Headlines

ਯੂਕੇ ਵੱਲੋਂ ਸਖਤ ਕੌਮਾਂਤਰੀ ਵਿਦਿਆਰਥੀ ਵੀਜ਼ਾ ਨੇਮ ਲਾਗੂ

ਪਰਿਵਾਰਕ ਮੈਂਬਰਾਂ ਨੂੰ ਨਹੀ ਲਿਆ ਸਕਣਗੇ ਵਿਦਿਆਰਥੀ-

ਲੰਡਨ-

ਬਰਤਾਨੀਆ ਵੱਲੋਂ ਸਖਤ ਕੌਮਾਂਤਰੀ ਵਿਦਿਆਰਥੀ ਵੀਜ਼ਾ ਨੇਮ ਲਾਗੂ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਤਹਿਤ ਇਸ ਮਹੀਨੇ ਬਰਤਾਨਵੀ ਯੂਨੀਵਰਸਿਟੀਆਂ ’ਚ ਪੜ੍ਹਾਈ ਸ਼ੁਰੂ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਸਮੇਤ ਕੌਮਾਂਤਰੀ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਲਿਆ ਸਕਣਗੇ। ਬਰਤਾਨੀਆ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਦਾ ਮਕਸਦ ਬਰਤਾਨੀਆ ’ਚ ਕੰਮ ਕਰਨ ਲਈ ਪਿਛਲੇ ਦਰਵਾਜ਼ੇ ਵਜੋਂ ਵਿਦਿਆਰਥੀ ਵੀਜ਼ੇ ਦੀ ਵਰਤੋਂ ਕਰਨ ਵਾਲੇ ਲੋਕਾਂ ’ਤੇ ਰੋਕ ਲਾਉਣੀ ਹੈ ਅਤੇ ਅਨੁਮਾਨ ਹੈ ਕਿ 1,40,000 ਘੱਟ ਲੋਕ ਬਰਤਾਨੀਆ ਆਉਣਗੇ। ਇਨ੍ਹਾਂ ਨੇਮਾਂ ਦਾ ਐਲਾਨ ਸਾਬਕਾ ਗ੍ਰਹਿ ਸਕੱਤਰ ਸੁਏਲਾ ਬਰੇਵਰਮੈਨ ਨੇ ਪਿਛਲੇ ਸਾਲ ਮਈ ’ਚ ਕੀਤਾ ਸੀ।

ਗ੍ਰਹਿ ਸਕੱਤਰ ਜੇਸਮ ਕਲੈਵਰਲੀ ਨੇ ਦੱਸਿਆ ਕਿ ਵਿਦਿਆਰਥੀ ਵੀਜ਼ਿਆਂ ਦੀ ਵਰਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਲਿਆਉਣ ਲਈ ਕੀਤੀ ਜਾ ਰਹੀ ਹੈ ਜਿਸ ਕਾਰਨ ਇੱਥੇ ਪਰਵਾਸੀਆਂ ਦੀ ਗਿਣਤੀ 2019 ਮਗਰੋਂ 930 ਫੀਸਦ ਤੱਕ ਵਧ ਗਈ ਹੈ। ਕਲੈਵਰਲੀ ਨੇ ਕਿਹਾ, ‘ਸਰਕਾਰ ਬਰਤਾਨੀਆ ’ਚ ਪਰਵਾਸੀਆਂ ਦੀ ਗਿਣਤੀ ਘਟਾਉਣ ਸਬੰਧੀ ਆਪਣੀ ਪ੍ਰਤੀਬੱਧਤਾ ਨਿਭਾਉਣ ਲਈ ਕੰਮ ਕਰ ਰਹੀ ਹੈ। ਪਰਵਾਸੀਆਂ ਦੀ ਗਿਣਤੀ ਘਟਾਉਣ, ਸਾਡੀਆਂ ਸਰਹੱਦਾਂ ਨੂੰ ਕੰਟਰੋਲ ਕਰਨ ਅਤੇ ਲੋਕਾਂ ਨੂੰ ਸਾਡੇ ਪਰਵਾਸ ਨਿਯਮਾਂ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਅਸੀਂ ਸਖਤ ਯੋਜਨਾ ਤਿਆਰ ਕੀਤੀ ਹੈ।

ਬਰਤਾਨੀਆ ਦੇ ਕੌਮੀ ਅੰਕੜਾ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਤੰਬਰ 2023 ਦੇ ਅਖੀਰ ਤੱਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਲਈ 1,52,980 ਵੀਜ਼ੇ ਜਾਰੀ ਕੀਤੇ ਗਏ ਹਨ ਜਦਕਿ ਸਤੰਬਰ 2019 ਦੇ ਅਖੀਰ ਤੱਕ ਇਨ੍ਹਾਂ ਵੀਜ਼ਿਆਂ ਦੀ ਗਿਣਤੀ ਸਿਰਫ਼ 14,839 ਸੀ।