Headlines

ਗੁਰੂ ਘਰਾਂ ਦੇ ਪ੍ਰਬੰਧ ਅਤੇ ਸਿੱਖੀ ਦੇ ਪ੍ਰਚਾਰ ਲਈ ਕਕਾਰ ਅਤੇ ਕਿਰਦਾਰ, ਦੋਵੇਂ ਜ਼ਰੂਰੀ

ਡਾ. ਗੁਰਵਿੰਦਰ ਸਿੰਘ-
   ਇਨੀਂ ਦਿਨੀਂ ਇੱਕ ਮਸਲਾ ਬੜਾ ਭਖਿਆ ਹੋਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ  ਸ਼ਰਾਬ ਦਾ ਸੇਵਨ ਕਰਨ ਵਾਲੇ ਜਾਂ ਸਿੱਖੀ ਸਰੂਪ ਤੋਂ ਮੁਨਕਰ ਵਿਅਕਤੀ ਪ੍ਰਬੰਧਕ ਹੋ ਸਕਦੇ ਹਨ ਜਾਂ ਨਹੀ। ਵੈਸੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਗੱਲ ਕਰੀਏ ਤਾਂ ਇਹਨਾਂ ਸਵਾਲਾਂ ਦਾ ਸਪੱਸ਼ਟ ਉੱਤਰ ‘ਨਹੀਂ’ ਵਿੱਚ ਹੈ। ਦਰਅਸਲ ਇਹ ਮਸਲਾ ਕੋਈ ਨਵਾਂ ਨਹੀਂ ਹੈ। ਕੈਨੇਡਾ ਦੀ ਗੱਲ ਕਰੀਏ, ਤਾਂ ਕੈਨੇਡਾ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਕ ਨੰਗੇ ਸਿਰ ਵੀ ਵਿਚਰਦੇ ਰਹੇ ਹਨ। ਬੇਸ਼ੱਕ ਉਸ ਵੇਲੇ ਵੀ ਇਸ ਗੱਲ ਦਾ ਵਿਰੋਧ ਹੁੰਦਾ ਰਿਹਾ ਸੀ, ਪਰ ਕੁਝ ‘ਅੜੀਅਲ ਕਿਸਮ ਦੇ ਕੱਟੜ ਵਿਅਕਤੀ’ ਜ਼ਿਦ ਕਰਕੇ ਗੁਰਦੁਆਰੇ ਵਿੱਚ ਨੰਗੇ ਸਿਰ ਜਾਂਦੇ ਸਨ। ਇਥੋਂ ਤੱਕ ਕਿ ਜਦੋਂ ਕੈਨੇਡਾ ਦੀ ਧਰਤੀ ‘ਤੇ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਆਇਆ, ਤਾਂ ਉਸ ਵੇਲੇ ਉਹ ਵੀ ਨੰਗੇ ਸਿਰ ਗੁਰਦੁਆਰੇ ਵਿੱਚ ਦਾਖਲ ਹੋਇਆ, ਹਾਲਾਂ ਕਿ ਭਾਰਤ ਵਿੱਚ ਉਹ ਗੁਰਦੁਆਰੇ ਦੀ ਮਰਿਆਦਾ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਗੁਰਦੁਆਰੇ ਸਿਰ ਢੱਕ ਕੇ ਜਾਈਦਾ ਹੈ, ਨੰਗੇ ਸਿਰ ਨਹੀਂ।
        ਉਸ ਤੋਂ ਬਾਅਦ ਜਦੋਂ 70ਵਿਆਂ ਵਿੱਚ ਕੈਨੇਡਾ, ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ, ਉਹ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੋਸ ਸਟਰੀਟ ਵੈਨਕੂਵਰ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ, ਤਾਂ ਤਸਵੀਰਾਂ ਵਿੱਚ ਉਸ ਦੇ ਨਾਲ ਦੇ ਨੰਗੇ ਸਿਰ ਨਜ਼ਰ ਆ ਰਹੇ ਸਨ, ਹਾਲਾਂ ਕਿ ਉਸਨੇ ਸਿਰ ਢਕਿਆ ਹੋਇਆ ਸੀ। ਉਸ ਤੋਂ ਬਾਅਦ ਦਾ ਸਮਾਂ ਆਇਆ, ਜਦੋਂ ਲੋਅਰ ਮੇਨ ਲੈਂਡ ਸਮੇਤ ਕਈ ਗੁਰਦੁਆਰਿਆਂ ਦੇ ਪ੍ਰਬੰਧਕ ਸ਼ਰਾਬ ਪੀਣ ਵਾਲੇ ਅਤੇ ਸਿੱਖੀ ਸਰੂਪ ਤੋਂ ਮੁਨਕਰ ਕਾਬਜ ਰਹੇ। ਹੌਲੀ-ਹੌਲੀ ਸਿੱਖੀ ਪ੍ਰਚਾਰ ਦਾ ਵਧਦਾ ਪ੍ਰਭਾਵ ਅਤੇ ਪੰਜਾਬ ਤੋਂ ਆ ਰਹੇ ਇਮੀਗਰੈਂਟਸ ਦਾ ਫੈਲਾਅ ਅਜਿਹਾ ਬਣਿਆ ਕਿ ਸਿੱਖੀ ਸਰੂਪ ਵਾਲੇ ਅਤੇ ਮੁਕੰਮਲ ਕਕਾਰਾਂ ਵਾਲੇ ਸਿੱਖ ਨੌਜਵਾਨ ਇਸ ਪ੍ਰਬੰਧ ਵਿੱਚ ਆਏ। ਕਈ ਪੁਰਾਣਿਆਂ ਨੇ ਉਨਾਂ ਵਿਰੁੱਧ ਇਹ ਭੰਡੀ ਪ੍ਰਚਾਰ ਕੀਤਾ ਗੁਰਦੁਆਰਿਆਂ ‘ਤੇ ‘ਖਾਲਿਸਤਾਨੀ’ ਕਾਬਜ਼ ਹੋ ਗਏ ਤੇ ਇਹ ਕੱਟੜਵਾਦੀ ਸਿੱਖ ਹਨ। ਇਉਂ ‘ਅਖੌਤੀ ਅਗਾਂਹ ਵਧੂ ਨੰਗੇ ਸਿਰ ਵਾਲਿਆਂ’ ਨੇ ਸਿੱਖੀ ਸਿਧਾਂਤਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਖਰਕਰ ਮਜਬੂਰ ਹੋ ਕੇ, ਸਿਰ ਢੱਕ ਕੇ ਹੀ ਗੁਰਦੁਆਰਾ ਸਾਹਿਬ ਆਉਣ ਦਾ ਸਿੱਖੀ ਸਿਧਾਂਤ, ਵਿਰੋਧੀ ਸੋਚ ਵਾਲਿਆਂ ਨੂੰ ਵੀ ਕਬੂਲਣਾ ਹੀ ਪਿਆ।
      ਦੂਜੇ ਪਾਸੇ ਕਕਾਰ ਪਹਿਨਣ ਦੇ ਬਾਵਜੂਦ, ਸਿੱਖੀ ਸਿਧਾਂਤਾਂ ਨੂੰ ਸੱਟ ਮਾਰਨ ਵਾਲੇ ਧੜੇ ਦੀ ਗੱਲ ਕਰੀਏ, ਤਾਂ ਇਹ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਕੁਝ ਅਖੌਤੀ ਡੇਰੇਦਾਰਾਂ ਅਤੇ ਪ੍ਰਚਾਰਕਾਂ ਦੀਆਂ ਪਿਛਲੇ ਸਮੇਂ ਤੇ ਹੁਣ ਵੀ, ‘ਅਖੌਤੀ ਭਗਵਿਆਂ ਨਾਗਪੁਰੀਏ ਪਖੰਡੀਆਂ’ ਦੇ ਪੈਰਾਂ ਚ ਡਿੱਗ ਰਹੇ ਰਹਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਮਿਲ ਰਹੀਆਂ ਹਨ, ਜਿਨਾਂ ਦੇ ਕਕਾਰ ਤਾਂ ਪਹਿਨੇ ਹੋਏ ਹਨ, ਪਰ ਕਿਰਦਾਰ ਪੱਖੋਂ ਸ਼ਰਮਨਾਕ ਕਰਤੂਤਾਂ ਹਨ, ਜੋ ਕਿ ਅਤ ਨਿੰਦਣ ਯੋਗ ਹੈ। ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਇਹਨਾਂ ਬਹੁਰੂਪੀਆਂ ਆੜ ਵਿੱਚ, ਸ਼ਰਾਬ ਦਾ ਸੇਵਨ ਕਰਨ ਜਾਂ ਸਿੱਖੀ ਸਰੂਪ ਤੋਂ ਮੁਨਕਰ ਲੋਕਾਂ ਨੂੰ ਪ੍ਰਬੰਧ ਵਿੱਚ ਲਿਆਉਣ ਵਾਲੇ, ਸਿੱਖੀ ਦੇ ਦੁਸ਼ਮਣ ਇਹ ਦਾਅਵਾ ਕਰਦੇ ਹਨ ਕਿ ਜੇ ਇਹੋ-ਜਿਹੇ ਹੀ ਕਕਾਰਾਂ ਵਾਲੇ ਹਨ, ਤਾਂ ਇਹਨਾਂ ਨਾਲੋਂ ਚੰਗਾ ਕਿ ਬਿਨਾਂ ਕਕਾਰਾਂ ਵਾਲੇ ਹੀ ਪ੍ਰਬੰਧ ਵਿੱਚ ਆ ਜਾਣ।
       ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ। ਸਿੱਖੀ ਸਿਧਾਂਤ ਦਾ ਧਾਰਨੀ ਪ੍ਰਬੰਧਕ ਅਤੇ ਪ੍ਰਚਾਰਕ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਲਈ ਲਾਇਕ ਹੈ, ਜਿਸ ਦਾ ਜੀਵਨ ਕਿਰਦਾਰ ਪੱਖੋਂ ਤਾਂ ਮਹਾਨ ਅਤੇ ਉੱਚਾ ਹੋਵੇ ਹੀ, ਪਰ ਨਾਲੋ-ਨਾਲ ਉਹ ਕਕਾਰਾਂ ਦਾ ਧਾਰਨੀ ਵੀ ਹੋਵੇ। ਉਸਦੇ ਹਿਰਦੇ ਵਿੱਚ ਬਾਣੀ ਹੋਵੇ ਅਤੇ ਉਹ ਬਾਣੇ ਵਿੱਚ ਵੀ ਸੰਪੂਰਨ ਹੋਵੇ। ਸਵਾਲ ਇਹ ਉਠਦਾ ਹੈ ਕਿ ਜੇਕਰ ਗੁਰਦੁਆਰੇ ਦਾ ਪ੍ਰਬੰਧਕ ਖੁਦ ਸ਼ਰਾਬੀ ਹੈ ਜਾਂ ਸਿੱਖੀ ਸਰੂਪ ਤੋਂ ਮੁਨਕਰ ਹੈ, ਕੀ ਉਹ ਅੰਮ੍ਰਿਤ ਸੰਚਾਰ ਦੀ ਅਤੇ ਸਿੱਖੀ ਪ੍ਰਚਾਰ ਦੀ ਗੱਲ ਕਰ ਸਕੇਗਾ? ਹਰਗਿਜ਼ ਨਹੀਂ। ਜਿਹੜੀਆਂ ਤਾਕਤਾਂ ਗੁਰਦੁਆਰਿਆਂ ਵਿੱਚ ਮੁੜ ਸ਼ਰਾਬੀ-ਕਬਾਬੀ ਅਤੇ ਸਿੱਖੀ ਸਰੂਪ ਤੋਂ ਮੁਨਕਰ ਤਾਕਤਾਂ ਨੂੰ ਕਾਬਜ਼ ਕਰਨਾ ਚਾਹੁੰਦੀਆਂ ਹਨ, ਉਹਨਾਂ ਨੂੰ ਅਸਫਲ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਕਕਾਰ ਸਜਾਉਣ ਵਾਲੇ ਲੋਕਾਂ ਦਾ ਕਿਰਦਾਰ ਹੀ ਇਨਾ ਉੱਚਾ ਹੋਵੇ ਕਿ ਉਹਨਾਂ ‘ਤੇ ਸਵਾਲ ਨਾ ਉੱਠ ਸਕੇ। ਕੋਈ ਦਸਮੇਸ਼ ਪਿਤਾ ਦੇ ਬਖਸ਼ੇ ਹੋਏ ਕਕਾਰ ਪਹਿਨ ਕੇ ਕਿਸੇ ਭਗਵੇਂ ਦੇ ਪੈਰਾਂ ‘ਚ ਨਾ ਡਿੱਗੇ। ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜ ਕੇ, ਕਿਸੇ ਹੋਰ ਮਨਮੱਤ ਨਾਲ ਨਾ ਜੋੜੇ।
        ਸਿੱਖ ਦਾ ਇੱਕੋ ਹੀ ਜੁਗੋ ਜੁਗ ਅਟੱਲ ਗੁਰੂ ਹੈ : ਗੁਰੂ ਗ੍ਰੰਥ ਸਾਹਿਬ। ਜੋ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਕਿਸੇ ਹੋਰ ਨਾਲ ਜੋੜਦਾ ਹੈ ਜਾਂ ਕਕਾਰ ਪਹਿਨ ਕੇ ਕਿਸੇ ਅਖੌਤੀ ਦੇਹਧਾਰੀ ਦੇ ਪੈਰਾਂ ‘ਚ ਡਿੱਗਦਾ ਹੈ, ਉਹ ਸਿੱਖੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਕਰਕੇ ਅੰਦਰਲੀਆਂ ਤੇ ਬਾਹਰਲੀਆਂ ਚਾਲਾਂ ਤੋਂ ਸੁਚੇਤ ਰਹੀਏ। ਸਿੱਖੀ ਸੰਪੂਰਨ ਰੂਪ ਵਿੱਚ ”ਕਕਾਰ ਅਤੇ ਕਿਰਦਾਰ”, ਦੋਹਾਂ ਦੀ ਸਾਂਝੀ ਹੈ ਤੇ ਜੇਕਰ ਦੋਹਾਂ ਨੂੰ ਕੋਈ ਵੱਖ ਕਰਕੇ ਦੇਖਦਾ ਹੈ, ਤਾਂ ਉਹ ਸਿੱਖੀ ਦਾ ਸਭ ਤੋਂ ਵੱਡਾ ਵਿਰੋਧੀ ਹੈ।
ਤਸਵੀਰਾਂ : ਪੰਡਿਤ ਜਵਾਹਰ ਲਾਲ ਨਹਿਰੂ ਵੈਨਕੂਵਰ ਗੁਰਦੁਆਰਾ ਸਾਹਿਬ ਦੇ ਅੰਦਰ ਨੰਗੇ ਸਿਰ ਸੰਬੋਧਨ ਕਰਦਾ ਹੋਇਆ।
 ਇੰਦਰਾ ਗਾਂਧੀ ਵੈਨਕੂਵਰ ਦੇ ਰੌਸ ਸਟਰੀਟ ਗੁਰਦੁਆਰੇ ਦੇ ਅੰਦਰ ਹਾਜ਼ਰ, ਨਾਲ ਨੰਗੇ ਸਿਰ ਖੜੇ ਵਿਅਕਤੀ।