Headlines

ਐਡਮਿੰਟਨ ਪੁਲਿਸ ਵਲੋਂ ਜਬਰੀ ਵਸੂਲੀ ਤੇ ਅਗਜਨੀ ਮਾਮਲਿਆਂ ਵਿਚ 6 ਨੌਜਵਾਨ ਫੜੇ

ਜਬਰੀ ਵਸੂਲੀ ਤੇ ਧਮਕੀਆਂ ਦੀਆਂ ਘਟਨਾਵਾਂ ਦਾ ਦਾਇਰਾ ਐਡਮਿੰਟਨ ਤੱਕ ਪੁੱਜਾ-

ਐਡਮਿੰਟਨ- ਕੈਨੇਡਾ ਦੇ ਮੈਟਰੋਪਾਲੀਟਨ ਸਿਟੀ ਟੋਰਾਂਟੋ ਅਤੇ ਵੈਨਕੂਵਰ ਤੋਂ ਬਾਦ ਹੁਣ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਚ ਵੀ ਕਾਰੋਬਾਰੀ ਲੋਕਾਂ  ਨੂੰ ਫਿਰੌਤੀ ਲਈ ਧਮਕੀ ਪੱਤਰ, ਫੋਨ ਕਾਲਾਂ ਦੇ ਨਾਲ ਕਾਰੋਬਾਰੀਆਂ ਨੂੰ ਡਰਾਉਣ ਲਈ ਗੋਲੀਆਂ ਚਲਾਉਣ, ਘਰਾਂ ਨੂੰ ਅੱਗਾਂ ਲਗਾਉਣ ਤੇ ਹੋਰ ਜਾਇਦਾਦਾਂ ਨੂੰ ਨੁਕਸਾਨ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਐਡਮਿੰਟਨ ਪੁਲਿਸ ਨੇ ਪਿਛਲੇ ਕੁਝ ਦਿਨਾਂ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਸਬੰਧ ਵਿਚ ਕੁਝ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਲੋਕਾਂ ਤੋਂ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ ਹੈ।

ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀ ਇਸ ਵੇਲੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਜਬਰਨ ਵਸੂਲੀ ਦੀਆਂ 18 ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀਆਂ ਨੇ ਵਟਸਐਪ ਦੀ ਵਰਤੋਂ ਕਰਕੇ ਕੈਨੇਡਾ ਵਿਚ ਵਸਦੇ ਸਾਊਥ ਏਸ਼ੀਅਨ ਵਪਾਰਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੇ ਉਹ ਪੀੜਤਾਂ ਨੂੰ ਟੈਕਸਟ ਜਾਂ ਕਾਲ ਕਰਦੇ ਸਨ ਅਤੇ ਪੈਸੇ ਦੀ ਮੰਗ ਕਰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ, ਸ਼ੱਕੀਆਂ ਨੂੰ ਪੀੜਤ ਦੀ ਨਿੱਜੀ ਜਾਣਕਾਰੀ, ਜਿਵੇਂ ਕਿ ਪਰਿਵਾਰਕ ਮੈਂਬਰ, ਵਾਹਨ ਅਤੇ ਉਹਨਾਂ ਦੇ ਰੋਜ਼ਾਨਾ ਦੇ ਕਾਰ ਵਿਹਾਰ ਦੀ ਜਾਣਕਾਰੀ ਸੀ। ਪੁਲਿਸ ਨੇ ਪਾਇਆ ਕਿ ਜਦੋਂ ਕੋਈ ਕਾਰੋਬਾਰੀ ਜਬਰੀ ਰਕਮ ਦਾ ਭੁਗਤਾਨ ਨਹੀ ਕਰਦੇ ਤਾਂ ਇਸਦੇ ਨਤੀਜੇ ਵਜੋਂ ਉਹਨਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ  ਅੱਗ ਲੱਗਾਈ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦਾ ਮਕਸਦ ਡਰਾਉਣਾ ਤੇ ਜਬਰੀ ਵਸੂਲੀ ਲਈ ਦਬਾਅ ਪਾਉਣਾ ਹੈ।
ਪੁਲਿਸ ਵਲੋਂ ਗੋਲੀਬਾਰੀ ਅਤੇ ਅੱਗਜ਼ਨੀ ਦੇ ਮਾਮਲੇ ਵਿਚ ਛੇ ਵਿਅਕਤੀਆਂ ‘ਤੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।
ਇੱਕ 20 ਸਾਲਾ ਨੌਜਵਾਨ ਨੂੰ 19 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਸ ਨੂੰ ਹਥਿਆਰਾਂ ਨਾਲ ਸਬੰਧਤ 12 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
19 ਦਸੰਬਰ ਨੂੰ ਦੋ 18-ਸਾਲ ਅਤੇ ਇੱਕ 19-ਸਾਲ ਦੇ ਨੌਜਵਾਨ ‘ਤੇ ਅੱਗਜ਼ਨੀ ਨਾਲ ਸਬੰਧਤ ਦੋਸ਼ ਲਾਏ ਗਏ ਸਨ।
30 ਦਸੰਬਰ ਨੂੰ ਇੱਕ 19 ਸਾਲਾ ਨੌਜਵਾਨ ‘ਤੇ ਵੀ ਹਥਿਆਰਾਂ ਨਾਲ ਸਬੰਧਤ ਪੰਜ ਦੋਸ਼ ਲਾਏ ਗਏ ਸਨ।

ਫੜੇ ਗਏ ਨੌਜਵਾਨਾਂ  ਵਿਚ 20 ਸਾਲਾ ਪਰਮਿੰਦਰ ਸਿੰਘ , 18 ਸਾਲਾ ਹਸਨ ਡੈਂਬਿਲ, ਮਾਨਵ ਹੀਰ, ਰਵਿੰਦਰ ਸੰਧੂ ਤੇ  ਅਰਜੁਨ ਸਾਹਨਨ ਤੇ ਇਕ ਅਣਪਛਾਤਾ ਨੌਜਵਾਨ ਜੋ ਸਾਰੇ 18-19 ਸਾਲ ਦੇ ਨੌਜਵਾਨ ਹਨ, ਸ਼ਾਮਿਲ ਦੱਸੇ ਜਾਂਦੇ ਹਨ।