ਪੇਸ਼ਕਸ਼-ਹਰਦਮ ਮਾਨ-
ਗ਼ਜ਼ਲ ਮੰਚ ਸਰੀ ਦਾ ਧੁਰਾ ਦਵਿੰਦਰ ਗੌਤਮ ਬਹੁਤ ਹੀ ਸੰਜੀਦਾ ਸ਼ਾਇਰ ਅਤੇ ਸੁਹਿਰਦ ਇਨਸਾਨ ਹੈ। ਆਪਣੀ ਪਹਿਲੀ ਪੁਸਤਕ ‘ਸੁਪਨੇ ਸੌਣ ਨਾ ਦਿੰਦੇ’ ਨਾਲ ਹੀ ਪੰਜਾਬੀ ਗ਼ਜ਼ਲ ਖੇਤਰ ਵਿਚ ਉਹ ਆਪਣੀ ਪਛਾਣ ਬਣਾ ਚੁੱਕਿਆ ਹੈ। ਸਾਹਿਤ ਅਕੈਡਮੀ ਅਵਾਰਡ ਨਾਲ ਸਨਮਾਨਿਤ ਨਾਮਵਰ ਗ਼ਜ਼ਲਗੋ ਜਸਵਿੰਦਰ ਅਨੁਸਾਰ ‘ਉਸ ਕੋਲ ਵਿਸ਼ਾਲ ਅਨੁਭਵ ਹੈ। ਉਸ ਦੀ ਗ਼ਜ਼ਲ ਚਿੰਤਨੀ ਸੁਰ ਵਿੱਚੋਂ ਉਪਜਦੀ ਹੈ। ਉਸ ਦੇ ਸੁਪਨਿਆਂ, ਸੰਸਿਆਂ ਦਾ ਦਾਇਰਾ ਵਸੀਹ ਹੈ। ਉਹ ਅਹਿਸਾਸ ਦੀ ਬੁਲੰਦੀ ਤੇ ਜ਼ਿੰਦਗੀ ਨੂੰ ਲੰਮੀ ਨਜ਼ਰ ਨਾਲ ਨਿਹਾਰਦਾ ਹੈ। ਉਸ ਦੀ ਸਮੁੱਚੀ ਸ਼ਾਇਰੀ ਊਰਜਾ ਭਰਪੂਰ ਹੈ’। ਆਓ ਮਾਣਦੇ ਉਸ ਦੀ ਸ਼ਾਇਰੀ ਦੇ ਕੁਝ ਰੰਗ-
1
ਨਫ਼ਰਤ ਮੇਰੇ ਚਾਰੇ ਪਾਸੇ ਕਿੰਝ ਨਾ ਮੈਂ ਕੁਮਲ਼ਾਵਾਂ
ਇਸ਼ਕ ਦੀ ਮੈਨੂੰ ਦੇ ਜਾ ਧੂਣੀ ਮੈਂ ਫਿਰ ਤੋਂ ਖਿੜ ਜਾਵਾਂ
ਦੁਨੀਆ ਢੂੰਡੇ ਅਵਗੁਣ ਮੇਰੇ ਮੈਂ ਲੱਭਾਂ ਖੁਸ਼ਬੋਈ
ਉਹ ਖ਼ਾਰਾਂ ਤੇ ਅੜ ਬੈਠੀ ,ਮੈਂ ਗੁਣ ਫੁੱਲਾਂ ਦੇ ਗਾਵਾਂ
ਤਨ ਤੋਂ ਅੱਗੇ ਮਨ ਦੀ ਦੁਨੀਆ, ਅੱਗੇ ਨੂਰ ਰੁਹਾਨੀ
ਉਸ ਤੋਂ ਅੱਗੇ ਇਸ਼ਕ ਹਕੀਕੀ,ਅੱਗੇ ਇਕ ਪਰਛਾਵਾਂ
ਕਾਮ ਤੋਂ ਅੱਗੇ ਕਾਲਖ ਹੈ ਜੋ ਤਨ ਮਨ ਤੇ ਛਾ ਜਾਵੇ
ਇਸ ਤੋਂ ਅੱਗੇ ਗੁੰਮ ਹੋ ਜਾਵਣ ਜਿਉਣ ਦੀਆਂ ਸਭ ਰਾਹਵਾਂ
ਮੌਜਾਂ ਦੀ ਇਸ ਬਸਤੀ ਵਿਚ ਜਦ ਰੂਹ ਆਈ ਦੁਖਿਆਰੀ
ਦੇਖ ਕੇ ਫੱਬਤ ਗਲ਼ੀਆਂ ਦੀ ਉਹ ਭੁੱਲ ਬੈਠੀ ਸਰਨਾਵਾਂ
2
ਥੋੜੇ ਜਿਹੇ ਸੀ ਪਹਿਲੋਂ ਕੁਝ ਹੋਰ ਆ ਰਲੇ ਨੇ
ਠੱਗਾਂ ਦੇ ਕਾਫ਼ਲੇ ਵਿਚ ਹੁਣ ਚੋਰ ਆ ਰਲੇ ਨੇ
ਮੰਡੀ ਚ ਜਾ ਖੜੇ ਜਦ ਸਾਜ਼ਾਂ ਸਮੇਤ ਸਾਜ਼ੀ
ਸੰਗੀਤ ਦੀ ਕਲਾ ਵਿਚ ਕੁਝ ਸ਼ੋਰ ਆ ਰਲੇ ਨੇ
ਛੱਡ ਕਿਰਤ ਦੀ ਕਮਾਈ ਸੋਚਣ ਉਹ ਖੋਹਂਣ ਬਾਰੇ
ਕਾਵਾਂ ਦੇ ਝੁੰਡ ਵਿਚ ਹੁਣ ਕੁਝ ਮੋਰ ਆ ਰਲੇ ਨੇ
ਅਪਣੀ ਬਚਾ ਕੇ ਇੱਜ਼ਤ ਇੱਥੋਂ ਵਿਦਾ ਤੂੰ ਹੋ ਜਾ
ਅਦਬੀ ਸਫ਼ਾਂ ਦੇ ਵਿਚ ਹੁਣ ਮੂੰਹ-ਜ਼ੋਰ ਆ ਰਲੇ ਨੇ
ਪੈਸੇ ਦੇ ਜ਼ੋਰ ਤੇ ਉਹ ਬੈਠੇ ਨੇ ਬਣ ਕੇ ਕਾਮਿਲ
ਫਸਲਾਂ ਦੇ ਰਾਖਿਆਂ ਵਿਚ ਕੁਝ ਢੋਰ ਆ ਰਲੇ ਨੇ
ਸ਼ੁਹਰਤ ਦੀ ਲਲਕ ਐਸੀ ਅਪਣਾ ਅਕਾਰ ਭੁੱਲ ਕੇ
ਫੁੱਲਾਂ ਦੀ ਪਾਲ ਵਿਚ ਹੁਣ ਕੁਝ ਥੋਹਰ ਆ ਰਲੇ ਨੇ
3
ਪਵੇ ਜਦ ਛੇਕ ਫਿਰ ਹੀ ,ਬਾਂਸ ਤੋਂ ਉਹ ਸਾਜ਼ ਹੁੰਦਾ ਹੈ
ਕਿ ਧੜਕਣ ਵਾਂਗ ਹੀ ਸੁਰ ਦਾ ,ਦਿਲੋਂ ਆਗਾਜ਼ ਹੁੰਦਾ ਹੈ
ਹਵਾ ਤੇ ਬੰਸਰੀ ਮਿਲ ਕੇ ,ਕਦੇ ਸੰਗੀਤ ਨਾ ਬਣਦੇ
ਲਬਾਂ ਤੇ ਪੋਟਿਆਂ ਕੋਲੇ ,ਇਹਦਾ ਇਕ ਰਾਜ਼ ਹੁੰਦਾ ਹੈ
ਬੜੇ ਦੁਖ ਝੇਲਦੀ ਆਖਰ ,ਕਲੀ ਪੈ ਗਰਭ ਦੀ ਜੂਨੇ
ਜਦੋਂ ਖਿੜਦੀ, ਉਦੋਂ ਜਾ ਕੇ, ਫਿਜ਼ਾ ਨੂੰ ਨਾਜ਼ ਹੁੰਦਾ ਹੈ
ਸਮੇਂ ਦੀ ਮਾਰ ਤੋਂ ਡਰ ਕੇ ,ਬਣੇ ਸਾਧੂ, ਤਿਆਗੀ ਜੋ
ਉਹਨਾਂ ਦੀ ਸੋਚ ਵਿਚ ਲੁਕਿਆ ਸ਼ਿਕਾਰੀ ਬਾਜ਼ ਹੁੰਦਾ
ਕਦੇ ਫੁਰਸਤ ਦੇ ਵਿਚ ਸੋਚੀਂ ,ਗੁਨਾਹਾਂ ਦੀ ਸਜਾ ਬਾਰੇ
ਉਦੋਂ ਸਭ ਠੀਕ ਲਗਦਾ ਹੈ ,ਜਦੋਂ ਸਿਰ ਤਾਜ ਹੁੰਦਾ ਹੈ
ਉਹੀ ਗੱਲਾਂ ,ਉਹੀ ਬਿਹਰਾਂ ,ਉਹੀ ਸ਼ਬਦਾਂ ਦਾ ਸਰਮਾਇਆ
ਕਿ ਸ਼ਾਇਰ ਕੋਲ ਤਾਂ ਬਸ ,ਕਹਿਣ ਦਾ ਅੰਦਾਜ਼ ਹੁੰਦਾ ਹੈ
ਉਹਨਾਂ ਦਾ ਜਦ ਨਹੀਂ ਸਰਦਾ ਉਹ ਮੱਥਾ ਟੇਕ ਆਉਂਦੇ ਨੇ
ਕੋਈ ਗਰਜਾਂ ਬਿਨਾਂ ਗੌਤਮ ਕਦੋਂ ਮੁਹਤਾਜ ਹੁੰਦਾ ਹੈ
4
ਕਿਸੇ ਮੰਜ਼ਲ ਨੂੰ ਪਾ ਲੈਣਾ ਹੀ ਤਾਂ ਹਾਸਿਲ ਨਹੀਂ ਹੁੰਦਾ
ਕਿ ਜਿੱਥੇ ਲਹਿਰ ਜਾ ਅਟਕੇ ਉਹੀ ਸਾਹਿਲ ਨਹੀਂ ਹੁੰਦਾ
ਬੜੇ ਹੀ ਖ਼ਾਬ ਆਉਂਦੇ ਨੇ ਮੁਤਾਬਕ ਉਮਰ ਦੇ ਐ ਪਰ
ਹਰਿਕ ਸੁਪਨਾ ਹੀ ਤਾਂ ਤਾਮੀਰ ਦੇ ਕਾਬਿਲ ਨਹੀਂ ਹੁੰਦਾ
ਕਈ ਚਿਹਰੇ ਲੁਕੇ ਹੁੰਦੇ ਨੇ ਹਰ ਇਕ ਕਤਲ ਦੇ ਪਿੱਛੇ
ਕਿ ਜੋ ਅੰਜਾਮ ਦਿੰਦਾ ਹੈ ਉਹੀ ਕਾਤਲ ਨਹੀਂ ਹੁੰਦਾ
ਇਹ ਦੁਨੀਆ ਕੀ ਇਬਾਦਤ ਕੀ ਮੁਹੱਬਤ ਵਿਚ ਵੀ ਸ਼ਾਮਿਲ ਹੈ
ਸਵਾਰਥ ਪਰ ਕਦੇ ਮਮਤਾ ਦੇ ਵਿਚ ਸ਼ਾਮਿਲ ਨਹੀਂ ਹੁੰਦਾ
5
ਚਲਦਾ ਹੈ ਮੇਰੇ ਨਾਲ ਪਰ ਕਿੱਥੇ ਹੈ ਟਲ ਰਿਹਾ
ਸਾਇਆ ਮੇਰਾ ਹੀ ਮੇਰੀਆਂ ਪੈੜਾਂ ਮਸਲ ਰਿਹਾ
ਹਟਿਆ ਹੈ ਅੰਤ ਡੋਬ ਕੇ ਬੇੜੀ ਉਹ ਆਪਣੀ
ਲਹਿਰਾਂ ਖ਼ਿਲਾਫ਼ ਚਿਰ ਤੋਂ ਜੋ ਚਾਲਾਂ ਸੀ ਚਲ ਰਿਹਾ
ਰੋਸ਼ਨ ਹੈ ਇਸ ਕਿਤਾਬ ਦਾ ਸਰਵਰਕ ਫੇਰ ਵੀ
ਅੰਦਰਲੇ ਵਰਕਿਆਂ ਤੇ ਕਿਉਂ ਨੇਰਾ ਹੈ ਪਲ ਰਿਹਾ
ਡਰਦੇ ਕਦੇ ਸੀ ਬਾਪ ਤੋਂ ਬੱਚੇ ਬੜੇ ਮਗਰ
ਡਰਦਾ ਹੈ ਹੁਣ ਤਾਂ ਬਾਪ ਜ਼ਮਾਨਾ ਬਦਲ ਰਿਹਾ
ਆਉਣਾ ਮਨ੍ਹਾ ਹੈ ਨੇਰ ਦਾ ਮੇਰੇ ਵਜੂਦ ਵਿਚ
ਅੰਦਰ ਕਿਸੇ ਦੇ ਨਾਮ ਦਾ ਦੀਵਾ ਹੈ ਬਲ ਰਿਹਾ
6
ਦਰਦ ਮੇਰੇ ਨੂੰ ਟੇਕ ਕੇ ਮੱਥਾ, ਫਿਰ ਵਾਪਸ ਮੁੜ ਆਈ ਹੈ
ਭਾਂਵੇ ਮੇਰੇ ਅੰਦਰੋਂ ਨਿਕਲੀ, ਪਰ ਇਹ ਚੀਕ ਪਰਾਈ ਹੈ
ਕਿੰਨੇ ਸੈਆਂ ਫੁੱਲ ਨੇ ਟੁੱਟੇ ,ਮਨ ਦੇ ਏਸ ਬਗ਼ੀਚੇ ਚੋਂ
ਹਰ ਇਕ ਫੁੱਲ ਦੀ ਪੀੜ ਹੀ ਬਣ ਕੇ,ਗ਼ਜ਼ਲ ਮੇਰੇ ਘਰ ਆਈ ਹੈ
ਨਾਮ ਨਾ ਕੋਈ, ਜਾਤ ਨਾ ਕੋਈ,ਨਾ ਹੀ ਇਸ ਦਾ ਧਰਮ ਕੋਈ
ਦਿਲ ਚੋ ਉੁੱਠੇ ਦਿਲ ਤੱਕ ਜਾਵੇ,ਪੀੜ ਹੀ ਅਸਲ ਖੁਦਾਈ ਹੈ
ਸੁੱਖ ਸੁਖਾਂ ਦੀ ਮੰਗਣ ਜਾਕੇ ਲੋਕੀਂ ਸਭ ਦਰਗਾਹਾਂ ਚੋਂ
ਪੀੜ ਪਰਾਈ ਲੈ ਕੇ ਜੀਣਾ ,ਏਹੋ ਧਰਮ ਕਮਾਈ ਹੈ
ਘਰ ਛਡਿਆਂ ਵੀ ਮਿਲਣੀ ਨਾਹੀਂ ,ਜੋ ਲੱਭੇ ਤੂੰ ਜੰਗਲ਼ ਚੋਂ
ਮਨ ਹੀ ਰੌਲਾ ਮਨ ਹੀ ਭਟਕਣ ,ਮਨ ਵਿੱਚ ਹੀ ਤਨਹਾਈ ਹੈ
ਦਰ ਦਰ ਉੱਤੇ ਭਟਕ ਰਿਹਾ ਏਂ ,ਕਿਉਂ ਤੂੰ ਹੋਸ਼ ਗਵਾ ਬੈਠਾ
ਉਸ ਦੁਨੀਆ ਚੋਂ ਤੂੰ ਸੁਖ ਲਭਦੈਂ ,ਜੋ ਪੀੜਾ ਦੀ ਜਾਈ ਹੈ
ਗੌਤਮ ਏਹੋ ਸਾਰ ਮੈਂ ਲੱਭਾ ,ਇਸ ਜੱਗ ਤੋਂ ਛੁਟਕਾਰੇ ਦਾ
ਪੀੜਾ ਨੂੰ ਜਿਸ ਪੀੜ ਕੇ ਪੀਤਾ, ਉਸ ਨੇ ਮੁਕਤੀ ਪਾਈ ਹੈ
7
ਨਫ਼ਰਤ ਮੇਰੇ ਚਾਰੇ ਪਾਸੇ ਕਿੰਝ ਨਾ ਮੈਂ ਕੁਮਲ਼ਾਵਾਂ
ਇਸ਼ਕ ਦੀ ਮੈਨੂੰ ਦੇ ਜਾ ਧੂਣੀ ਮੈਂ ਫਿਰ ਤੋਂ ਖਿੜ ਜਾਵਾਂ
ਦੁਨੀਆ ਢੂੰਡੇ ਅਵਗੁਣ ਮੇਰੇ ਮੈਂ ਲੱਭਾਂ ਖੁਸ਼ਬੋਈ
ਉਹ ਖ਼ਾਰਾਂ ਤੇ ਅੜ ਬੈਠੀ ,ਮੈਂ ਗੁਣ ਫੁੱਲਾਂ ਦੇ ਗਾਵਾਂ
ਤਨ ਤੋਂ ਅੱਗੇ ਮਨ ਦੀ ਦੁਨੀਆ, ਅੱਗੇ ਨੂਰ ਰੁਹਾਨੀ
ਉਸ ਤੋਂ ਅੱਗੇ ਇਸ਼ਕ ਹਕੀਕੀ,ਅੱਗੇ ਇਕ ਪਰਛਾਵਾਂ
ਕਾਮ ਤੋਂ ਅੱਗੇ ਕਾਲਖ ਹੈ ਜੋ ਤਨ ਮਨ ਤੇ ਛਾ ਜਾਵੇ
ਇਸ ਤੋਂ ਅੱਗੇ ਗੁੰਮ ਹੋ ਜਾਵਣ ਜਿਉਣ ਦੀਆਂ ਸਭ ਰਾਹਵਾਂ
ਮੌਜਾਂ ਦੀ ਇਸ ਬਸਤੀ ਵਿਚ ਜਦ ਰੂਹ ਆਈ ਦੁਖਿਆਰੀ
ਦੇਖ ਕੇ ਫੱਬਤ ਗਲ਼ੀਆਂ ਦੀ ਉਹ ਭੁੱਲ ਬੈਠੀ ਸਰਨਾਵਾਂ
8
ਖਿਆਲਾਂ ਦੇ ਭੰਵਰ ਚੋ ਨਿਕਲ ਕੇ ਆਜ਼ਾਦ ਹੋ ਜਾਣਾ
ਬੜਾ ਔਖਾ ਹੈ ਸ਼ਾਇਰ ਵਾਸਤੇ ਆਬਾਦ ਹੋ ਜਾਣਾ
ਮੇਰੀ ਸੰਵੇਦਨਾ ਮੌਲਿਕ , ਰਹੇ ਪਰ ਡਰ ਇਹੋ ਮੈਨੂੰ
ਕਿ ਇਸ ਦਾ ਕੀ ਪਤਾ ਕਿੱਥੇ ਤੇ ਕੀ ਅਨੁਵਾਦ ਹੋ ਜਾਣਾ
ਜ਼ਰਾ ਮੁਸਕਾਨ ਦੇਖਣ ਵਾਸਤੇ ਮਾਸ਼ੂਕ ਦੇ ਮੁੱਖ ਤੇ
ਮਹਿਜ਼ ਆਸ਼ਕ ਨੂੰ ਆਉਂਦੈ ਹੱਸ ਕੇ ਬਰਬਾਦ ਹੋ ਜਾਣਾ
ਵਸਲ ਨਾ ਜਾਣਦਾ ਬੇਰੰਗ ਹੋਣਾ ਰੰਗ ਵਿੱਚ ਘੁਲ ਕੇ
ਵਿਛੋੜੇ ਨੂੰ ਨਹੀਂ ਆਇਆ ਕਦੇ ਵਿਸਮਾਦ ਹੋ ਜਾਣਾ
ਕਵੀ ਤਾਂ ਹਾਂ ਅਜੇ ਪਰ ਇਹ ਹੁਨਰ ਆਇਆ ਨਹੀਂ ਮੈਨੂੰ
ਉਡਾਉਣਾ ਖ਼ੁਦ ਹੀ ਸ਼ਬਦਾਂ ਨੂੰ ਤੇ ਫਿਰ ਸੱਯਾਦ ਹੋ ਜਾਣਾ
ਚਲੋ ਜੇ ਹਮਸਫ਼ਰ ਨਾ ਬਣ ਸਕੇ ਤਾਂ ਨਾ ਸਹੀ ਫਿਰ ਵੀ
ਅਸੀਂ ਆਹਾਂ ਚ ਵੱਸ ਜਾਣਾ ਸਦੀਵੀਂ ਯਾਦ ਹੋ ਜਾਣਾ
ਨਹੀਂ ਇਹ ਰੱਬ ਦੀ ਭਗਤੀ ਇਹ ਉਸ ਤੋਂ ਵੀ ਵਧੇਰੇ ਹੈ
ਬਣਾਉਣਾ ਸਿਖਰ ਦੂਜੇ ਨੂੰ ਤੇ ਖ਼ੁਦ ਬੁਨਿਆਦ ਹੋ ਜਾਣਾ
9
ਸੂਰਜ ਨੂੰ ਕੈਦ ਕਰਕੇ ਦੀਵਾ ਜਗਾ ਰਿਹਾ ਏਂ
ਕੁਝ ਹੋਸ਼ ਵੀ ਹੈ ਤੈਨੂੰ ? ਕੀ ਕਹਿਰ ਢਾਹ ਰਿਹਾ ਏਂ
ਕਿੰਨੀ ਕੁ ਲੋੜ ਤੇਰੀ ਕਿੰਨਾ ਕੁ ਹੈ ਇਹ ਜੀਵਨ
ਆਇਆ ਸੀ ਲੈਣ ਕੀ ਤੂੰ, ਪਰ ਕੀ ਕਮਾ ਰਿਹਾ ਏਂ
ਤੇਰੀ ਸ਼ਫਾਫ ਰੂਹ ਨੇ ਆਖਰ ਪਲੀਤ ਹੋਣਾ
ਇਹ ਰੇਤ ਦਾ ਹੈ ਦਰਿਆ ਜਿਸ ਵਿਚ ਨਹਾ ਰਿਹਾ ਏਂ
ਸਾਰੇ ਵਕਾਰ ਤੇਰੇ ਬੇਵਸ, ਨੇ ਜਿਸਦੇ ਅੱਗੇ
ਤੂੰ ਸਬਰ ਆਪਣਾ ਕਿਉਂ ਐਵੇਂ ਗਵਾ ਰਿਹਾ ਏਂ
ਸੱਚੀ ਤੂੰ ਗੱਲ ਕਰੇਂਗਾ ’ਗੌਤਮ ‘ਉਮੀਦ ਸੀ ਇਹ
ਹੋਰਾਂ ਦੇ ਵਾਂਗ ਤੂੰ ਵੀ ਗਰਦਨ ਬਚਾ ਰਿਹਾ ਏਂ