ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਕਲਾਕਾਰ,ਖਿਡਾਰੀ ਤੇ ਪੱਤਰਕਾਰ ਲੋਕ ਸਮਾਜ ਦੇ ਸਾਂਝੇ ਹੁੰਦੇ ਹਨ ਕਿਉਂਕਿ ਇਹਨਾਂ ਲੋਕਾਂ ਲਈ ਸਾਰੀ ਦੁਨੀਆਂ ਇੱਕ ਸਮਾਨ ਹੈ ਸਭ ਧਰਮ ਇੱਕ ਹੈ ਤੇ ਇਹ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਮਾਜ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਆਪਣੇ ਵਿਚਰਨ ਵਾਲੇ ਖੇਤਰਾਂ ਵਿੱਚ ਦਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ,ਲੇਖਕ,ਗੀਤਕਾਰ ਤੇ ਗਾਇਕ ਜਨਾਬ ਦੇਬੀ ਮਖ਼ਸੂਸਪੁਰੀ ਨੇ ਇੱਕ ਵਿਸੇ਼ਸ ਮੁਲਾਕਾਤ ਦੌਰਾਨ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਆਗੂ ਨਾਲ ਕਰਦਿਆਂ ਕਿਹਾ ਕਿ ਜਿਹਨਾਂ ਲੋਕਾਂ ਨੂੰ ਸਾਰੀ ਦੁਨੀਆਂ ਤੇ ਸਮਾਜ ਸਤਿਕਾਰ ਦਾ ਉਹਨਾਂ ਲੋਕਾਂ ਦੀ ਵੀ ਸਮਾਜ ਪ੍ਰਤੀ ਜਿੰਮੇਵਾਰੀ ਦੋਹਰੀ ਹੋ ਜਾਂਦੀ ਹੈ ਕਿ ਸਾਰੇ ਵਰਗਾਂ ਦੇ ਸਤਿਕਾਰ ਹਿੱਤ ਹੀ ਆਪਣਾ ਕਦਮ,ਕਲਮ ਤੇ ਬੋਲ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਨ।ਜੇਕਰ ਉਹ ਕਿਸੇ ਇੱਕ ਸਮਾਜ ਦੀਆਂ ਭਾਵਨਾਵਾਂ ਨੂੰ ਅਣਗੋਲਿਆ ਕਰ ਕਿਸੇ ਵੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ ਤਾਂ ਇਹ ਉਹ ਆਪਣੇ ਹੁਨੰਰ,ਕਲਾ ਤੇ ਸਖ਼ਸੀਅਤ ਨਾਲ ਇਨਸਾਫ਼ ਨਹੀ ਕਰ ਰਹੇ ਹੁੰਦੇ।ਕਲਾਕਾਰ,ਖਿਡਾਰੀ ਤੇ ਪੱਤਰਕਾਰ ਤਾਂ ਲੋਕਾਂ ਦੇ ਮਾਰਗ ਦਰਸ਼ਕ ਹੁੰਦੇ ਹਨ ਆਮ ਲੋਕ ਉਹਨਾਂ ਉਪੱਰ ਅੱਖਾਂ ਬੰਦ ਕਰ ਯਕੀਨ ਕਰਦੇ ਹਨ ਅਜਿਹੇ ਵਿੱਚ ਇਹਨਾਂ ਸਖ਼ਸਾਂ ਵੱਲੋਂ ਜਾਣਬੁੱਝ ਕਿ ਕੀਤੀ ਜਾ ਰਹੀ ਊਣਤਾਣ ਉਹ ਚਾਹੇ ਧਰਮ ਜਾਂ ਸਮਾਜ ਦੇ ਖਿਲਾਫ਼ ਹੋਵੇ ਜਾਂ ਕਿਸੇ ਦੀ ਆਸਥਾ ਦੇ ਵਿਰੁੱਧ ਉਸ ਨੂੰ ਸਾਡਾ ਸਮਾਜ ਬਹੁਤ ਘੱਟ ਮਾਫ਼ ਕਰਦਾ ਹੈ ਤੇ ਸਮਾਂ ਆਉਣ ਤੇ ਕੁਤਾਹੀ ਵਰਤਣ ਵਾਲੇ ਸਖ਼ਸਾਂ ਨੂੰ ਸਮਾਜ ਦੀ ਨਰਾਜ਼ਗੀ ਦਾ ਖਮਿਆਜਾ ਭੁਗਤਣਾ ਜ਼ਰੂਰ ਪੈਂਦਾ।ਇਸ ਮੌਕੇ ਦੇਬੀ ਮਖ਼ਸੂਸਪੁਰੀ ਨੇ ਇਹ ਵੀ ਕਿਹਾ ਕਿ ਸਮਾਜ ਵੱਲੋਂ ਸਤਿਕਾਰਤ ਸਖ਼ਸੀਅਤਾਂ ਦਾ ਕੰਮ ਸਮਾਜ ਜੋੜਨਾ ਹੈ ਜਿਸ ਲਈ ਸਭ ਨੂੰ ਸੁਹਿਰਦ ਹੋ ਇਮਾਨਦਾਰੀ ਨਾਲ ਸਮਾਜ ਦੀਆਂ ਉਮੀਦਾਂ ਅਨੁਸਾਰ ਲੱਗੇ ਰਹਿਣਾ ਚਾਹੀਦਾ ਹੈ।
ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ-ਦੇਬੀ ਮਖਸੂਸਪੁਰੀ
