Headlines

ਸੰਪਾਦਕੀ-ਕੌਣ ਨੇ ਇਹ ਅੱਲੜ ਉਮਰ ਦੇ ਗੈਂਗਸਟਰ……?

ਕੈਨੇਡਾ ਵਿਚ ਜਬਰੀ ਵਸੂਲੀ,ਗੋਲੀਬਾਰੀ ਤੇ ਅਗ਼ਜਨੀ ਦੀਆਂ ਵਾਰਦਾਤਾਂ..

-ਸੁਖਵਿੰਦਰ ਸਿੰਘ ਚੋਹਲਾ-

ਕੈਨੇਡਾ ਵਿਚ ਜਿਥੇ ਇਕ ਪਾਸੇ ਮਹਿੰਗਾਈ ਤੇ ਆਰਥਿਕ ਮੰਦੀ ਕਾਰਣ ਆਮ ਲੋਕਾਂ ਦਾ ਜਿਊਣਾ ਦੁਸ਼ਵਾਰ ਹੋਇਆ ਪਿਆ ਹੈ, ਉਥੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ, ਧਮਕੀਆਂ, ਗੋਲੀਬਾਰੀ ਤੇ ਅਗਜ਼ਨੀ ਦੀਆਂ ਘਟਨਾਵਾਂ ਨੇ ਸਹਿਮ ਦੇ ਛਾਏ ਹੇਠ ਜਿਉਣ ਲਈ ਮਜਬੂਰ ਕਰ ਛੱਡਿਆ ਹੈ। ਆਮ ਲੋਕਾਂ ਨੂੰ ਮਹਿੰਗਾਈ ਤੇ ਹੋਰ ਆਰਥਿਕ ਤੰਗੀਆਂ ਤੋ ਰਾਹਤ ਦਿਵਾਉਣ ਵਿਚ ਸਰਕਾਰ ਦੀ ਅਸਫਲਤਾ ਵਾਂਗ ਸੁਰੱਖਿਆ ਏਜੰਸੀਆਂ ਕਾਰੋਬਾਰੀਆਂ ਨੂੰ ਉਹਨਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਜਾਮਨੀ ਦੇਣ ਤੋਂ ਅਸਮਰਥ ਦਿਖਾਈ ਦੇ ਰਹੀਆਂ ਹਨ। ਜਬਰੀ ਵਸੂਲੀ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਬੀ ਸੀ ਤੇ ਓਨਟਾਰੀਓ ਦੇ ਮੈਟਰੋ ਸ਼ਹਿਰਾਂ ਤੋਂ ਅੱਗੇ ਅਲਬਰਟਾ ਦੇ ਹੋਰ ਨਿੱਕੇ ਸ਼ਹਿਰਾਂ ਤੱਕ ਫੈਲ ਜਾਣ ਉਪਰੰਤ ਕਾਰੋਬਾਰੀਆਂ ਵਿਚ ਡਰ ਤੇ ਭੈਅ ਦਾ ਮਾਹੌਲ ਸਪੱਸ਼ਟ ਹੈ। ਪਿਛਲੇ ਦਿਨੀਂ ਬਰੈਂਪਟਨ ਵਿਚ ਇਕ ਕਾਰੋਬਾਰੀ ਉਪਰ ਗੋਲੀਆਂ ਚਲਾਉਣ ਅਤੇ ਸਰੀ ਦੇ ਗਿਲਫੋਰਡ ਏਰੀਏ ਵਿਚ ਗੋਲੀਬਾਰੀ ਕਰਨ ਵਾਲੇ ਗੈਂਗਸਟਰਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਨੇ ਜਿਥੇ ਕੁਝ ਰਾਹਤ ਪ੍ਰਦਾਨ ਕੀਤੀ ਉਥੇ ਗੈਂਗਸਟਰਾਂ ਨੂੰ ਮੁਢਲੀ ਜਾਂਚ ਪੜਤਾਲ ਉਪਰੰਤ ਰਿਹਾਅ ਕਰ ਦਿੱਤੇ ਜਾਣ ਦੀ ਖਬਰ ਨੇ ਨਿਰਾਸ਼ਾ ਵਾਲਾ ਮਾਹੌਲ ਬਣਾ ਦਿੱਤਾ।

ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਇਹਨਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ ਪਰ ਨਰਮ ਕਨੂੰਨਾਂ ਦੇ ਦਾਇਰੇ ਵਿਚ ਬੱਝੇ ਹੋਣ ਕਾਰਣ ਜਾਂਚ ਪੜਤਾਲ ਵਿਚ ਦੇਰੀ ਕਾਰਵਾਈ ਦਾ ਹਿੱਸਾ ਹੈ। ਪਿਛਲੇ ਦਿਨੀਂ ਬੀਸੀ ਦੇ ਅਟਾਰਨੀ ਜਰਨਲ ਤੇ ਜਨਤਕ ਸੁਰੱਖਿਆ ਮੰਤਰੀ ਨੇ ਇਕ ਬਾਕਾਇਦਾ ਬਿਆਨ ਰਾਹੀਂ ਇਹਨਾਂ ਘਟਨਾਵਾਂ ਉਪਰ ਚਿੰਤਾ ਪ੍ਰਗਟ ਕਰਦਿਆਂ ਕਾਰੋਬਾਰੀਆਂ ਨੂੰ ਅਜਿਹੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਦਿਆਂ ਤੁਰੰਤ ਪੁਲਿਸ ਤੱਕ ਪਹੁੰਚ ਬਣਾਉਣ ਲਈ ਕਿਹਾ ਹੈ।

ਕਾਰੋਬਾਰੀਆਂ ਤੋ ਜਬਰੀ ਵਸੂਲੀ ਲਈ ਫੋਨ ਕਾਲਾਂ ਤੇ ਧਮਕੀ ਪੱਤਰਾਂ ਤੋ ਸ਼ੁਰੂ ਹੋਈਆਂ ਘਟਨਾਵਾਂ ਹੁਣ ਘਰਾਂ ਉਪਰ ਗੋਲੀਬਾਰੀ ਤੇ ਅਗਜਨੀ ਦੀਆਂ ਦਹਿਲਾ ਦੇਣ ਵਾਲੀਆਂ ਵਾਰਦਾਤਾਂ ਵਿਚ ਤਬਦੀਲ ਹੋ ਗਈਆਂ ਹਨ। ਵਾਈਟ ਰੌਕ ਵਿਚ ਇਕ ਕਾਰੋਬਾਰੀ ਦੇ ਘਰ ਉਪਰ ਗੋਲੀਬਾਰੀ ਦੀ ਘਟਨਾ ਉਪਰੰਤ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਚ ਗੈਂਗਸਟਰਾਂ ਵਲੋਂ ਕਾਰੋਬਾਰੀਆਂ ਦੇ ਘਰਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੇ ਜੋ ਸੱਚ ਉਜਾਗਰ ਕੀਤਾ ਹੈ, ਉਹ ਕੈਨੇਡਾ ਵਿਚ ਇੰਡੋ -ਕੈਨੇਡੀਅਨ ਭਾਈਚਾਰੇ ਲਈ ਵੱਡੀ ਸ਼ਰਮਸ਼ਾਰੀ ਤੇ ਬਦਨਾਮੀ ਦਾ ਵੀ ਸਬੱਬ  ਹੈ। ਐਡਮਿੰਟਨ ਪੁਲਿਸ ਵਲੋਂ ਅਗਜ਼ਨੀ ਦੀ ਇਕ ਤਾਜਾ ਘਟਨਾ ਨਾਲ ਸਬੰਧਿਤ ਜਾਰੀ ਕੀਤੀ ਇਕ ਵੀਡੀਓ ਫੁਟੇਜ ਵਿਚ 18-19 ਸਾਲ ਦੇ ਇਕ ਨੌਜਵਾਨ ਦੀ ਤਸਵੀਰ ਆਪਾ-ਚੀਨਣ ਵਾਲੀ ਹੈ।

ਪੁਲਿਸ ਮੁਤਾਬਿਕ ਜਬਰੀ ਵਸੂਲੀ, ਗੋਲੀਬਾਰੀ ਤੇ ਅਗਜ਼ਨੀ ਦੀਆਂ ਘਟਨਾਵਾਂ ਨਾਲ ਸਬੰਧਿਤ 18 ਮਾਮਲਿਆਂ ਦੀ ਜਾਂਚ ਚੱਲ ਰਹੀ ਹੈ| ਐਡਮਿੰਟਨ ਪੁਲਿਸ ਨੇ ਗੋਲੀਬਾਰੀ ਅਤੇ ਅਗਜ਼ਨੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਹੁਣ ਤੱਕ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹਨਾਂ ਵਿਚ  20 ਸਾਲਾ ਨੌਜਵਾਨ ਪਰਮਿੰਦਰ ਸਿੰਘ ਸ਼ਾਮਿਲ ਹੈ ਜੋ ਸ਼ਹਿਰ ਵਿਚ ਇਕ ਘਰ ਵਿਖੇ 19 ਅਕਤੂਬਰ ਨੂੰ ਹੋਈ ਗੋਲੀਬਾਰੀ ਦੇ ਸਬੰਧ ਵਿਚ 12 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ| ਗ੍ਰਿਫਤਾਰ ਕੀਤੇ ਦੂਸਰੇ ਨੌਜਵਾਨਾਂ ਵਿਚ  18 ਸਾਲਾ ਹਸਨ ਡੈਮਬਿਲ, 18 ਸਾਲਾ ਮਾਨਵ ਹੀਰ, 19 ਸਾਲਾ ਰਵਿੰਦਰ ਸੰਧੂ  ਤੇ 19 ਸਾਲਾ ਅਰਜਨ  ਸਾਹਨਨ ਸ਼ਾਮਿਲ ਹੈ ਜਿਨ੍ਹਾਂ ’ਤੇ  ਇਕ ਘਰ ਨੂੰ ਅੱਗ ਲਗਾਉਣ ਤੇ ਗੋਲੀਬਾਰੀ ਨਾਲ ਸਬੰਧਤ ਦੋਸ਼ ਲਗਾਏ ਗਏ ਹਨ | ਪੁਲਿਸ ਵਲੋਂ ਫੜੇ ਗਏ ਅੱਲੜ ਉਮਰ ਦੇ ਨੌਜਵਾਨਾਂ ਦੇ ਨਾਵਾਂ ਤੋਂ ਸਪੱਸ਼ਟ ਹੈ ਕਿ ਇਹ ਕਿਸ ਭਾਈਚਾਰੇ ਨਾਲ ਸਬੰਧਿਤ ਹਨ। ਬਰੈਂਪਟਨ ਵਿਚ ਕਾਰੋਬਾਰੀ ਦੇ ਬਿਜਨੈਸ ਉਪਰ ਗੋਲੀਬਾਰੀ ਕਰਨ ਵਾਲਾ ਤੇ ਕਲੋਵਰਡੇਲ ਵਿਚ ਫੜੇ ਗਏ ਦੋਵੇਂ ਨੌਜਵਾਨ ( ਉਪਨਾਵਾਂ ਵਜੋਂ ) ਵੀ ਇੰਡੋ ਕੈਨੇਡੀਅਨ ਭਾਈਚਾਰੇ ਨਾਲ ਸਬੰਧਿਤ ਹਨ। ਪੁਲਿਸ ਨੇ ਇਹਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਉਪਰੰਤ ਇਹ ਸਪੱਸ਼ਟ ਕੀਤਾ ਹੈ ਕਿ ਇਹਨਾਂ ਕੋਲ ਕਾਰੋਬਾਰੀਆਂ ਦੀ ਨਿੱਜੀ ਜਾਣਕਾਰੀ ਜਿਵੇ ਪਰਿਵਾਰਕ ਮੈਂਬਰਾਂ, ਮੋਟਰ ਗੱਡੀਆਂ, ਉਹਨਾਂ ਦੇ ਆਉਣ ਜਾਣ ਤੇ ਜੀਵਨ ਸ਼ੈਲੀ ਬਾਰੇ ਪੂਰੀ ਜਾਣਕਾਰੀ ਸੀ। ਇਹ ਸਭ ਜਾਣਕਾਰੀ ਹੁੰਦਿਆਂ ਹੀ ਉਹਨਾਂ ਵਲੋਂ ਜਬਰੀ ਵਸੂਲੀ ਲਈ ਦਬਾਅ ਪਾਉਣ ਤੇ ਡਰਾਉਣ ਲਈ ਜਾਇਦਾਦਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।

ਐਬਟਸਫੋਰਡ ਪੁਲਿਸ ਦੇ ਇਕ ਅੰਦਰੂਨੀ ਮੀਮੋ ਮੁਤਾਬਿਕ ਜਬਰੀ ਵਸੂਲੀ ਵਾਲੇ ਸ਼ੱਕੀ ਗੈਂਗਸਟਰ ਭਾਰਤ ਦੀ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਜੁੜੇ ਹੋ ਸਕਦੇ ਹਨ| ਕੈਨੇਡਾ ਵਿਚ ਇਹਨਾਂ ਦਾ ਮੁੱਖ ਸਰਗਨਾ ਗੋਲਡੀ ਬਰਾੜ ਦੱਸਿਆ ਗਿਆ ਹੈ ਜਿਸਨੇ ਮਈ 2022 ਵਿਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ| ਭਾਰਤ ਸਰਕਾਰ ਨੇ ਇਕ ਤਾਜਾ ਸੂਚਨਾ ਵਿਚ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਹੈ| ਕਲੋਵਰਡੇਲ ਅਤੇ ਐਡਮਿੰਟਨ ਵਿਚ ਫੜੇ ਗਏ ਗੈਂਗਸਟਰਾਂ ਤੋਂ ਇਹ ਸਪੱਸ਼ਟ ਹੈ ਕਿ ਸਾਰੇ ਗੈਂਗਸਟਰ ਸਾਉਥ ਏਸ਼ੀਅਨ ਭਾਈਚਾਰੇ ਨਾਲ ਸਬੰਧਿਤ ਹਨ ਤੇ ਉਹਨਾਂ ਵਲੋਂ ਜਬਰੀ ਵਸੂਲੀ ਲਈ ਨਿਸ਼ਾਨਾ ਵੀ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ। ਜਬਰੀ ਵਸੂਲੀ ਲਈ 2-2 ਮਿਲੀਅਨ ਤੱਕ ਦੀ ਰਕਮ ਨੂੰ ਦੋ ਕੁ ਲੱਖ ਦੀ ਰਕਮ ਸਮਝਕੇ ਮੰਗਣ ਵਾਲੇ ਗੈਂਗਸਟਰ ਸ਼ਾਇਦ ਇਹ ਨਹੀ ਜਾਣਦੇ ਕਿ ਕੈਨੇਡੀਅਨ ਕਾਰੋਬਾਰੀ ਤੇ ਦੂਸਰੇ ਮੁਲਕ ਦੇ ਕਾਰੋਬਾਰੀਆਂ ਵਿਚ ਕਿੰਨਾ ਅੰਤਰ ਹੈ। ਕੈਨੇਡੀਅਨ ਕਾਰੋਬਾਰੀ ਨਿੱਕੇ ਨਿੱਕੇ ਕੰਮਾਂ ਤੋਂ ਸ਼ੁਰੂ ਹੋਕੇ ਆਪਣੀ ਮਿਹਨਤ ਤੇ ਸਿਰੜ ਨਾਲ ਇਕ ਲੰਬੀ ਜਦੋਜਹਿਦ ਬਾਦ ਕਿਸੇ ਮੁਕਾਮ ਤੇ ਪੁੱਜੇ ਹਨ।  ਉਹ ਆਪਣੇ ਕਾਰੋਬਾਰਾਂ ਉਪਰ ਅੱਜ ਵੀ ਤਨਖਾਹਦਾਰ ਕਾਮਿਆਂ ਵਾਂਗ ਉਪਜੀਵਕਾ ਕਮਾਉਂਦੇ ਹਨ ਜਿਹਨਾਂ ਲਈ ਆਪਣੀ ਮਿਹਨਤ ਦੀ ਕਮਾਈ ਚੋ ਗੁੰਡਾ ਟੈਕਸ ਭਰਨਾ ਇਤਨਾ ਆਸਾਨ ਨਹੀਂ।

ਇਥੇ ਸਮਝਣ ਦੀ ਲੋੜ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਇਕ ਫਿਰਕੇ ਜਾਂ ਭਾਈਚਾਰੇ ਨਾਲ ਜੋੜਨਾ ਵੀ ਠੀਕ ਨਹੀ। ਗੈਂਗਸਟਰ ਕੈਨੇਡੀਅਨ ਜੰਮਪਲ ਹੈ ਜਾਂ ਕਿਸੇ ਹੋਰ ਮੁਲਕ ਤੋਂ ਆਇਆ ਪਰਵਾਸੀ। ਉਸਦਾ ਅਪਰਾਧਿਕ ਪਿਛੋਕੜ ਸ਼ਾਂਤੀਪਸੰਦ ਸਮਾਜ ਲਈ ਖਤਰਨਾਕ ਹੈ। ਅਜਿਹੇ ਅਨਸਰਾਂ ਖਿਲਾਫ ਸਖਤ ਕਨੂੰਨੀ ਕਾਰਵਾਈ ਦੇ ਨਾਲ ਇਮੀਗ੍ਰੇਸ਼ਨ ਲਈ ਸੁਰੱਖਿਆ ਨੇਮਾਂ ਦਾ ਮੁਲਾਂਕਣ ਕਰਨਾ ਵੀ ਲਾਜ਼ਮੀ ਹੈ। ਅਮਨ ਕਨੂੰਨ ਦੀ ਬੇਹਤਰ ਹਾਲਤ ਲਈ ਸਰਕਾਰ ਤੇ ਸੁਰੱਖਿਆ ਏਜੰਸੀਆਂ ਨੂੰ ਜਵਾਬਦੇਹ ਬਣਾਉਣ ਦੀ ਥਾਂ ਕਿਸੇ ਇਕ ਵਿਸ਼ੇਸ਼ ਭਾਈਚਾਰੇ ਦੀ ਪਛਾਣ ਤੋਂ ਅਲਹਿਦਾ ਹੋਣ ਦੀ ਮੁਹਿੰਮ ਚਲਾਉਣਾ ਮਸਲੇ ਦਾ ਹੱਲ ਨਹੀ। ਅਪਰਾਧ ਮੁਕਤ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਸਮਾਜ ਦੇ ਹਰ ਵਰਗ ਵਲੋਂ ਆਪਣੀਆਂ ਜਿੰਮਵਾਰੀਆਂ ਨੂੰ ਪਛਾਣਨ ਦੀ ਲੋੜ ਹੈ।