Headlines

ਐਨ ਆਰ ਆਈ ਸਭਾ ਪੰਜਾਬ ਦੀ ਚੋਣ ਵਿਚ ਪਰਵਿੰਦਰ ਕੌਰ ਪ੍ਰਧਾਨ ਬਣੀ

23 ਹਜ਼ਾਰ ਵੋਟਰਾਂ ਵਿੱਚੋਂ ਸਿਰਫ਼ 168 ਵੋਟਾਂ ਹੀ ਭੁਗਤੀਆਂ-

ਜਲੰਧਰ ( ਅਨੁਪਿੰਦਰ ਸਿੰਘ)-

ਐੱਨ ਆਰ ਆਈ ਸਭਾ ਪੰਜਾਬ ਦੇ ਨਵੇਂ ਪ੍ਰਧਾਨ ਦੀ ਚੋਣ ਦੌਰਾਨ ਬੀਬੀ ਪਰਵਿੰਦਰ ਕੌਰ ਜੇਤੂ ਰਹੀ ਜਦੋਂਕਿ ਮੁੱਖ ਵਿਰੋਧੀ ਉਮੀਦਵਾਰ ਜਸਬੀਰ ਸਿੰਘ ਗਿੱਲ ਨੇ ਵੋਟਾਂ ਵਿਚ ਧੋਖਾਧੜੀ ਦੇ ਦੋਸ਼ ਲਗਾਉਂਦਿਆਂ ਸਭਾ ਦੇ ਬਾਹਰ ਧਰਨਾ ਲਗਾ ਦਿੱਤਾ। ਸਭਾ ਦੇ ਕੁੱਲ 23 ਹਜ਼ਾਰ 600 ਐੱਨ ਆਰ ਆਈ ਵੋਟਰਾਂ ਵਿੱਚੋਂ ਸਿਰਫ਼ 168 ਵੋਟਰ ਹੀ ਵੋਟ ਪਾਉਣ ਪੁੱਜੇ । ਨਤੀਜਾ ਆਉਣ ਤੋਂ ਪਹਿਲਾਂ ਕਮਲਜੀਤ ਹੇਅਰ, ਜਸਬੀਰ ਗਿੱਲ ਅਤੇ ਪਰਵਿੰਦਰ ਕੌਰ ਦੇ ਨਾਂ ਪ੍ਰਧਾਨ ਬਣਨ ਦੀ ਦੌੜ ਵਿੱਚ ਸ਼ਾਮਲ ਸਨ। ਸ਼ਾਮ ਕਰੀਬ 6 ਵਜੇ ਐਲਾਨੇ ਨਤੀਜੇ ਤਹਿਤ ਪਰਵਿੰਦਰ ਕੌਰ ਨੂੰ ਜੇਤੂ ਐਲਾਨਿਆ ਗਿਆ। ਪਰਵਿੰਦਰ ਕੌਰ ਕਰੀਬ 147 ਵੋਟਾਂ ਨਾਲ ਜੇਤੂ ਰਹੀ ਜਦੋਂਕਿ ਉਨ੍ਹਾਂ ਦੇ ਵਿਰੋਧੀ ਗਿੱਲ ਨੂੰ ਸਿਰਫ਼ 12 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਸੱਤ ਵੋਟਾਂ ਰੱਦ ਕਰ ਦਿੱਤੀਆਂ ਗਈਆਂ।

ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋਈ। ਇਹ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ਾਮ ਕਰੀਬ 6 ਵਜੇ ਨਵੇਂ ਸਭਾ ਦੇ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ। ਬਾਅਦ ਦੁਪਹਿਰ ਵੋਟਿੰਗ ਦੌਰਾਨ ਹੰਗਾਮਾ ਵੀ ਹੋਇਆ। ਜਸਬੀਰ ਸਿੰਘ ਗਿੱਲ ਸਾਥੀਆਂ ਸਣੇ ਐੱਨਆਰਆਈ ਸਭਾ ਦੇ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਮਿਲੀਭੁਗਤ ਨਾਲ ਚੋਣ ਪ੍ਰਕਿਰਿਆ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਸਿਰਫ਼ ਉਹੀ ਵੋਟਾਂ ਪਾਈਆਂ ਜਾ ਰਹੀਆਂ ਹਨ, ਜੋ ਜਲੰਧਰ ਨਾਲ ਸਬੰਧਤ ਹਨ। ਗਿੱਲ ਧੜੇ ਨੇ ਵੀ ਚੋਣਾਂ ਦੌਰਾਨ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਵੋਟਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਲਾਈਫਟਾਈਮ ਮੈਂਬਰਸ਼ਿਪ ਹੈ ਪਰ ਫਿਰ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਸਮੇਂ ਪਾਸਪੋਰਟ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪਿੰਡਾਂ ਤੋਂ ਆਏ ਵੋਟਰ ਵੋਟ ਪਾਉਣ ਤੋਂ ਵਾਂਝੇ ਰਹਿ ਗਏ।