Headlines

ਸਰੀ ਕੌਂਸਲ ਵਲੋਂ 10 ਨਵੇਂ ਭਰਤੀ ਪੁਲਿਸ ਅਫਸਰਾਂ ਨੂੰ ਤਨਖਾਹ ਦੇਣ ਤੋ ਇਨਕਾਰ

ਬੀ.ਸੀ. ਸ਼ਹਿਰ ਦੇ 10 ਨਵੇਂ ਸਰੀ ਪੁਲਿਸ ਸਰਵਿਸ ਭਰਤੀਆਂ ਨੂੰ ਭੁਗਤਾਨ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪ੍ਰੀਮੀਅਰ ਨਾਰਾਜ਼ ਹਨ

ਸਰੀ ( ਦੇ ਪ੍ਰ ਬਿ)-ਖਬਰ ਹੈ ਕਿ ਸਿਟੀ ਆਫ ਸਰੀ ਨੇ ਸਰੀ ਪੁਲਿਸ ਵਿਚ ਭਰਤੀ ਹੋਏ 10 ਨਵੇਂ ਸਰੀ ਪੁਲਿਸ ਅਫਸਰਾਂ ਨੂੰ ਤਨਖਾਹ ਦੇਣ ਤੋ ਇਨਕਾਰ ਕਰ ਦਿੱਤਾ ਹੈ। ਸਿਟੀ ਦੇ ਸਲਾਹਕਾਰ ਦਾ ਕਹਿਣਾ ਹੈ ਕਿ ਪੁਲਿਸ ਯੂਨੀਅਨ ਨੂੰ ਦੱਸਿਆ ਗਿਆ ਸੀ ਕਿ  ਬਜਟ ਸੀਮਿਤ ਹੈ ਪਰ ਫਿਰ ਵੀ 10 ਨਵੇਂ ਅਫਸਰਾਂ ਨੂੰ ਭਰਤੀ ਕਰ ਲਿਆ ਗਿਆ।

ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇਸ ਖਬਰ ਉਪਰੰਤ ਸਿਟੀ ਦੇ ਵਿਹਾਰ ਉਪਰ ਤਿੱਖਾ ਰੋਸ ਪ੍ਰਗਟ ਕੀਤਾ ਹੈ। ਉਹਨਾਂ ਇਕ ਬਿਆਨ ਰਾਹੀਂ ਕਿਹਾ ਹੈ ਕਿ  ਇਹ ਬਹੁਤ ਹੀ ਨਿਰਾਸ਼ਾਜਨਕ ਫੈਸਲਾ ਹੈ। ਇਹ ਉਹ ਲੋਕ ਹਨ ਜੋ ਕਮਿਊਨਿਟੀ ਵਿਚ ਪੁਲਿਸਿੰਗ ਦਾ ਅਤਿ ਮੁਸ਼ਕਲ ਕੰਮ ਕਰਨ ਲਈ ਤਿਆਰ ਹਨ।
ਸਰੀ ਪੁਲਿਸ ਸਰਵਿਸ ਯੂਨੀਅਨ ਦਾ ਕਹਿਣਾ ਹੈ ਕਿ ਸਿਟੀ ਆਫ਼ ਸਰੀ ਨੇ ਯੂਨੀਅਨ ਨੂੰ ਕਿਹਾ ਕਿ ਉਹ ਕਿਸੇ ਵੀ ਨਵੇਂ ਲੋਕਾਂ ਨੂੰ ਤਨਖਾਹ ਅਤੇ ਲਾਭ ਪ੍ਰਣਾਲੀ ਵਿੱਚ ਸ਼ਾਮਲ ਨਹੀਂ ਕਰੇਗਾ। ਯੂਨੀਅਨ ਦੇ ਪ੍ਰਧਾਨ ਰਿਕ ਸਟੀਵਰਟ ਨੇ ਕਿਹਾ ਹੈ ਕਿ ਇਹ ਹੈਰਾਨ ਕਰਨ ਵਾਲਾ ਫੈਸਲਾ” ਨਵੇਂ ਐਸ ਪੀ ਐਸ ਅਫਸਰਾਂ ਦੀ ਭਰਤੀ ਨੂੰ ਰੋਕਣ ਦੀ ਇੱਕ ਕੋਸ਼ਿਸ਼ ਹੈ।
ਸਟੀਵਰਟ ਨੇ ਹੋਰ ਕਿਹਾ ਹੈ ਕਿ “ਅਸੀਂ ਸਮਝਦੇ ਹਾਂ ਕਿ ਮੇਅਰ ਬਰੈਂਡਾ ਲੌਕ  ਪੁਲਿਸ ਟਰਾਂਜਿਸ਼ਨ  ਨਾਲ ਅਸਹਿਮਤ ਹੈ, ਪਰ ਸਰੀ ਪੁਲਿਸ ਦੀ ਨਵੀਂ ਭਰਤੀ ਰੋਕਣ ਦਾ ਯਤਨ ਅਤੇ ਨਵੇਂ ਪੁਲਿਸ ਅਫਸਰਾਂ ਪ੍ਰਤੀ ਉਸਦਾ ਵਿਵਹਾਰ ਬਹੁਤ ਹੀ ਨਿਰਾਸ਼ਾ ਵਾਲਾ ਹੈ।  ਉਹਨਾਂ ਹੋਰ ਕਿਹਾ ਕਿ ਪੁਲਿਸ ਯੂਨੀਅਨ ਖੁਦ ਇਹਨਾਂ ਨਵੇਂ ਅਫਸਰਾਂ ਦੀਆਂ ਤਨਖਾਹਾਂ ਅਤੇ ਲਾਭਾਂ ਦਾ ਪ੍ਰਬੰਧ ਕਰੇਗੀ।
ਪੁਲਿਸ ਸਰਵਿਸ ਯੂਨੀਅ ਦੇ ਬਿਆਨ ਉਪਰੰਤ ਪ੍ਰੀਮੀਅਰ  ਈਬੀ ਦਾ ਕਹਿਣਾ ਹੈ ਕਿ ਇਹ ਮੁੱਦਾ ਉਨ੍ਹਾਂ ਦੀ ਸਰਕਾਰ ਲਈ ਤਰਜੀਹ ਹੈ।
“ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦਾ ਕੋਈ ਤਰੀਕਾ ਲੱਭਾਂਗੇ ਤੇ ਇਹ ਯਕੀਨੀ ਬਣਾਵਾਂਗੇ ਕਿ ਨਵੇਂ ਭਰਤੀ ਹੋਏ ਅਫਸਰਾਂ ਨੂੰ ਤਨਖਾਹਾਂ ਦਿੱਤੀਆਂ ਜਾਣ। ਅਸੀਂ ਕਿਸੇ ਸਿਆਸੀ ਮੁਹਿੰਮ ਲਈ ਜਨਤਕ ਸੁਰੱਖਿਆ ਨਾਲ ਸਮਝੌਤਾ ਨਹੀਂ ਹੋਣ ਦੇਵਾਂਗੇ।
ਪ੍ਰੀਮੀਅਰ ਈਬੀ ਨੇ ਸਰੀ ਦੀ ਮੇਅਰ ਬਰੈਂਡਾ ਲੌਕ ਵਲੋਂ  ਪੁਲਿਸ ਤਬਦੀਲੀ ਨੂੰ ਰੋਕੇ ਜਾਣ ਲਈ ਚਲਾਈ ਜਾ ਰਹੀ ਮੁਹਿੰਮ ਉਪਰ ਖਰਚੇ ਜਾ ਰਹੇ $500,000 ਦੀ  ਰਕਮ ਲਈ ਵੀ ਨਿੰਦਾ ਕੀਤੀ।।