲਈ ਜਾਣ ਦੀ ਪਰਵਾਹ ਨਹੀਂ ਕੀਤੀ ਜਾਂਦੀ। ਉਹਨਾਂ ਤੋਂ ਬਾਅਦ ਨੋਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੇ ਧਾਰਮਿਕ ਅਕੀਦੇ ‘ ਤਿਲਕ, ਜੰਙੂ’ ਦੀ ਰਾਖੀ ਲਈ ਸ਼ਹੀਦ ਹੋ ਕੇ ਸਿੱਖ ਕੌਮ ਦੇ ਨਾਲ-ਨਾਲ ਬਾਕੀ ਧਰਮਾਂ ਦੇ ਪੈਰੋਕਾਰਾਂ ਅਤੇ ਆਗੂਆਂ ਨੂੰ ਇਕ ਨਵਾਂ ਰਾਹ ਦਿਖਾਇਆ ਕਿ ਜੁਲਮ ਕਿਸੇ ਨਾਲ ਵੀ ਹੋ ਰਿਹਾ ਹੋਵੇ, ਬਿਨਾਂ ਡਰੇ ਉਸ ਵਿਰੁੱਧ ਆਵਾਜ ਉਠਾਉਣਾ ਸਭ ਦਾ ਇਖਲਾਖੀ ਫਰਜ ਹੈ।
ਗੁਰੂ ਗੋਬਿੰਦ ਸਿੰਘ ਦੀ ਨੇ ਕੁਰਬਾਨੀਆਂ ਦੀ ਇਸ ਪ੍ਥਾ ਨੂੰ ਨਵੀਂ ਦਿਸ਼ਾ ਪ੍ਦਾਨ ਕਰਦੇ ਹੋਏ ਆਪਣੇ ਸਿੱਖਾਂ ਦੇ ਨਾਲ-ਨਾਲ ਆਪਣੇ ਚਾਰੋ ਸਾਹਿਬਜਾਦਿਆਂ ਨੂੰ ਵੀ ਸ਼ਹਾਦਤ ਦੇ ਰਾਹ ਤੇ ਤੋਰਿਆ।
ਚਾਰੋ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਪੇਸ਼ ਕਰਦਾ ਰਵਿੰਦਰ ਸਿੰਘ ਸੋਢੀ ਦਾ ਪ੍ਸਿਧ ਨਾਟਕ “ਸੂਰਾ ਸੋ ਪਹਿਚਾਨੀਐ” ਪਿਛਲੇ ਦਿਨੀ ਪੰਜਾਬੀ ਰੰਗ ਮੰਚ ਦੀ ਸਿਰਮੌਰ ਸੰਸਥਾ ਇੰਪੈਕਟ ਆਰਟਸ ਵੱਲੋਂ ਚੰਡੀਗੜ ਵਿਚ ਦੋ ਵਾਰ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਨਿਰਦੇਸ਼ਨ ਪੰਜਾਬੀ ਰੰਗ ਮੰਚ ਅਤੇ ਫਿਲਮਾਂ ਦੇ ਚਰਚਿਤ ਹਸਾਤਖਰ ਬਨਿੰਦਰਜੀਤ ਸਿੰਘ ਬੰਨੀ ਵੱਲੋਂ ਕੀਤਾ ਗਿਆ। ਇਸ ਨਾਟਕ ਦੀ ਪਹਿਲੀ ਪੇਸ਼ਕਾਰੀ 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ(ਸੈਕਟਰ 35) ਦੇ ਵਿਦਿਆਰਥੀਾਆਂ ਲਈ ਕੀਤੀ ਗਈ, ਜਿਸ ਦੀ ਪ੍ਧਾਨਗੀ ਪੰਜਾਬ ਦੇ ਸਾਬਕਾ ਵਿਦਿਆ ਮੰਤਰੀ ਅਤੇ ਅਕਾਲੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਦਲਜੀਤ ਸਿੰਘ ਚੀਮਾ ਨੇ ਕੀਤੀ। ਮੁੱਖ ਮਹਿਮਾਨ ਦਾ ਵਿਚਾਰ ਸੀ ਕਿ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਅਨੂਠੇ ਢੰਗ ਨਾਲ ਪੇਸ਼ ਕਰਦੇ ਅਜਿਹੇ ਨਾਟਕਾਂ ਦੀਆਂ ਜਿਆਦਾ ਤੋਂ ਜਿਆਦਾ ਪੇਸ਼ਕਾਰੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨ ਪੀੜੀ ਨੂੰ ਆਪਣੇ ਗੋਰਵਮਈ ਇਤਿਹਾਸ ਦੀ ਜਾਣਕਾਰੀ ਮਿਲ ਸਕੇ। ਉਹਨਾਂ ਨੇ ਨਾਟਕ ਦੇ ਸਾਰੇ ਕਲਾਕਾਰਾਂ ਦੀ ਇਸ ਗੱਲੋਂ ਭਰਭੂਰ ਪ੍ਸੰਸਾ ਕੀਤੀ ਕਿ ਉਹਨਾਂ ਨੇ ਬੜੀ ਮਿਹਨਤ ਅਤੇ ਲਗਣ ਨਾਲ ਕੰਮ ਕਰਕੇ ਦਰਸ਼ਕਾਂ ਨੂੰ ਆਪਣੀ ਕਲਾ ਨਾਲ ਮੰਤਰ ਮੁਗਧ ਕੀਤਾ ਹੈ। ਉਹਨਾਂ ਨੇ ਨਾਟਕ ਦੇ ਨਿਰਦੇਸ਼ਕ ਬਨਿੰਦਰਜੀਤ ਸਿੰਘ ਬੰਨੀ ਨੂੰ ਯਕੀਨ ਦੁਆਇਆ ਕਿ ਉਹ ਇਸ ਨਾਟਕ ਦੀਆਂ ਵੱਧ ਤੋਂ ਵੱਧ ਪੇਸ਼ਕਾਰੀਆਂ ਕਰਵਾਉਣ ਦੀ ਕੋਸ਼ਿਸ਼ ਕਰਨ ਗੇ। ਇਸੇ ਨਾਟਕ ਦੀ ਦੂਜੀ ਪੇਸ਼ਕਾਰੀ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ 29 ਦਸੰਬਰ ਨੂੰ ਪੰਜਾਬ ਕਲਾ ਭਵਨ ਚੰਡੀਗੜ ਦੇ ਰੰਧਾਵਾ ਆਡੀਟੋਰੀਅਮ ਵਿਚ ਕੀਤੀ ਗਈ। ਇਸ ਪੇਸ਼ਕਾਰੀ ਦੀ ਸਫਲਤਾ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਟਕ ਖਤਮ ਹੋਣ ਤੋਂ ਬਾਅਦ ਦਰਸ਼ਕਾਂ ਨੇ ਖੜੇ ਹੋ ਕੇ ਕਲਾਕਾਰਾਂ ਦਾ ਸਨਮਾਨ ਕੀਤਾ। ਕਈ ਦਰਸ਼ਕ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡਦੇ ਰਹੇ। ਕਈ ਦਰਸ਼ਕਾਂ ਦਾ ਵਿਚਾਰ ਸੀ ਕਿ ਨਾਟਕ ਵਿਚ ਭਾਵੇਂ ਉਸ ਸਮੇਂ ਦੀ ਮੁਗਲ ਹਕੂਮਤ ਦੇ ਆਹਲਾ ਅਫਸਰਾਂ ਦੀਆਂ ਬਦਇਖਲਾਕੀਆਂ ਨੂੰ ਪੇਸ਼ ਕੀਤਾ ਗਿਆ ਹੈ, ਪਰ ਨਾਟਕ ਵਿਚ ਕਿਤੇ ਵੀ ਇਸਲਾਮ ਧਰਮ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਿਆ ਗਿਆ। ਨਾਟਕ ਦੀਆਂ ਦੋ ਸੂਤਰਧਾਰ ਪਾਤਰਾਂ –ਸਰਹਿੰਦ ਅਤੇ ਚਮਕੌਰ ਸਾਹਿਬ ਦੀ ਧਰਤੀ ਨੇ ਵਧੀਆ ਢੰਗ ਨਾਲ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਰੂਪਮਾਨ ਕਰ ਦਿੱਤਾ। ਪਾਗਲ ਔਰਤ ਦੇ ਕਿਰਦਾਰ ਨੇ ਮੁਗਲ ਸਿਪਾਹੀਆਂ ਨੂੰ ਆਪਸੀ ਲੜਾਈ ਤੋਂ ਵਰਜਦਿਆਂ ਸੁਨੇਹਾ ਦਿੱਤਾ ਕਿ ਦੁਨੀਆਂ ਦਾ ਕੋਈ ਵੀ ਧਰਮ, ਧਰਮ ਦੇ ਅਧਾਰ ਤੇ ਦੂਜਿਆਂ ਤੇ ਜੁਲਮ ਕਰਨ ਦੀ ਇਜਾਜਤ ਨਹੀਂ ਦਿੰਦਾ। ਨਾਟਕ ਦੇ ਅੰਤ ਵਿਚ ਨੌਜਵਾਨ ਸਿੱਖ ਪੀੜੀ ਨੂੰ ਇਹ ਸੰਦੇਸ ਵੀ ਦਿੱਤਾ ਕਿ ਉਹ ਆਪਣੇ ਮਹਾਨ
ਧਰਮ ਦੀਆਂ ਰਵਾਇਤਾਂ ਨੂੰ ਅਪਣਾਉਣ। ਇਸ ਪੇਸ਼ਕਾਰੀ ਦੀ ਖਾਸ ਗੱਲ ਇਹ ਰਹੀ ਕਿ ਨਾਟਕ ਦੇ ਸਾਰੇ ਕਲਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਭਾਵਿਤ ਕੀਤਾ। ਕਮਲਦੀਪ ਕੌਰ, ਰਜਤ ਸਚਦੇਵਾ, ਇੰਦਰਜੀਤ ਸਿੰਘ, ਸ਼ਰਨ ਬਘਾਨੀਆਂ, ਸਮਨਿਤ ਸਿੰਘ, ਨੇਹਾ ਧੀਮਾਨ, ਅੰਮਰਿਤਪਾਲ ਸਿੰਘ, ਬਲਵਿੰਦਰ ਸਿੰਘ, ਸ਼ਿਵਮ ਸ਼ਰਮਾ, ਜਤਿਨ ਸਚਦੇਵਾ, ਅਜੇ ਚੌਧਰੀ, ਕੰਵਲ, ਦਾਨਿਸ਼, ਪਰਨੀਤ ਕੌਰ, ਕਰਿਸ਼ਨਾ ਅਤੇ ਰਵੀਤੇਜ ਸਿੰਘ ਨੇ ਵੱਖ-ਵੱਖ ਕਿਰਦਾਰ ਨਿਭਾਏ। ਨਾਟਕ ਦਾ ਸੰਗੀਤ ਪੁਸ਼ਪਿੰਦਪ ਬੱਗਾ ਨੇ ਤਿਆਰ ਕੀਤਾ। ਰੌਸ਼ਨੀ ਵਿਊਂਤਕਾਰੀ ਸੌਰਵ ਅਤੇ ਬਬਿਤ ਦੀ ਸੀ, ਕਲਾਕਾਰਾਂ ਦਾ
ਮੇਕਅੱਪ ਹਰਵਿੰਦਰ ਸਿੰਘ ਅਤੇ ਗੌਰਵ ਰਾਏ ਦਾ। ਨਾਟਕ ਲਈ ਪੁਸ਼ਾਕਾਂ ਤਿਆਰ ਕਰਨ ਦੀ ਜਿਮੇਵਾਪੀ ਰੁਪਿੰਦਰ ਕੌਰ ਅਤੇ ਸੁਮਿਤ ਸਵਾਮੀ ਨੇ ਬਾ ਖੂਬੀ ਨਿਭਾਈ। ਸਟੇਜ ਦੇ ਪਿੱਛੇ ਕੰਮ ਕਰਨ ਲਈ ਜਸ਼ਨਦੀਪ ਸਿੰਘ, ਚਰਨਜੀਤ ਸਿੰਘ, ਨਵੀਨ ਅਰੋੜਾ, ਨਵਦੀਪ ਸਿੰਘ ਅਤੇ ਭਵਸ਼ੀਲ ਸਾਹਨੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਤੋਂ ਪਹਿਲਾ ਵੀ ਇੰਪੈਕਟ ਆਰਟਸ ਵੱਲੋਂ “ਸੂਰਾ ਸੋ ਪਹਿਚਾਨੀਐ” ਨਾਟਕ ਦੀਆਂ ਕਈ ਪੇਸ਼ਕਾਰੀਆਂ ਕੀਤੀਆਂ ਜਾ ਚੁੱਕੀਆਂ ਹਨ।
(ਲੇਖਕ : ਰਵਿੰਦਰ ਸਿੰਘ ਸੋਢੀ – ਨਿਰਦੇਸ਼ਕ ਬਨਿੰਦਰਜੀਤ ਸਿੰਘ ਬੰਨੀ)