ਸਰੀ, 1 ਜਨਵਰੀ (ਹਰਦਮ ਮਾਨ)-ਬੀਤੇ ਦਿਨ ਵੈਨਕੂਵਰ ਵਿਚਾਰ ਮੰਚ ਵੱਲੋਂ ਉਰਦੂ ਅਤੇ ਫਾਰਸੀ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਗ਼ਾਲਿਬ ਦਾ ਜਨਮ ਦਿਨ ਮਨਾਇਆ ਗਿਆ। ਜਨਰਲ ਜਰਨੈਲ ਆਰਟ ਗੈਲਰੀ ਵਿੱਚ ਮੰਚ ਦੇ ਮੈਂਬਰਾਂ ਨੇ ਮਿਰਜ਼ਾ ਗ਼ਾਲਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਾਇਰੀ ਅਤੇ ਜੀਵਨ ਬਾਰੇ ਗੱਲਬਾਤ ਕੀਤੀ। ਜਗਜੀਤ ਸੰਧੂ ਨੇ ਮਿਰਜ਼ਾ ਗ਼ਾਲਿਬ ਦੇ ਜੀਵਨ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਿਰਜ਼ਾ ਗ਼ਾਲਿਬ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫਾਰਸੀ ਵਿੱਚ ਨਜ਼ਮ ਅਤੇ ਵਾਰਤਕ ਲਿਖਣੀ ਸ਼ੁਰੂ ਕਰ ਦਿੱਤੀ ਸੀ। ਬੇਸ਼ਕ ਉਨ੍ਹਾਂ ਦੇ ਫਾਰਸੀ ਭਾਸ਼ਾ ਵਿੱਚ ਛੇ ਕਾਵਿ ਸੰਗ੍ਰਹਿ ਛਪੇ ਹਨ ਪਰ ਉਹਨਾਂ ਦੀ ਪ੍ਰਸਿੱਧੀ ਉਹਨਾਂ ਦੇ ਉਰਦੂ ਸੰਗ੍ਰਹਿ ‘ਦੀਵਾਨ-ਇ-ਗ਼ਾਲਿਬ’ ਨਾਲ ਹੋਈ। ਉਹਨਾਂ ਵੱਲੋਂ ਆਪਣੇ ਬੇਬਾਕ ਅੰਦਾਜ਼ ਵਿੱਚ ਲਿਖੇ ਪੱਤਰ ਅੱਜ ਵੀ ਸਾਹਿਤ ਦਾ ਬੇਸ਼ਕੀਮਤੀ ਸਰਮਾਇਆ ਹਨ। ਗ਼ਾਲਿਬ ਸਾਹਿਬ ਨੇ ਬੇਸ਼ਕ ਸਾਰੀ ਉਮਰ ਫਾਕਿਆਂ ਵਿਚ ਹੀ ਬਸਰ ਕੀਤੀ ਪਰ ਉਹਨਾਂ ਦੀ ਤਬੀਅਤ ਵਿੱਚ ਜਿੰਦਾਦਿਲੀ ਹਮੇਸ਼ਾ ਧੜਕਦੀ ਰਹੀ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਗ਼ਾਲਿਬ ਨੇ ਗ਼ਜ਼ਲ ਨੂੰ ਜਾਮ ਸੁਰਾਹੀਆਂ ਵਿੱਚੋਂ ਬਾਹਰ ਕੱਢਿਆ। ਉਹ ਇਕੱਲੇ ਉਰਦੂ ਦੇ ਹੀ ਨਹੀਂ ਫਾਰਸੀ ਦੇ ਵੀ ਉੱਚਕੋਟੀ ਦੇ ਸ਼ਾਇਰ ਸਨ। ਉਹਨਾਂ ਗ਼ਜ਼ਲ ਵਿੱਚ ਬੇਹਦ ਨਾਮਨਾ ਖੱਟਿਆ। ਗ਼ਾਲਿਬ ਦੇ ਬੇਹੱਦ ਪ੍ਰਸੰਸਕ ਸ. ਸੇਖਾ ਨੇ ਦੱਸਿਆ ਕਿ ਜਦੋਂ ਕਦੇ ਉਹ ਬਹੁਤ ਮਾਯੂਸ ਹੁੰਦੇ ਹਨ ਤਾਂ ਉਹ ਆਪਣੀ ਲਾਇਬਰੇਰੀ ਵਿੱਚੋਂ ਗ਼ਾਲਿਬ ਸਾਹਿਬ ਦਾ ਦੀਵਾਨ ਚੁੱਕ ਕੇ ਪੜ੍ਹਨ ਲੱਗ ਜਾਂਦੇ ਹਨ। ਪ੍ਰਸਿੱਧ ਸ਼ਾਇਰ ਅਜਮੇਰ ਰੋਡੇ ਨੇ ਕਿਹਾ ਕਿ ਗ਼ਾਲਿਬ ਦੀ ਮਹਾਨਤਾ ਇਸ ਕਰ ਕੇ ਵੀ ਹੈ ਕਿ ਉਨ੍ਹਾਂ ਦੀ ਸ਼ਾਇਰੀ ਨੇ ਅਨੇਕ ਲੋਕਾਂ ਨੂੰ ਸਕੂਨ ਦਿੱਤਾ। ਉਨ੍ਹਾਂ ਦਾ ਅੰਦਾਜ਼ੇ-ਬਿਆਂ ਉਨ੍ਹਾਂ ਦੀ ਸ਼ਾਹਿਰੀ ਦਾ ਵੱਡਾ ਗੁਣ ਸੀ।
ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗ਼ਾਲਿਬ ਹੋਰਾਂ ਨੇ ਆਪਣੀ ਸ਼ਾਇਰੀ ਵਿੱਚ ਸਾਰੀ ਦੁਨੀਆ ਸਮੋਈ ਹੋਈ ਸੀ। ਉਨ੍ਹਾਂ ਨੇ ਆਪਣੀ ਗ਼ਜ਼ਲ ਵਿੱਚ ਜ਼ਿੰਦਗੀ ਦੇ ਹਰ ਖੇਤਰ, ਹਰ ਮਸਲੇ ਨੂੰ ਬੇਹੱਦ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ। ਏਹੀ ਉਹਨਾਂ ਦਾ ਵੱਡਾ ਹਾਸਲ ਹੈ ਅਤੇ ਅੱਜ ਵੀ ਉਨ੍ਹਾਂ ਦੇ ਸ਼ਿਅਰ ਹਰ ਮਹਿਫ਼ਿਲ ਦਾ ਸ਼ਿੰਗਾਰ ਬਣਦੇ ਹਨ। ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਹਰਦਮ ਸਿੰਘ ਮਾਨ ਅਤੇ ਅੰਗਰੇਜ਼ ਬਰਾੜ ਨੇ ਵੀ ਆਪਣੇ ਲਫ਼ਜ਼ਾਂ ਰਾਹੀਂ ਉਰਦੂ ਅਤੇ ਫਾਰਸੀ ਦੇ ਨਾਮਵਰ ਸ਼ਾਇਰ ਮਿਰਜ਼ਾ ਗ਼ਾਲਿਬ ਨੂੰ ਯਾਦ ਕੀਤਾ।