ਵਿਕਟੋਰੀਆ-ਬ੍ਰਿਟਿਸ਼ ਕੋਲੰਬੀਆ ਵਿਚ ਦਸੰਬਰ ਮਹੀਨਾ ਗਰਮ ਰਿਹਾ ਹੈ | ਸੂਬੇ ਦੀਆਂ ਪੰਜ ਕਮਿਊਨਿਟੀਆਂ ਵਿਚ ਮਹੀਨੇ ਦਾ ਤਾਪਮਾਨ ਇਕੋ ਜਿਹਾ ਦਰਜ ਕੀਤਾ ਗਿਆ ਜਦਕਿ ਬਾਰਸ਼ ਜਾਂ ਬਰਫਬਾਰੀ ਦੀ ਘਾਟ ਨਾਲ ਗਰਮ ਮੌਸਮ ਨੇ ਸੌਕੇ ਦੀ ਚਲ ਰਹੀਆਂ ਚਿੰਤਾਵਾਂ ਨੂੰ ਘੱਟ ਕਰਨ ਲਈ ਬਹੁਤ ਘੱਟ ਕੰਮ ਕੀਤਾ ਹੈ| ਮੌਸਮ ਵਿਗਿਆਨੀ ਬਰਾਇਨ ਪ੍ਰੋਕਟਰ ਨੇ ਦੱਸਿਆ ਕਿ ਪਿਛਲੇ ਮਹੀਨੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਤਾਪਮਾਨ 1939 ਵਿਚ ਦਰਜ ਤਾਪਮਾਨ ਦੇ ਬਰਾਬਰ 7 ਡਿਗਰੀ ਸੈਲਸੀਅਸ ਸੀ| 1896 ਵਿਚ ਜਦੋਂ ਤੋਂ ਮੌਸਮ ਦੇ ਅੰਕੜੇ ਇਕੱਤਰ ਕਰਨੇ ਸ਼ੁਰੂ ਕੀਤੇ ਹਨ ਉਸ ਸਮੇਂ ਤੋਂ ਸ਼ਹਿਰ ਵਿਚ ਦਸੰਬਰ ਦਾ ਮਹੀਨਾ ਸਭ ਤੋਂ ਗਰਮ ਰਿਹਾ ਹੈ| ਇਸ ਦਾ ਮਤਲਬ ਦਸੰਬਰ ਮਹੀਨੇ ਆਮ ਸਮਝੇ ਜਾਂਦੇ ਮੌਸਮ ਨਾਲੋਂ ਤਾਪਮਾਨ 3.4 ਡਿਗਰੀ ਵਧ ਰਿਹਾ ਹੈ| ਦਸੰਬਰ ਦਾ ਮਹੀਨਾ ਖੁਸ਼ਕ ਰਿਹਾ ਹੈ ਜਿਸ ਦਾ ਮਤਲਬ ਬਹੁਤੀ ਵਰਖਾ ਜਾਂ ਬਰਫਬਾਰੀ ਨਹੀਂ ਹੋਈ ਜਿਸ ਨਾਲ ਸੂਬੇ ਵਿਚ ਸੌਕੇ ਦੀਆਂ ਚਿੰਤਾਵਾਂ ਘੱਟ ਸਕਣ| ਪ੍ਰੋਕਟਰ ਨੇ ਦੱਸਿਆ ਕਿ ਉਚੇਰੇ ਇਲਾਕਿਆਂ ਵਿਚ ਸੰਭਾਵਤ ਬਰਫਬਾਰੀ ਨਾਲ ਜਨਵਰੀ ਦਾ ਪਹਿਲਾ ਸਾਰਾ ਹਫ਼ਤਾ ਠੰਢਾ ਰਹਿਣ ਦੀ ਆਸ ਹੈ| ਪਹਾੜੀ ਸਥਾਨ ਵਿਸਲਰ ਵਿਚ ਬਹੁਤ ਥੋੜੀ ਬਰਫਬਾਰੀ ਨੇ ਸੈਲਾਨੀਆਂ ਨੂੰ ਨਿਰਾਸ਼ ਕੀਤਾ ਹੈ।