ਪ੍ਰੋ: ਸਰਚਾਂਦ ਸਿੰਘ ਖਿਆਲਾ-
ਮੁੱਖ ਤੋਂ ’ਰਾਮ’ ਉਚਾਰਦਿਆਂ ਮਸਤਕ ਦੋ ਬਿੰਦੂਆਂ, ਅਧਿਆਤਮਕ ਅਤੇ ਰਾਜਨੀਤਿਕ ’ਤੇ ਕੇਂਦਰਿਤ ਹੋ ਜਾਂਦਾ ਹੈ। ’ਰਾਮ’ ਸ਼ਬਦ ਜਿੱਥੇ ਰੂਹ ਨੂੰ ਸਕੂਨ ਦੇਣ ਵਾਲਾ ਹੈ, ਉੱਥੇ ਹੀ ’ਰਾਮ ਰਾਜ’ ਦਾ ਲੋਕ ਕਲਿਆਣਕਾਰੀ ਸੰਕਲਪ ਹਰੇਕ ਭਾਰਤੀ ਦੇ ਹਿਰਦੇ ’ਚ ਵਸਿਆ ਨੇਕ ਦ੍ਰਿਸ਼ਟੀਕੋਣ ਅਤੇ ਮਨੋਰਥ ਰਿਹਾ ਹੈ। ਇਕ ਪੁਰਾਤਨ ਸਭਿਅਤਾ ਵਜੋਂ ਭਾਰਤੀ ਲੋਕਾਂ ਦੇ ਚਰਿੱਤਰ ਦੀ ਜਦੋਂ ਵੀ ਗੱਲ ਕਰਦੇ ਹਾਂ ਤਾਂ ਮਰਿਆਦਾ ਪੁਰਸ਼ੋਤਮ ਹੋਣ ਕਰਕੇ ਭਗਵਾਨ ਸ੍ਰੀ ਰਾਮ ਚੰਦਰ ਦਾ ਨਾਮ ਜ਼ਰੂਰ ਆਉਂਦਾ ਹੈ। ਭਗਵਾਨ ਸ੍ਰੀ ਰਾਮ ਇੱਕ ਆਦਰਸ਼ ਆਗਿਆਕਾਰੀ ਪੁੱਤਰ, ਭਾਈ ਅਤੇ ਰਾਜਾ ਸਨ। ਇੱਥੋਂ ਤੱਕ ਕਿ ਉਹ ਆਪਣੇ ਦੁਸ਼ਮਣ ਤੱਕ ਦੀ ਵਿੱਦਿਆ ਅਤੇ ਹੁਨਰ ਦੀ ਵੀ ਕਦਰ ਕਰਦੇ ਸਨ। ਇੱਕ ਰਾਜਾ ਦੇ ਰੂਪ ਵਿੱਚ ਵਿਸ਼ਵ ਵਿਜੇਤਾ ਚੱਕਰਵਰਤੀ ਸ੍ਰੀ ਰਾਜਾ ਰਾਮ ਚੰਦਰ ਦਾ ਰਾਜ ਪੂਰਨ ਸ਼ਾਂਤੀ, ਇਨਸਾਫ਼ ਤੇ ਵਿਕਾਸ ਦਾ ਮਾਰਗ ਦਰਸ਼ਕ ਰਿਹਾ। ਇਸੇ ਲਈ 20ਵੀਂ ਸਦੀ ਦੇ ਸ਼ਾਇਰ, ਅਲਾਮਾ ਮੁਹੰਮਦ ਇਕਬਾਲ ਨੇ ਆਖਿਆ ਹੈ,’ਹੈ ਰਾਮ ਕੇ ਵਜੂਦ ਸੇ ਹਿੰਦੁਸਤਾਨ ਕੋ ਨਾਜ਼’।
ਰਾਮ ਮੰਦਰ ਦਾ ਨਿਰਮਾਣ : ਸਨਾਤਨ ਸੰਸਕ੍ਰਿਤੀ ਦੀ ਪੁਨਰ ਸੁਰਜੀਤ ਵਲ ਕਦਮ —
ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ਧਾਮ ‘ਚ ਨਵ ਨਿਰਮਾਣ ਵਿਸ਼ਾਲ ਰਾਮ ਮੰਦਰ ’ਚ 22 ਜਨਵਰੀ 2024 ਨੂੰ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਵਿੱਤਰ ਰਸਮ ਦੇ ਨਾਲ ਹੀ ਮੰਦਰ ਦੇ ਉਦਘਾਟਨ ਨੂੰ ਲੈ ਕੇ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਹਿੰਦੂ ਤੇ ਭਾਰਤੀ ਸਮਾਜ ’ਚ ਭਾਰੀ ਉਤਸ਼ਾਹ ਦੇ ਮਾਹੌਲ ਹੈ। ਇਸ ਪ੍ਰਤੀ ਬਣ ਰਿਹਾ ਵਾਤਾਵਰਨ ਗੈਰ ਸੁਭਾਵਿਕ ਨਹੀਂ ਹੈ। ਰਾਮ ਮੰਦਰ ਦਾ ਨਿਰਮਾਣ ਹਰ ਆਸਥਾਵਾਨ ਹਿੰਦੂ ਲਈ ਖ਼ੁਸ਼ੀ ਦਾ ਵਿਸ਼ਾ ਹੈ। ਬੇਸ਼ੱਕ ਕੁਝ ਧਿਰਾਂ ਰਾਮ ਮੰਦਰ ਦੀ ਉਸਾਰੀ ਨੂੰ ਸਿਆਸੀ ਨਜ਼ਰੀਏ ਤੋਂ ਦੇਖਦੀਆਂ ਹੋਣ, ਪਰ ਇਹ ਸਿਆਸਤ ਤੋਂ ਵੱਧ ਮਹਤਵਸ਼ੀਲ ਹੈ। ਰਾਮ ਮੰਦਰ, ਸਿਰਫ਼ ਇਕ ਮੰਦਰ ਦਾ ਨਿਰਮਾਣ ਨਹੀਂ ਹੈ। ਇਹ ਭਾਰਤ ਦੀ ਵਿਰਾਸਤੀ ਆਨ ਸ਼ਾਨ ਅਤੇ ਸਨਾਤਨ ਦੀ ਬਹਾਲੀ, ਭਾਰਤੀ ਸਭਿਆਚਾਰਕ ਪੁਨਰ ਜਾਗਰਨ, ਇਕ ਅਧਿਆਤਮਕ ਰਾਸ਼ਟਰ ਚੜ੍ਹਤ ਅਤੇ ਵਿਸ਼ਵ ਭਾਈਚਾਰੇ ਲਈ ਸਮਰਪਿਤ ਭਾਵਨਾ ਵਾਲੇ ਦੇਸ਼ ਦੇ ਉਥਾਨ ਅਤੇ ਖ਼ਾਸਕਰ ਭਾਰਤੀ ਸਮਾਜ ਦੀਆਂ ਸਦੀਆਂ ਤੋਂ ਦਬਾਈਆਂ ਗਈਆਂ ਅਕਾਂਖਿਆਵਾਂ ਦੀ ਪੁਨਰ ਸੁਰਜੀਤ ਦੇ ਨਜ਼ਰੀਏ ਤੋਂ ਖ਼ਾਸ ਮਹੱਤਵ ਰੱਖਦਾ ਹੈ। ਇਹ ਭਵਿਖ ਲਈ ਸਕਾਰਾਤਮਿਕ ਊਰਜਾ ਦੇ ਕੇਂਦਰ, ਆਗਿਆਕਾਰੀ ਸਮਾਜ ਦੀ ਸਥਾਪਨਾ ਅਤੇ ਰਾਸ਼ਟਰ ਭਗਤੀ ਦੇ ਸੰਚਾਰ ਦੇ ਮੂਲ ਧਰੋਹਰ ਦਾ ਲਖਾਇਕ ਹੈ। ਅਯੁੱਧਿਆ ਧਾਮ ਵਿੱਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਵਿਦੇਸ਼ੀਆਂ ਦੀ ਸਦੀਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਨਵ ਭਾਰਤ ਦੇ ਪੁਨਰ ਨਿਰਮਾਣ ਲਈ ਸਵਦੇਸ਼ੀ ਸਨਾਤਨ ਸੰਸਕ੍ਰਿਤੀ ਨੂੰ ਹਕੀਕੀ ਤੇ ਸੁਚੇਤ ਰੂਪ ’ਚ ਅਪਣਾਉਣ ਵਲ ਭਾਰਤੀ ਸਮਾਜ ਵੱਲੋਂ ਕਦਮ ਪੁੱਟ ਲਿਆ ਗਿਆ ਹੈ।
ਭਾਰਤ ’ਚ ਮੁਸਲਮਾਨਾਂ ਦੇ ਭਿਆਨਕ ਅਤਿਆਚਾਰ ਦੀ ਸਮੁੱਚੇ ਸੰਸਾਰ ਇਤਿਹਾਸ ’ਚ ਕੋਈ ਸਾਨੀ ਨਹੀਂ—
ਭਾਰਤ ’ਚ ਬਣੀਆਂ ਬਹੁਤੀਆਂ ਮਸਜਿਦਾਂ ਸਾਨੂੰ ਇਸ ਗਲ ਦਾ ਚੇਤਾ ਕਰਾਉਂਦੀਆਂ ਹਨ ਕਿ ਵਿਦੇਸ਼ੀ ਇਸਲਾਮਿਕ ਹਮਲਾਵਰਾਂ ਨੇ ਇਥੇ ਮੌਜੂਦ ਪੁਰਾਤਨ ਹਿੰਦੂ ਮੰਦਰਾਂ ਨੂੰ ਢਹਿ ਢੇਰੀ ਕਰਕੇ ਮਸਜਿਦਾਂ ਬਣਾਈਆਂ ਸਨ। ਇਤਿਹਾਸਕਾਰ ਮਾਨਵੇਂਦਰਨਾਥ ਰਾਏ (The Historical role of Islam) ’ਚ ਲਿਖਦੇ ਹਨ ਕਿ ’ਸੰਸਾਰ ਦੀ ਕੋਈ ਵੀ ਸਭਿਅਕ ਜਾਤੀ ਇਸਲਾਮ ਦੇ ਇਤਿਹਾਸ ਤੋਂ ਉਨ੍ਹੀਂ ਵਾਕਫ਼ ਨਹੀਂ ਜਿੰਨੇ ਹਿੰਦੂ ਹਨ, ਅਤੇ ਸੰਸਾਰ ਦੀ ਕੋਈ ਜਾਤੀ ਇਸਲਾਮ ਨੂੰ ਉਨ੍ਹੀਂ ਘ੍ਰਿਣਾ ਨਾਲ ਨਹੀਂ ਦੇਖਦੀ ਜਿੰਨਾ ਹਿੰਦੂ ਦੇਖਦੇ ਹਨ।’ ਸਭਿਆਚਾਰ ਦੇ ਚਾਰ ਅਧਿਆਇ ’ਚ ਰਾਮਧਾਰੀ ਦਿਨਕਰ ਲਿਖਦੇ ਹਨ ਕਿ’ ਭਾਰਤ ਵਿਚ ਮੁਸਲਮਾਨਾਂ ਦਾ ਅਤਿਆਚਾਰ ਇੰਨਾ ਭਿਆਨਕ ਰਿਹਾ ਕਿ ਸਮੁੱਚੇ ਸੰਸਾਰ ਦੇ ਇਤਿਹਾਸ ਵਿਚ ਉਸ ਦਾ ਕੋਈ ਸਾਨੀ ਨਹੀਂ। ਇਨ੍ਹਾਂ ਅੱਤਿਆਚਾਰਾਂ ਕਰਕੇ ਹਿੰਦੂਆਂ ਦੇ ਹਿਰਦੇ ਵਿਚ ਇਸਲਾਮ ਪ੍ਰਤੀ ਘ੍ਰਿਣਾ ਉਤਪੰਨ ਹੋਈ, ਜਿਸ ਦੇ ਨਿਸ਼ਾਨ ਅੱਜ ਤਕ ਵੀ ਬਾਕੀ ਹਨ।’ ਸਾਰਾ ਵਿਸ਼ਵ ਜਾਣਦਾ ਹੈ ਕਿ ਭਾਰਤ ਪ੍ਰਾਚੀਨ ਜਗਤ ਵਿਚ ਸਭਿਅਤਾ ਦਾ ਗੁਰੂ ਸੀ। ਇਸਲਾਮ ਦੀ ਚੜ੍ਹਤ ਤੋਂ ਪਹਿਲਾਂ ਅਰਬ ਅਤੇ ਈਰਾਨ ਦੇ ਲੋਕ ਭਾਰਤ ਦੀ ਸਭਿਅਤਾ ਅਤੇ ਸਭਿਆਚਾਰ ਤੋਂ ਖ਼ੂਬ ਵਾਕਿਫ ਸਨ। ਭਾਵੇਂ ਕਿ ਇਸਲਾਮ ਦਾ ਅਰਥ ’ਸ਼ਾਂਤੀ ਦਾ ਧਰਮ’ ਹੈ। ਫਿਰ ਵੀ ਮੁਹੰਮਦ ਸਾਹਿਬ ਦੀ ਮੌਤ ਤੋਂ ਕੁਝ ਸਮੇਂ ਬਾਅਦ ਅਰਬ ਦੇ ਮੁਸਲਮਾਨਾਂ ਵੱਲੋਂ ਈਰਾਨ ’ਤੇ ਕਬਜ਼ਾ ਜਮਾ ਲੈਣ ਨਾਲ ਉੱਥੋਂ ਦੇ ਲੋਕ ਇਸਲਾਮ ਕਬੂਲ ਕਰਨ ਲੱਗੇ। ਜੋ ਹੌਲੀ ਹੌਲੀ ਇਕ ਸਦੀ ਤਕ ਤਲਵਾਰ ਦੇ ਜ਼ੋਰ ਨਾਲ ਇਰਾਕ, ਸਪੇਨ, ਮੱਧ ਏਸ਼ੀਆ ਤੱਕ ਫੈਲਦਿਆਂ ਦੁਨੀਆ ’ਚ ਮੁਸਲਮਾਨਾਂ ਦੇ ਰਾਜ ਵਰਗਾ ਸ਼ਕਤੀਸ਼ਾਲੀ ਰਾਜ ਹੋਰ ਕਿਤੇ ਨਹੀਂ ਰਹਿ ਗਿਆ ਸੀ। ਭਾਰਤੀ ਖੇਤਰ ’ਚ 7ਵੀਂ ਸਦੀ ਦੌਰਾਨ ਅਰਬਾਂ ਦੇ ਅਸਫਲ ਹਮਲਿਆਂ ਵੇਲੇ ਅਫ਼ਗ਼ਾਨ ਇਕ ਹਿੰਦੂ ਰਾਜ ਸੀ। ਸਿੰਧ ’ਤੇ ਅਰਬਾਂ ਨੇ 712 ਈਸਵੀ ’ਚ ਚੜ੍ਹਾਈ ਕੀਤੀ, ਪਰ ਅਸਲ ਤਬਾਹੀ ਮਹਿਮੂਦ ਗ਼ਜ਼ਨਵੀ, ਮੁਹੰਮਦ ਗੌਰੀ ਅਤੇ ਬਾਬਰ ਨੇ ਲਿਆਂਦੀ। ਮਹਿਮੂਦ ਗ਼ਜ਼ਨਵੀ (971-1030 ਈ.), ਇਕ ਤੁਰਕ, ਜਿਸ ਨੇ ਭਾਰਤ ’ਤੇ 17 ਵਾਰ ਹਮਲੇ ਕੀਤੇ, ਇਸ ਦੌਰਾਨ ਸੋਮਨਾਥ ਮੰਦਰ ਦੀ ਤਬਾਹੀ ਕਰਦਿਆਂ ਉਸ ਦੇ ਦਰਵਾਜ਼ੇ ਲਾਹ ਕੇ ਲੈ ਜਾਣ ਦੀ ਗਲ ਮਸ਼ਹੂਰ ਹੈ। ਇਸ ਸੋਮਨਾਥ ਮੰਦਰ ਦੀ ਮੁੜ ਉਸਾਰੀ ਦੇਸ਼ ਦੀ ਅਜ਼ਾਦੀ ਤੋਂ ਤੁਰੰਤ ਬਾਅਦ 18 ਮਈ 1950 ਨੂੰ ਸ਼ੁਰੂ ਕਰਦਿਆਂ 1962 ਤਕ ਪੂਰੀ ਕੀਤੀ ਗਈ, ਇਸੇ ਦੌਰਾਨ 11 ਮਈ 1951 ਨੂੰ ਦੇਸ਼ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਨੇ ਮੰਦਰ ’ਚ ਜਯੋਤਿਰਲਿੰਗ ਸਥਾਪਤ ਕੀਤਾ। ਮੁਹੰਮਦ ਗੌਰੀ ਇਕ ਪਠਾਣ ਸੀ, ਵੱਲੋਂ 1192 ਵਿਚ ਦਿਲੀ ਨੂੰ ਜਿੱਤ ਕੇ ਇਥੇ ਇਸਲਾਮ ਰਾਜ ਸ਼ਾਹੀ ਦੀ ਸ਼ੁਰੂਆਤ ਕੀਤੀ। 1
ਬਾਬਰ ਦਾ ਭਾਰਤ ਪ੍ਰਵੇਸ਼ —
6 ਵੀਂ ਸਦੀ ਵਿਚ ਮੱਧ ਏਸ਼ੀਆਈ ਮੂਲ ( ਤਾਸ਼ਕੰਦ) ਦੇ ਮੁਗ਼ਲ ਮੀਰ ਬਾਬਰ ਵੱਲੋਂ ਦਿਲੀ ਦੇ ਹਾਕਮ ਇਬਰਾਹੀਮ ਲੋਧੀ ਨੂੰ ਹਰਾ ਕੇ 20 ਅਪ੍ਰੈਲ 1526 ਨੂੰ ਦਿੱਲੀ ਉੱਤੇ ਕਬਜ਼ਾ ਕਰਕੇ ਭਾਰਤ ’ਚ ਮੁਗ਼ਲ ਰਾਜਵੰਸ਼ ਦੀ ਸਥਾਪਨਾ ਕੀਤੀ। ਬਾਬਰ ਦੇ ਹਮਲਿਆਂ ਦੀ ਭਿਆਨਕਤਾ ਬਾਰੇ ਗੁਰੂ ਨਾਨਕ ਦੇਵ ਜੀ ਨੇ
’’ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।।’’ ਅਤੇ
’’ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। ..’’ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨ ਵੇ ਲਾਲੋ।।’’ ਤਕ ਕਿਹਾ।
ਮੀਰ ਬਾਬਰ ਨੇ ਹਿੰਦੂਆਂ ਨੂੰ ਤਾਂ ਕੀ ਮੁਸਲਮਾਨਾਂ ’ਤੇ ਵੀ ਜ਼ੁਲਮ ਕਰਨ ਤੋਂ ਸੰਕੋਚ ਨਹੀਂ ਕੀਤਾ। ਅਨੇਕਾਂ ਹਿੰਦੂ ਮੰਦਰਾਂ ਨੂੰ ਜ਼ਮੀਨਦੋਜ਼ ਕਰਦਿਆਂ ਉਪਰ ਮਸੀਤਾਂ ਉਸਾਰ ਦਿੱਤੀਆਂ। ਅਯੁੱਧਿਆ ਦੇ ਰਾਮ ਮੰਦਰ ਨੂੰ ਢਾਹ ਕੇ ਉਸਾਰੀ ਗਈ ਬਾਬਰੀ ਮਸਜਿਦ ਵੀ ਉਨ੍ਹਾਂ ’ਚੋਂ ਇਕ ਸੀ। ਇਤਿਹਾਸਕਾਰਾਂ ਅਨੁਸਾਰ ਬਾਬਰ ਨੇ ਆਪਣੇ ਫ਼ੌਜ ਦੇ ਕਮਾਂਡਰ ਮੀਰ ਬਾਕੀ ਰਾਹੀਂ 1526 ‘ਚ ਰਾਮ ਮੰਦਰ ਵਾਲੀ ਜਗ੍ਹਾ ‘ਤੇ ਮਸਜਿਦ ਦੀ ਉਸਾਰੀ ਆਰੰਭ ਕਰਵਾਈ ਸੀ। ਬਾਬਰ ਆਪਣੇ-ਆਪ ਨੂੰ ਕਦੇ ਵੀ ਭਾਰਤੀ ਨਹੀਂ ਸੀ ਮੰਨਦਾ ਤੇ ਨਾ ਹੀ ਮਰ ਕੇ ਭਾਰਤ ‘ਚ ਸਪੁਰਦ ਏ ਖ਼ਾਕ ਹੋਣਾ ਚਾਹੁੰਦਾ ਸੀ। ਉਸ ਨੇ ਆਦੇਸ਼ ਦਿੱਤਾ ਸੀ ਕਿ ਉਸ ਦਾ ਸਰੀਰ ਅਫ਼ਗ਼ਾਨਿਸਤਾਨ ‘ਚ ਦਫ਼ਨ ਕੀਤਾ ਜਾਵੇ। ਉਸ ਦੀ ਇਹ ਇੱਛਾ ਸ਼ੇਰ ਸ਼ਾਹ ਸੂਰੀ ਨੇ ਪੂਰੀ ਕੀਤੀ ਤੇ ਉਸ ਦਾ ਸਰੀਰ ਆਗਰੇ ਤੋਂ ਭੇਜ ਕੇ ਕਾਬਲ ‘ਚ ਦਫ਼ਨ ਕੀਤਾ ਜਿੱਥੇ ਅੱਜ- ਕੱਲ੍ਹ ਬਾਰੀ ਬਾਬਰ ਨਾਮ ਦਾ ਬਗ਼ੀਚਾ ਤੇ ਮਕਬਰਾ ਹੈ।
ਰਾਮ ਮੰਦਰ ਨੂੰ ਮੁੜ ਹਾਸਲ ਕਰਨ ਲਈ ਸਿੱਖ ਆਗੂਆਂ ਨੇ 165 ਸਾਲ ਪਹਿਲਾਂ ਕੀਤੀ ਸੀ ਪਹਿਲ—-
ਹਰ ਇਕ ਦੇ ਧਰਮ ਅਸਥਾਨ ਸਤਿਕਾਰਯੋਗ ਤੇ ਪੂਜਣਯੋਗ ਹਨ। ਬਾਬਰ ਵੱਲੋਂ ਰਾਮ ਮੰਦਰ ਢਾਹੁਣ ਦਾ ਜੇ ਅਪਰਾਧ ਕੀਤਾ ਗਿਆ ਸੀ, ਇਸ ਬਾਰੇ ਇਨਸਾਫ਼ ਮਿਲਣ ਲਈ ਲੰਮਾ ਸਮਾਂ ਲੱਗ ਗਿਆ। ਭਾਰਤ ਦੀ ਇਸ ਇਤਿਹਾਸਕ ਧਰੋਹਰ ਨੂੰ ਮੁੜ ਹਾਸਲ ਕਰਨ ਦੀ ਪਹਿਲ ਹਿੰਦੂਆਂ ਨੇ ਨਹੀਂ ਸਗੋਂ ਸਿੱਖ ਆਗੂਆਂ ਨੇ ਕੀਤੀ ਸੀ। ਇਸ ਅਸਥਾਨ ਨੂੰ ਮੁਸਲਮਾਨਾਂ ਤੋਂ ਮੁੜ ਹਾਸਲ ਕਰਨ ਪ੍ਰਤੀ ਸਿੱਖਾਂ ਵੱਲੋਂ ਪਾਏ ਗਏ ਇਸ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨਿਹੰਗ ਸਿੰਘ ਬਾਬਾ ਫ਼ਕੀਰ ਸਿੰਘ ਅਤੇ ਜਥੇ ਨੇ ਅਯੁੱਧਿਆ ਦੇ ਇਸੇ ਬਾਬਰੀ ਮਸਜਿਦ ਵਿਚ 28 ਨਵੰਬਰ 1858 ਨੂੰ ਦਾਖਲ ਹੋ ਕੇ ਭਗਵਾਨ ਸ੍ਰੀ ਰਾਮ ਦੀ ਪੂਜਾ – ਹਵਨ ਕਰਾਇਆ ਅਤੇ ਦੀਵਾਰਾਂ ‘ਤੇ ਥਾਂ-ਥਾਂ ‘ਰਾਮ ਰਾਮ’ ਲਿਖਿਆ। ਰਾਮ ਜਨਮ ਭੂਮੀ ਅੰਦੋਲਨ ਦੀ ਇਸ ਸ਼ੁਰੂਆਤ ਲਈ ਉਨ੍ਹਾਂ ’ਤੇ ਮਸਜਿਦ ਦੇ ਅਧਿਕਾਰੀ ਸਈਅਦ ਮੁਹੰਮਦ ਖਤੀਬ ਦੀ ਸ਼ਿਕਾਇਤ ’ਤੇ ਅਵਧ ਥਾਣੇ ’ਚ 1 ਦਸੰਬਰ 1858 ਨੂੰ ਪਰਚਾ ਵੀ ਦਰਜ ਕੀਤਾ ਗਿਆ। ਇਸ 165 ਸਾਲ ਪੁਰਾਣੇ ਵਾਕਿਆ ਬਾਰੇ ਸਰਕਾਰੀ ਰਿਕਾਰਡ ਅਤੇ ਸੁਪਰੀਮ ਕੋਰਟ ਦਾ ਫ਼ੈਸਲਾ ਗਵਾਹੀ ਭਰਦਾ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ ਜੱਜਾਂ ’ਤੇ ਆਧਾਰਤ ਸੰਵਿਧਾਨਕ ਬੈਂਚ ਨੇ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾਣ ਦੇ ਹਵਾਲੇ ਨਾਲ ਰਾਮ ਮੰਦਰ ਤੇ ਬਾਬਰੀ ਮਸਜਿਦ ਵਿਵਾਦ ਦਾ 9 ਨਵੰਬਰ 2019 ’ਚ ਫ਼ੈਸਲਾ ਦਿੱਤਾ ਕਿ ਸ਼ਰਧਾਲੂ 1528 ਈਸਵੀ ਤੋਂ ਪਹਿਲਾਂ ਵੀ ਉੱਥੇ ਭਗਵਾਨ ਰਾਮ ਦੀ ਜਨਮ-ਭੂਮੀ ਦੇ ਦਰਸ਼ਨ ਕਰਨ ਜਾਂਦੇ ਸਨ। ਸੁਪਰੀਮ ਕੋਰਟ ਅਨੁਸਾਰ ਬਾਬਰੀ ਮਸਜਿਦ ਮੁਗ਼ਲ ਬਾਦਸ਼ਾਹ ਬਾਬਰ ਨੇ ਸੈਨਾਪਤੀ ਮੀਰ ਬਾਕੀ ਰਾਹੀਂ 1528 ਈਸਵੀ ’ਚ ਬਣਵਾਈ ਸੀ।ਰਾਮ ਜਨਮ ਭੂਮੀ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਵਿਚ ਅਯੁੱਧਿਆ ‘ਚ ਰਾਮ ਮੰਦਰ ਦੇ ਹੋਣ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 1510-11 ਈਸਵੀ ‘ਚ ਅਯੁੱਧਿਆ ਆਗਮਨ ਤੇ ਪੁਜਾਰੀਆਂ ਨਾਲ ਗੋਸ਼ਠਿ ਨੂੰ ਇਕ ਸਬੂਤ ਵਜੋਂ ਪ੍ਰਵਾਨ ਕੀਤਾ, ਬਾਬਰੀ ਮਸਜਿਦ ਦੀ ਉਸਾਰੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੱਲੋਂ ਇਸ ਦੇ ਸ੍ਰੀ ਰਾਮ ਜੀ ਦੀ ਜਨਮ ਭੂਮੀ ਹੋਣ ਵਜੋਂ ਇਸ ਸਥਾਨ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਧਾਰਮਿਕ ਵਿਅਕਤੀਆਂ, ਮੰਦਿਰ ਦੇ ਪੁਜਾਰੀਆਂ ਅਤੇ ਆਮ ਲੋਕਾਂ ਨਾਲ ਸੰਵਾਦ ਵੀ ਰਚਾਇਆ। ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਯੁੱਧਿਆ ਵਿੱਚ ਉਦੋਂ ਰਾਮ ਮੰਦਿਰ ਮੌਜੂਦ ਸੀ।
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ, ਸਭ ਧਰਮ ਸਥਾਨਾਂ ਦੀ ਯਾਤਰਾ ਕੀਤੀ। ਭਾਈ ਗੁਰਦਾਸ ਜੀ ਲਿਖਦੇ ਹਨ
’ਬਾਬਾ ਆਇਆ ਤੀਰਥੀ ਤੀਰਥ ਪੁਰਬ ਸਭੇ ਫਿਰ ਦੇਖੇ।
ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੱਖੇ।’
ਜਨਮ ਸਾਖੀ ’ਚ ਗੁਰੂ ਨਾਨਕ ਦੀ ਅਯੂਧਿਆ ਫੇਰੀ —-
ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਕਵੀ ਸੰਤੋਖ ਸਿੰਘ ਜੀ ਦੀ ਰਚਿਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਤੋਂ ਇਲਾਵਾ ਆਦਿ ਸਾਖੀ, ਪੁਰਾਤਨ ਜਨਮ ਸਾਖੀ ਅਤੇ ਗੁਰੂ ਨਾਨਕ ਵੰਸ਼ ਪ੍ਰਕਾਸ਼ ਵਿਚ ਇਸ ਬਾਰੇ ਹਵਾਲੇ ਮਿਲਦੇ ਹਨ। ਗੁਰੂ ਨਾਨਕ ਦੇਵ ਜੀ 1507 ਈ. ( ਬਿਕਰਮੀ ਸੰਮਤ 1564) ਨੂੰ ਭਾਦਰਪੁਰ ਪੂਰਨਮਾਸ਼ੀ ਵਾਲੇ ਦਿਨ ਉਦਾਸੀ ਲਈ ਨਿਕਲਦੇ ਹਨ। ਜਨਮ ਸਾਖੀ ਭਾਈ ਬਾਲੇ ਵਾਲੀ ਦੇ ’ਗੁਰੂ ਜੀ ਅਯੁੱਧਿਆ ਕੋ ਗਏ’ ਅਧਿਆਏ ’ਚ ਉਲੇਖ ਹੈ ਕਿ ਸ੍ਰੀ ਗੁਰੂ ਨਾਨਕ ਜੀ ਨੇ ਕਿਹਾ ਭਾਈ ਬਾਲਾ ਇਹ ਭੀ ਨਗਰੀ ਸ੍ਰੀ ਰਾਮ ਚੰਦਰ ਜੀ ਕੀ ਹੈ। ਏਥੇ ਰਾਮ ਚੰਦ੍ਰ ਜੀ ਨੇ ਅਵਤਾਰ ਧਾਰ ਕੇ ਚਰਿਤ੍ਰ ਕੀਤੇ ਹਨ, ਸੋ ਦੇਖ ਕੇ ਹੀ ਚੱਲੀਏ ਤਾਂ ਸ੍ਰੀ ਗੁਰੂ ਜੀ ਸਰਜੂ ਨਦੀ ਦੇ ਕਿਨਾਰੇ ਪਰ ਜਾਇ ਬੈਠੇ ਤਾਂ ਉੱਥੋਂ ਦੇ ਲੋਕ ਚਰਨੀ ਆਇ ਲੱਗੇ, ਭਾਈ ਬਾਲੇ ਕਿਹਾ ਸ੍ਰੀ ਰਾਮ ਚੰਦ੍ਰ ਜੀ ਤਾਂ ਨਗਰੀ ਕੋ ਸਾਥ ਲੈ ਗਏ ਸਨ, ਇਹ ਕਹਾਂ ਸੇ ਆਏ ਤਾਂ ਓਥੋਂ ਦੇ ਪੰਡਿਆਂ ਆਖਿਆ ਬਾਬਾ ਜੀ ਜੇਹੜੇ ਘਰ ਸਨ ਤਾਂ ਨਾਲ ਨਹੀਂ ਸੇ ਲੇ ਗਏ ਅਤੇ ਜੋ ਰਾਮ ਚੰਦ੍ਰ ਜੀ ਕਾ ਦਰਸ਼ਨ ਕਰਤੇ ਅਰ ਜੋ ਉਨ ਕਾ ਨਾਮ ਜਪਤੇ ਥੇ ਸੋ ਬੈਕੁੰਠ ਕੋ ਜਾਇ ਪ੍ਰਾਪਤ ਭਏ ਹੈਨ। ਇਥੇ ਗੁਰੂ ਸਾਹਿਬ ਲੋਕਾਂ ਨੂੰ ਆਏ ਸਾਧ ਦੀ ਸੇਵਾ, ਤਨ ਮਨ ਲਾ ਕੇ ਪਰਮੇਸ਼ਰ ਦਾ ਜਾਪ ਕਰਨ , ਵੰਡ ਛਕਣ ਅਤੇ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦੇ ਕੇ ਅੱਗੇ ਚਲੇ ਗਏ ਸਨ।
ਮਹਾਨਕੋਸ਼ ਭਾਈ ਕਾਹਨ ਸਿੰਘ ਨਾਭਾ–
ਗੁਰੂ ਸਾਹਿਬ ਦੀ ਅਯੁੱਧਿਆ ਫੇਰੀ ਬਾਰੇ, ਮਹਾਨਕੋਸ਼ ਵਿਚ ਭਾਈ ਕਾਹਨ ਸਿੰਘ ਨਾਭਾ ਨੇ ਇਸ ਤਰ੍ਹਾਂ ਲਿਖਿਆ ਹੈ ਯੂਪੀ ਵਿੱਚ ਵੈਜਾਬਾਦ ਜ਼ਿਲ੍ਹੇ ਦੀ ਸੁਰਜੂ (ਸਰਯੂ) ਨਦੀ ਦੇ ਕਿਨਾਰੇ ਕਮਲ ਦੇਸ ਦੀ ਪ੍ਰਧਾਨ ਪੂਰੀ, ਜਿਸ ਦੀ ਹਿੰਦੂਆਂ ਦੀਆਂ ਸੱਤ ਪਵਿੱਤਰ ਪੁਰੀਆਂ ਵਿੱਚ ਗਿਣਤੀ ਹੈ, ਅਤੇ ਰਾਮ ਚੰਦਰ ਜੀ ਦਾ ਜਨਮ ਇਸੇ ਥਾਂ ਹੋਇਆ ਹੈ ਅਤੇ ਇਹ ਸੂਰਯਵੰਸ਼ੀ ਰਾਜਿਆਂ ਦੀ ਦੇਰ ਤੀਕ ਰਾਜਧਾਨੀ ਰਹੀ ਹੈ। ਵਾਲਮੀਕ ਨੇ ਲਿਖਿਆ ਹੈ ਕਿ ਅਯੁੱਧਿਆ ਵੈਸ਼ਵ ਮਨੂ ਨੇ ਵਸਾਈ ਸੀ। ਇਥੇ ਇਕ ਬ੍ਰਹਮ ਕੁੰਡ ਹੈ, ਬ੍ਰਹਮ ਕੁੰਡ ਘਾਟ ਦਾ ਅਸਲੀ ਨਾਮ ਤੀਰਥ ਰਾਜ ਘਾਟ ਹੈ, ਬ੍ਰਹਮਾ ਜੀ ਦੇ ਤਪ ਕਰਨੇ ‘ਤੇ ਨਾਮ ਬਦਲ ਗਿਆ ।
ਅਯੁੱਧਿਆ ਸ਼ਹਿਰ ਵਿਖੇ 9 ਇਤਿਹਾਸਕ ਗੁਰਦੁਆਰੇ ਹਨ । 3 ਗੁਰਦੁਆਰੇ ਬ੍ਰਹਮਕੁੰਡ ਘਾਟ ਦਰਿਆ ਸੁਰਜੂ ਦੇ ਕੰਢੇ ‘ਤੇ ਹਨ। ਇਕ ਦਸਵੇਂ ਪਾਤਸ਼ਾਹ ਜੀ ਦਾ ਹੈ, ਪਾਸ ਹੀ ਪਹਿਲੀ ਪਾਤਸ਼ਾਹੀ ਜੀ ਦੀ ਤੇ ਨੌਵੀਂ ਪਾਤਸ਼ਾਹੀ ਜੀ ਦੀਆਂ ਦੋ ਮੰਜੀਆਂ ਸਾਹਿਬ ਹਨ ਅਤੇ ਨਿਸ਼ਾਨ ਸਾਹਿਬ ਝੂਲ ਰਹੇ ਹਨ। ਇਸ ਜਗ੍ਹਾ ਪਹਿਲੀ ਪਾਤਸ਼ਾਹੀ ਜੀ ਪੰਜਾਬ ਤੋਂ ਆਉਂਦੇ ਹੋਏ ਠਹਿਰੇ ਸਨ ਤੇ ਨੌਵੇਂ ਪਿਤਾ ਜੀ ਪੰਜਾਬ ਨੂੰ ਜਾਂਦੇ ਹੋਏ ਠਹਿਰੇ ਸਨ। ਤੇ ਦਸਵੇਂ ਪਿਤਾ ਜੀ ਵੀ ਪੰਜਾਬ ਨੂੰ ਜਾਂਦੇ ਠਹਿਰੇ ਸਨ। ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਜ਼ਰ ਬਾਗ਼ ਦੇ ਨਾਮ ‘ਤੇ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਮ ਚੰਦਰ ਦੇ ਪ੍ਰਗਟ ਹੋਣੇ ਦੀ ਭਾਈ ਮਰਦਾਨੇ ਨੂੰ ਸਾਖੀ ਸੁਣਾਈ ਸੀ। ਦਸਮ ਪਿਤਾ ਜੀ ਦਾ ਗੁਰਦੁਆਰਾ ਹਨੁਮਾਨਗੜ੍ਹੀ, ਦੂਸਰਾ ਗੁਰਦੁਆਰਾ ਵਸ਼ਿਸ਼ਟ ਕੁੰਡ ਦੇ ਪਾਸ ਹੈ । ਇਸ ਜਗ੍ਹਾ ਦਸਮ ਪਿਤਾ ਜੀ ਨੇ ਪਟਨਾ ਸਾਹਿਬ ਜੀ ਤੋਂ ਆਸਣ ਲਾਇਆ ਸੀ। ਤੀਸਰਾ ਗੁਰਦੁਆਰਾ ਦਸਮ ਪਿਤਾ ਜੀ ਦਾ ਹੈ ਜੋ ਸਵਰ ਦੁਆਰੀ ਘਾਟ ‘ਤੇ ਹੈ। ਸ਼ਹਿਰ ਅਯੁੱਧਿਆ ਤੋਂ 10 ਮੀਲ ਤੇ ਪੂਰਬ ਵੱਲ ਸਰਜੂ ਕੁੰਡ ਦੇ ਪਾਸ ਹੀ ਰਸਤਾ ਜਾਂਦਾ ਹੈ। ਜੋ ਬਿਲਹਾਰ ਘਾਟ ਦੇ ਨਾਮ ‘ਤੇ ਮਸ਼ਹੂਰ ਹੈ। ਇਸੀ ਜਗ੍ਹਾ ਹੀ ਰਾਜਾ ਦਸ਼ਰਥ ਦਾ ਸੰਸਕਾਰ ਹੋਇਆ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਰਾਮਾਵਤਾਰ—
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਰਾਮ ਚੰਦਰ ਜੀ ਦੀ ਪੂਰੀ ਕਥਾ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਰਾਮਾਵਤਾਰ ਵਜੋਂ ਦਰਜ ਕੀਤੀ ਹੈ। ਸ੍ਰੀ ਅਨੰਦਪੁਰ ਵਿਖੇ ਲਿਖੀ ਗਈ ਇਸ ਵੱਡ ਆਕਾਰੀ ਰਚਨਾ ਵਿਚ ਜਿੱਥੇ ਵੀ ਯੁੱਧ ਦਾ ਵਰਣਨ ਆਇਆ ਬੀਰ ਰਸ ਦਾ ਪ੍ਰਯੋਗ ਕੀਤਾ ਗਿਆ।ਇਹ ਪੌਰਾਣਿਕ ਰਚਨਾ ਆਪਣੇ ਰਚਨਾ ਉਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਕਦੇ ਤਲਵਾਰ ਨੂੰ ਹੱਥ ਨਹੀਂ ਸੀ ਲਾਇਆ, ਉਹ ਯੁੱਧ ਵੀਰ ਬਣ ਕੇ ਰਣ ਵਿੱਚ ਨਿੱਤਰੇ ਅਤੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਯੁੱਧ ਲਈ ਪ੍ਰੇਰਿਤ ਕਰਨ ਦਾ ਉਦੇਸ਼ ਮਨੁੱਖੀ ਵਿਕਾਸ ਵਿੱਚ ਰੁਕਾਵਟ ਪਾਉਣ ਵਾਲੀਆਂ ਸ਼ਕਤੀਆਂ ਨੂੰ ਬਲਹੀਣ ਕਰਨ ਨਾਲ ਸੀ।
ਇਸ ਰਾਮਾਵਤਾਰ ’ਚ ਸ੍ਰੀ ਰਾਮ ਦੀ ਵਡਿਆਈ ਕੀਤੀ ਗਈ ਹੈ।
ਦੋਹਰਾ।। ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ॥
ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ॥੮੫੮॥
ਭਾਵ ਸ੍ਰੀ ਰਾਮ ਜੀ ਦੀ ਕਥਾ ਜੁਗਾਂ ਜੁਗਾਂ ਵਿਚ ਅਟਲ ਹੈ। ਹਰ ਕੋਈ ਅਨੇਕ ਤਰਾਂ ਨਾਲ ਉਸ ਕਥਾ ਨੂੰ ਕਹਿੰਦਾ ਹੈ। ਸ੍ਰੀ ਰਾਮ ਚੰਦਰ ਜੀ ਸਾਰੇ ਨਗਰ ਵਾਸੀਆਂ ਸਮੇਤ ਸਵਰਗ ਨੂੰ ਜਾਣਾ ਕੀਤਾ ਹੈ। ਇਸ ਤੋਂ ਅੱਗੇ –
’’ਜੋ ਇਹ ਕਥਾ ਸੁਨੈ ਅਰੁ ਗਾਵੈ। ਦੂਖ ਪਾਪ ਤਿਹ ਨਿਕਟਿ ਨ ਆਵੈ। ਬਿਸਨੁ ਭਗਤਿ ਕੀ ਏ ਫਲੁ ਹੋਈ। ਆਧਿ ਬੁਯਾਧਿ ਛ੍ਹੈ ਸਕੈ ਨ ਕੋਈ। ੮੫੯। ’’
ਅਰਥ: ਜੋ ਕੋਈ ਇਸ ਰਾਮ ਕਥਾ ਨੂੰ ਸੁਣੇਗਾ ਅਤੇ ਪੜ੍ਹੇਗਾ, ਦੁਖ ਅਤੇ ਪਾਪ ਉਸ ਦੇ ਨੇੜੇ ਨਹੀਂ ਆਵੇਗਾ। ਵਿਸ਼ਣੂ ਭਗਤੀ ਕਰਨ ਦਾ ਇਹੀ ਫਲ ਪ੍ਰਾਪਤ ਹੋਵੇਗਾ ਕਿ ਕੋਈ ਆਧਿ ਜਾਂ ਬਿਆਧਿ ਉਸ ਭਗਤ ਨੂੰ ਛੋਹ ਵੀ ਨਹੀਂ ਸਕੇਗੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਮ ਕਥਾ ——-
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਮ ਕਥਾ ਨੂੰ ਕਈ ਸੰਦਰਭਾਂ ਵਿਚ ਪੇਸ਼ ਕੀਤਾ ਗਿਆ ਹੈ। ਜਿੱਥੇ ਸ੍ਰੀ ਰਾਮ ਚੰਦਰ ਨੂੰ ਇਕ ਗੁਰਮੁਖ ਵਜੋਂ ਚਿਤਵਿਆ ਗਿਆ ਹੈ ਉੱਥੇ ਰਾਵਣ ਨੂੰ ਮੂਰਖ ਅਤੇ ਅਹੰਕਾਰੀ ਕਿਹਾ ਹੈ।
(1) ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ ਲੰਕਾ ਲੂਟੀ ਦੈਤ ਸੰਤਾਪੈ ॥ ਰਾਮਚੰਦਿ ਮਾਰਿਓ ਅਹਿ ਰਾਵਣੁ ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥ ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥ ( ਅੰਗ 942)
(2) ਦਸ ਅਵਤਾਰੀ ਰਾਮੁ ਰਾਜਾ ਆਇਆ ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥ ( ਅੰਗ 1279)
(3) ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ ( ਅੰਗ 1390)
ਰਮਾਇਣ ’ਚ ਆਈ ਇੰਦਰ ਅਤੇ ਅਹਿਲਿਆ ਬਾਰੇ ਸਾਖੀ ਨੂੰ ਗੁਰਬਾਣੀ ( ਸ੍ਰੀ ਗੁਰੂ ਗ੍ਰੰਥ ਸਾਹਿਬ) ਵਿਚ (1) ਗੁਰੂ ਨਾਨਕ ਦੇਵ ਜੀ ਨੇ ਇਸ ਤਰਾਂ ਜਗਾ ਦਿੱਤੀ ਗਈ ਹੈ ਕਿ ’’ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥’’ ( ਅੰਗ 1344)
(2) ਭਗਤ ਰਵਿਦਾਸ ਜੀ ਦੀ ਬਾਣੀ ’ਚ ’’ ਗੋਤਮ ਨਾਰਿ ਉਮਾਪਤਿ ਸ੍ਵਾਮੀ ॥ ਸੀਸੁ ਧਰਨਿ ਸਹਸ ਭਗ ਗਾਂਮੀ ॥੪॥ .. ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥’’ ( ਅੰਗ -710)
(3) ਭਗਤ ਨਾਮਦੇਵ ਜੀ ਦੀ ਬਾਣੀ ’ਚ ’’ ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥ ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥’’ ( ਅੰਗ -988)
ਵੇਦਾਂ ਬਾਰੇ ਗੁਰਬਾਣੀ ਦਾ ਦ੍ਰਿਯਟੀਕੋਣ —
ਹਿੰਦੂ ਧਰਮ ਵਿਚ ਵੇਦਾਂ ਦੀ ਵੱਡੀ ਮਹਿਮਾ ਹੈ। ਕੁਝ ਲੋਕ ਇਸ ਬਾਰੇ ਗ਼ਲਤ ਟਿੱਪਣੀਆਂ ਵੀ ਕਰਦੇ ਹਨ, ਪਰ ਗੁਰਬਾਣੀ ਵੇਦਾਂ ਦੀ ਉਸਤਤ ਕਰਦੀ ਹੈ ਅਤੇ ਕਹਿੰਦੀ ਹੈ ਕਿ (1) ’’ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥’’ ( ਅੰਗ – ੧੩੫੦) ਭਾਵ ਕਿ, ਵੇਦ ਕਤੇਬ ਆਦਿ ਨੂੰ ਝੂਠਾ ਨਾ ਕਹੋ, ਝੂਠੇ ਉਹ ਲੋਕ ਹਨ ਜੋ ਇਨ੍ਹਾਂ ਦੀ ਗਹਿਰਾਈ ਨੂੰ ਨਹੀਂ ਵਿਚਾਰਦੇ ਹਨ।
(2) ’’ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥’’ {ਪੰਨਾ 919}
ਭਾਵ ਕਿ – ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ, ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਿੰਦੂ ਭਗਤ ਜਨਾਂ ਦੀ ਬਾਣੀ —–
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ 15 ਭਗਤਾਂ ਵਿਚੋਂ 13 ਹਿੰਦੂ ਭਗਤ ਸਾਹਿਬਾਨ ਜਿਨਾਂ ’ਚ ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਬੇਣੀ ਜੀ, ਭਗਤ ਭੀਖਨ ਜੀ, ਭਗਤ ਸਧਨਾ ਜੀ, ਭਗਤ ਪੀਪਾ ਜੀ, ਭਗਤ ਤ੍ਰਿਲੋਚਨ ਜੀ, ਭਗਤ ਰਾਮਾਨੰਦ ਜੀ, ਭਗਤ ਜੈਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਸੂਰਦਾਸ ਜੀ, ਭਗਤ ਸੈਣ ਜੀ ਅਤੇ ਚਾਰ ਮੁਸਲਮਾਨ ਫਕੀਰਾਂ ਭਗਤਾਂ ਭਗਤ ਕਬੀਰ ਜੀ, ਸ਼ੇਖ਼ ਫ਼ਰੀਦ ਸ਼ਕਰਗੰਜ ਜੀ, ਅਤੇ ਗਿਆਰਾਂ ਹਿੰਦੂ ਭੱਟਾਂ ਦੀ ਜਿਨਾਂ ’ਚ ਭੱਟ ਕਲਸਹਾਰ ਜੀ, ਭੱਟ ਜਾਲਪ ਜੀ,ਭੱਟ ਕੀਰਤ ਜੀ, ਭੱਟ ਭਿਖਾ ਜੀ, ਭੱਟ ਸਲ੍ਹ ਜੀ, ਭੱਟ ਭਲ੍ਹ ਜੀ, ਭੱਟ ਨਲ੍ਹ ਜੀ, ਭੱਟ ਸਯੰਦੇ ਜੀ, ਭੱਟ ਮਥਰਾ ਜੀ, ਭੱਟ ਬਲ੍ਹ ਜੀ, ਭੱਟ ਹਰਿਬੰਸ ਜੀ, ਅਤੇ ਬਾਬਾ ਸੁੰਦਰ ਜੀ, ਭਾਈ ਸੱਤਾ ਤੇ ਭਾਈ ਰਾਇ ਬਲਵੰਡ ਜੀ ਦੀਆਂ ਬਾਣੀਆਂ ਦਰਜ ਹਨ।
ਰਿਸ਼ੀ ਬਾਲਮੀਕ ਜੀ ਦੀ ਭੂਮਿਕਾ—–
ਰਮਾਇਣ ਅਤੇ ਗੁਰਬਾਣੀ ਦੀ ਗਲ ਚਲਦੀ ਹੋਵੇ ਤਾਂ ਰਿਸ਼ੀ ਬਾਲਮੀਕ ਜੀ ਦੀ ਗਲ ਕੀਤੇ ਬਿਨਾ ਵਿਚਾਰ ਅਧੂਰਾ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਨਾਂ ਦੇ ਨਾਮ ’ਤੇ ਅਯੁੱਧਿਆ ਦਾ ਹਵਾਈ ਅੱਡਾ ਉਸਾਰਿਆ ਗਿਆ ਹੈ। ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਅੰਦਰ ਰਿਸ਼ੀ ਬਾਲਮੀਕ ਜੀ ਨੂੰ ਪੂਜਿਆ ਜਾਂਦਾ ਹੈ। ਰਿਸ਼ੀ ਬਾਲਮੀਕ ਜੀ ਦਾ ਜੀਵਨ ਸੰਘਰਸ਼ਮਈ ਸੀ। ਉਨ੍ਹਾਂ ਸੱਚ ਦਾ ਪ੍ਰਤੱਖ ਗਿਆਨ ਹੋਣ ਉਪਰੰਤ ਤਿਆਗ, ਦਲੇਰੀ ਅਤੇ ਹੱਕ ਸੱਚ ਲਈ ਲੜਨ ਅਤੇ ਅਣਖ ਨਾਲ ਜ਼ਿੰਦਗੀ ਨੂੰ ਜੀਉਣ ਦੀ ਇੱਕ ਮਿਸਾਲ ਪੇਸ਼ ਕੀਤੀ। ਕਹਿੰਦੇ ਹਨ ਕਿ ਬਾਲਮੀਕ ਜੀ ਜੀਵਨ ਦੇ ਪਹਿਲੇ ਪੜਾਅ ਵਿਚ ਆਪਣੇ ਪਰਿਵਾਰ ਦੇ ਪਾਲਨ ਪੋਸ਼ਣ ਵਿਚ ਲੱਗਾ ਰਿਹਾ ਤਾਂ ਇੱਕ ਦਿਨ ਜੰਗਲ ਵਿਚ ਆਪ ਜੀ ਦਾ ਮੇਲ ਸਾਧੂਆਂ, ਰਿਸ਼ੀਆਂ ਮੁਨੀਆਂ ਨਾਲ ਹੋਇਆ । ਉਨ੍ਹਾਂ ਤੋ ਰਾਮ ਨਾਮ ਦਾ ਉਪਦੇਸ਼ ਲੈ ਕੇ ਉਸੇ ਥਾਂ ਤੇ ਰਾਮ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਰਾਮ ਨਾਮ ਅਤੇ ਪ੍ਰਭੂ ਸਿਮਰਨ ਵਿਚ ਇਨ੍ਹਾਂ ਖੁੱਭਿਆ ਕਿ ਆਪ ਇੱਕ ਦਿਨ ਆਤਮ ਗਿਆਨੀ ਬਾਲਮੀਕ ਬਣ ਗਏ।
ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਵਿਚ ਭਗਤ ਅਜਾਮਲ ਜੀ ਅਤੇ ਬਾਲਮੀਕ ਜੀ ਦੀ ਸਿਫ਼ਤ ਕਰਦਿਆਂ ਫ਼ਰਮਾਉਂਦੇ ਹਨ –
’’ਅਜਮਲੁ ਉਧਰਿਆ ਕਹਿ ਏਕ ਬਾਰ॥ ਬਾਲਮੀਕੈ ਹੋਆ ਸਾਧਸੰਗੁ॥’’
ਰਿਸ਼ੀ ਬਾਲਮੀਕ ਜੀ ਨੂੰ ਨਿਰਸਵਾਰਥ ਪ੍ਰਭੂ ਭਗਤੀ ਵਿਚ ਲੀਨ ਹੋਣ ਕਾਰਨ ਏਨੀ ਸੂਝ ਅਤੇ ਆਤਮ ਦ੍ਰਿਸ਼ਟੀ ਪ੍ਰਾਪਤ ਹੋਈ ਕਿ ਆਪ ਜੀ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਅਵਤਾਰ ਧਾਰਨ ਤੋ ਪਹਿਲਾਂ ਹੀ ਸ੍ਰੀ ਰਾਮ ਜੀ ਦੀ ਅਮਰ ਕਥਾ ਭਾਵ ” ਰਮਾਇਣ ” ਦੀ ਰਚਨਾ ਕਰ ਦਿੱਤੀ। ਇਹ ਰਚਨਾ ਸੰਸਕ੍ਰਿਤ ਵਿਚ ਹੋਣ ਕਾਰਨ ਸੰਸਕ੍ਰਿਤ ਕਵਿ ਦਾ ਪਿਤਾਮਾ ਵੀ ਹਨ। ਰਿਸ਼ੀ ਬਾਲਮੀਕ ਜੀ ਨੇ ਗਰਭਵਤੀ ਮਾਤਾ ਸੀਤਾ ਜੀ ਨੂੰ ਆਪਣੇ ਕੋਲ ਅਜੋਕੇ ਅੰਮ੍ਰਿਤਸਰ ਨਜ਼ਦੀਕ ਅਸਥਾਨ ਰਾਮ ਤੀਰਥ ਵਿਖੇ ਪਨਾਹ ਦਿੱਤੀ। ਲਵ ਅਤੇ ਕੁਸ਼ ਨੂੰ ਸ਼ਸਤਰ ਅਤੇ ਸ਼ਾਸਤਰ ਦੀ ਵਿੱਦਿਆ ਦੇ ਕੇ ਨਿਪੁੰਨ ਤੇ ਨਿਡਰ ਯੋਧੇ ਬਣਾ ਦਿੱਤਾ। ਇਹ ਸ੍ਰੀ ਬਾਲਮੀਕ ਜੀ ਦੀ ਸਿੱਖਿਆ ਦਾ ਹੀ ਅਸਰ ਸੀ ਕਿ ਜੱਦੋ ਸ੍ਰੀ ਰਾਮ ਨੇ ਅਸਮੇਧ ਯੱਗ ਲਈ ਆਪਣਾ ਘੋੜਾ ਛੱਡਿਆ ਤਾਂ ਇਹਨਾਂ ਹੀ ਬਹਾਦਰ ਬਾਲਕਾਂ ਨੇ ਘੋੜਾ ਫੜ ਕੇ ਪੰਜਾਬ ਦੀ ਧਰਤੀ ਉੱਤੇ ਜੰਗ ਦੀ ਚੁਨੌਤੀ ਸਵੀਕਾਰ ਕੀਤੀ। ਸ੍ਰੀ ਰਾਮ ਦੀਆਂ ਫ਼ੌਜਾਂ ਨੂੰ ਹਰਾਇਆ। ਵਿਸ਼ਵ ਨੂੰ ਸ਼ਾਂਤੀ ਦਾ ਉਪਦੇਸ਼ ਦੇਣ ਵਾਲੇ ਭਗਵਾਨ ਬਾਲਮੀਕ ਜੀ ਰਮਾਇਣ ਮਹਾਂ ਕਾਵਿ ਰਾਹੀ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨੂੰ ਲੋਕਾਂ ਸਾਹਮਣੇ ਪੇਸ਼ ਕਰਦਿਆਂ ਉਨ੍ਹਾਂ ਲੋਕਾਂ ਨੂੰ ਸਮਾਜਿਕ ਮਰਿਆਦਾ ਅਨੁਸਾਰ ਸਹੀ ਰਾਹ ਤੇ ਚਲਣ ਦਾ ਉਪਦੇਸ਼ ਦਿੰਦਿਆਂ ਮਨੁੱਖੀ ਜੀਵਨ ਵਿਚ ਸੁਧਾਰ ਲਿਆਉਣ ਦਾ ਕਾਰਜ ਕਰਨ ਵਾਲੇ ਪਹਿਲੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਸਨ।
ਮੁਸਲਮ ਰਾਜ ਅਤੇ ਸਮਾਜ ਵਿਚ ਹਿੰਦੂਆਂ ਦੀ ਦਸ਼ਾ ਅਤੇ ਗੁਰੂ ਨਾਨਕ ਦੀ ਸਿਖ ਇਨਕਲਾਬੀ ਲਹਿਰ —
ਭਾਰਤ ’ਚ ਕੇਂਦਰੀ ਸਤਾ ਦੀ ਅਣਹੋਂਦ ਨਾਲ ਮੁਸਲਮਾਨਾਂ ਹੱਥੋਂ ਹਿੰਦੂਆਂ ਦੀ ਹਾਰ ਨਾਲ ਉਨ੍ਹਾਂ ਦਾ ਰਾਜਨੀਤਿਕ ਜੀਵਨ ਮੰਦ ਪੈ ਗਿਆ। ਮੁਸਲਮਾਨ ਮੰਨਦੇ ਸਨ ਕਿ ਜਿਹੜਾ ਧਰਮ ਮੂਰਤੀ ਪੂਜਾ ਵਿਚ ਵਿਸ਼ਵਾਸ ਰੱਖਦਾ ਹੈ ਉਸ ਨੂੰ ਜੜ੍ਹੋਂ ਖ਼ਤਮ ਕਰ ਦੇਣਾ ਹੀ ਧਰਮ ਦਾ ਸਭ ਤੋਂ ਵੱਡਾ ਕੰਮ ਹੈ। ਮੁਸਲਮਾਨ ਗਊ ਭਖਿਅਕ ਸਨ ਤਾਂ ਹਿੰਦੂ ਗਊ ਹੱਤਿਆ ਨੂੰ ਵੱਡਾ ਪਾਪ ਸਮਝਦੇ ਸਨ। ਇਹ ਜੋ ਹਿੰਦੁਸਤਾਨ ’ਚ ਨਵਾਂ ਧਰਮ ਆਇਆ ਇਹ ਲੋਕਾਂ ਦਾ ਨਾ ਹੋ ਕੇ ਹੁਕਮਰਾਨ ਦਾ ਸੀ। ਇਹ ਹਿੰਦੂਤਵ ਨਾਲ ਦੋਸਤੀ ਦੀ ਥਾਂ ਉਸ ਨੂੰ ਆਪਣੇ ’ਚ ਸਮੋਣ ਦਾ ਸੀ। ਇਸ ਸੰਪਰਦਾਇਕ ਰਾਜ ਵਿਚ ਹਿੰਦੂਆਂ ’ਤੇ ਅਨੇਕਾਂ ਪਾਬੰਦੀਆਂ ਲਾ ਦਿੱਤੀਆਂ ਗਈਆਂ। ਜੋ ਕੋਈ ਵੀ ਹਿੰਦੂ ਹੈ ਤਾਂ ਉਸ ਨੂੰ ਜਜ਼ੀਆ ਦੇਣਾ ਪੈਦਾ ਸੀ। ਧਰਮ ਕਰਮ ਨੂੰ ਚੌਕਸੀ ਨਾਲ ਨਿਭਾਉਣ, ਆਪਣਾ ਪਹਿਰਾਵਾ ਮਾਮੂਲੀ ਰੱਖਣ ਤੋਂ ਇਲਾਵਾ ਘੋੜੇ ’ਤੇ ਚੜ੍ਹ ਕੇ ਮੁਸਲਮਾਨਾਂ ਦੇ ਸਾਹਮਣੇ ਜਾਣ ਅਤੇ ਸ਼ਸਤਰ ਰੱਖਣ ਦੀ ਵੀ ਮਨਾਹੀ ਸੀ। ਮੁਸਲਿਮ ਰਾਜ ਵਿਚ ਮੰਦਰ ਨਹੀਂ ਬਣਾਇਆ ਜਾ ਸਕਦਾ ਸੀ। ਭਾਰਤ ’ਚ ਇਸਲਾਮ ਰਾਜ ਦਾ ਆਰੰਭ ਮਾਰ ਕਾਟ, ਖ਼ੂਨ ਖ਼ਰਾਬਾ, ਧਰਮ ਪਰਿਵਰਤਨ, ਬੁਰਾਈ ਅਤੇ ਅਨਿਆਂ ਦਾ ਇਤਿਹਾਸ ਰਿਹਾ। ਅਜਿਹੀ ਅਵਸਥਾ ਵਿਚ ਭਗਤੀ ਲਹਿਰ ਦੇ ਭਗਤ ਸਾਹਿਬਾਨ ਨੇ ਸੱਚ ਦਾ ਹੋਕਾ ਦਿੱਤਾ। ਗੁਰੂ ਨਾਨਕ ਨੇ ਇਸ ਲਹਿਰ ਨੂੰ ਅੱਗੇ ਤੋਰਿਆ ਅਤੇ ’ਨਿਰਮਲ ਪੰਥ’ ਤੋਂ ਸ਼ੁਰੂ ਕਰਦਿਆਂ ਦਸਵੇਂ ਜਾਮੇ ਵਿਚ ’ਖ਼ਾਲਸੇ’ ਦੀ ਸਿਰਜਣਾ ਕੀਤੀ ਅਤੇ ਸ਼ਸਤਰ ਅਤੇ ਸ਼ਾਸਤਰ ਦਾ ਸੁਮੇਲ ਕੀਤਾ। ਧਰਮ ਅਤੇ ਸੱਚ ’ਤੇ ਪਹਿਰਾ ਦੇਣ ਲਈ ਗੁਰੂ ਅਰਜਨ ਦੇਵ ਜੀ ਨੂੰ ਸ਼ਹਾਦਤ ਦੇਣੀ ਪਈ। ਤਿਲ ਜੰਞੂ ਦੀ ਰੱਖਿਆ ਲਈ ਦਿਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿੱਤੀ। ਜੇਕਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਵਾਰ ਕੇ ਹਿੰਦ ਉੱਤੇ ਪਰਉਪਕਾਰ ਨਾ ਕਰਦੇ ਤਾਂ ਹਿੰਦ ਦੀ ਵੰਨ ਸੁਵੰਨਤਾ ਅਤੇ ਅਨੇਕਤਾ ਵਿਚ ਏਕਤਾ ਖ਼ਤਮ ਹੋ ਜਾਂਦੀ। ਇੱਥੇ ਕੇਵਲ ਇਸਲਾਮ ਦਾ ਬੋਲਬਾਲਾ ਹੁੰਦਾ। ਹਕੀਕਤ ਇਹ ਹੈ ਕਿ ਭਾਰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਆਰੰਭੀ ਇਨਕਲਾਬੀ ਲਹਿਰ ਅਤੇ ਸਿੰਘਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਪਣੀ ਸੰਸਕ੍ਰਿਤੀ, ਹੋਂਦ, ਹਸਤੀ, ਧਰਮ ਅਤੇ ਸਭਿਆਚਾਰ ਨੂੰ ਬਚਾ ਸਕਿਆ ਹੈ। ਭਾਰਤ ਗੁਰੂ ਗੋਬਿੰਦ ਸਿੰਘ ਜੀ ਦਾ ਕਰਜ਼ਾ ਲਾਹ ਹੀ ਨਹੀਂ ਸਕਦਾ। ਸੂਫ਼ੀ ਫ਼ਕੀਰ ਸਾਈ ਬੁੱਲੇ ਸ਼ਾਹ ਨੇ ਠੀਕ ਹੀ ਕਿਹਾ ਸੀ, –
’’ਨ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ’’।
ਇਸ ਤਰਾਂ ਜੇਕਰ ਕੌਮ ਤੇ ਧਰਮ ਲਈ ਕੁਰਬਾਨੀ ਦੀ ਗੱਲ ਹੋਵੇ, ਤਾਂ ਸਿੱਖ ਗੁਰੂ ਸਾਹਿਬਾਨ ਦਾ ਕੋਈ ਸਾਨੀ ਨਜ਼ਰ ਨਹੀਂ ਆਉਂਦਾ । ਰਾਮ ਰਾਜ ਜਾਂ ਹਲੀਮੀ ਰਾਜ ਦਾ ਸੰਕਲਪ ਜੋ ਕਿ ਇੱਕ ਆਦਰਸ਼ ਰਾਜ ਦਾ ਰਾਹ ਦਸੇਰਾ ਹੈ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਦੌਰਾਨ ਅਮਨ, ਸ਼ਾਂਤੀ, ਨਿਆਂ, ਵਿਕਾਸ, ਸੁਰੱਖਿਆ ਤੇ ਮਜ਼ਬੂਤ ਸਮਾਜਿਕ ਭਾਈਚਾਰੇ ਦੇ ਆਦਰਸ਼ ਵਜੋਂ ਪਰਗਟ ਕੀਤਾ ।
ਪੰਡਿਤ ਮਦਨ ਮੋਹਨ ਮਾਲਵੀਆ ਦਾ ਐਲਾਨ : ਹਰੇਕ ਹਿੰਦੂ ਨੂੰ ਆਪਣਾ ਇੱਕ ਲੜਕਾ ਸਿੰਘ ਸਜਾਉਣਾ ਚਾਹੀਦਾ ਹੈ–
ਭਾਰਤ ’ਚ ਹਿੰਦੂ ਮੁਸਲਮਾਨਾਂ ਦਾ ਕਲੇਸ਼ ਕਾਫ਼ੀ ਦੇਰ ਤਕ ਚਲਦਾ ਰਿਹਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਸਿੱਖ ਪੰਥ ਆਪਣੀ ਆਜ਼ਾਦ ਹਸਤੀ ਬਰਕਰਾਰ ਰੱਖਦਾ ਹੋਇਆ, ਹਰ ਮਜ਼ਲੂਮ ਨਾਲ ਖੜ੍ਹਾ ਹੁੰਦਾ ਰਿਹਾ। ਜਾਬਰ ਨਾਲ ਲੜਿਆ ਅਤੇ ਖ਼ਾਲਸੇ ਦੀ ਸ਼ਸਤਰ ਨੇ ਹਮੇਸ਼ਾਂ ਗ਼ਰੀਬ ਦੀ ਰੱਖਿਆ ਕੀਤੀ। 1936, ਅਲੀਗੜ੍ਹ ਦੀ ਗਲ ਹੈ ਕਿ । ਉੱਥੇ ਸੰਨ 1924 ਤੋਂ ਬਾਅਦ ਮੁਸਲਮਾਨਾਂ ਨੇ ਹਿੰਦੂਆਂ ਨੂੰ ਰਾਮ ਲੀਲ੍ਹਾ ਨਹੀਂ ਕਰਨ ਦਿੱਤਾ ਸੀ। ਉੱਥੇ ਸਿੱਖ ਧਾਰਮਿਕ ਜਲੂਸ ਕੱਢਣ ’ਚ ਸਫਲ ਹੋ ਰਹੇ ਸਨ। ਜਿਸ ਦਾ ਅਸਰ ਹਿੰਦੂਆਂ ’ਤੇ ਬਹੁਤ ਹੋਇਆ। ਹਿੰਦੂ ਵੀਰਾਂ ਵੱਲੋਂ ਮੰਗੀ ਗਈ ਮਦਦ ਦੇ ਸਨਮੁਖ ਸਿੱਖਾਂ ਨੇ ਹਿੰਦੂਆਂ ਦਾ ਸਾਥ ਦਿੱਤਾ। ਇਸ ਤਰਾਂ 1936 ਵਿਚ 12 ਸਾਲ ਬਾਅਦ ਅਲੀਗੜ੍ਹ ਵਿਚ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਸਰਦਾਰ ਜਗਤ ਸਿੰਘ ਤੇ ਗਿਆਨੀ ਸਾਧੂ ਸਿੰਘ ਆਦਿ ਨੇ ਕੀਤੀ। ਸਿੱਖ ਆਗੂਆਂ ਨੇ ਅੱਗੇ ਲੱਗ ਕੇ 1000 ਤੋਂ ਵੱਧ ਸਿੱਖਾਂ ਰਾਹੀਂ ਸੁਰੱਖਿਆ ਪ੍ਰਦਾਨ ਕਰਕੇ ਸ਼ੋਭਾ ਯਾਤਰਾ ਕਢਵਾਈ ਤੇ ਅਲੀਗੜ੍ਹ ਜਿਸ ਵਿੱਚ ਰਾਮ ਲੀਲ੍ਹਾ 12 ਸਾਲ ਬਾਅਦ ਨੇ ਮੁੜ ਅਰੰਭਤਾ ਕਰਵਾਈ ਸੀ। ਅਲੀਗੜ੍ਹ ਦੀ ਇਸ ਸਹਾਇਤਾ ਤੋਂ ਬਾਅਦ ਹੀ ਪੰਡਿਤ ਮਦਨ ਮੋਹਨ ਮਾਲਵੀਆ ਜੀ ਅਤੇ ਸਵਾਮੀ ਸ਼ੰਕਰਾਚਾਰੀਆ ਜੀ ਨੇ ਸ੍ਰੀ ਅਕਾਲ ਕਰਦੇ ਭਰੇ ਦੀਵਾਨ ਵਿੱਚ ਹਾਜ਼ਰ ਹੋ ਕੇ ਇਹ ਐਲਾਨ ਕੀਤਾ ਕਿ ਹਰੇਕ ਹਿੰਦੂ ਨੂੰ ਆਪਣਾ ਇੱਕ ਲੜਕਾ ਸਿੰਘ ਸਜਾਉਣਾ ਚਾਹੀਦਾ ਹੈ, ਫਿਰ ਭਾਰਤ ਵਾਸੀ ਹਿੰਦੂਆਂ ਦਾ ਹਰ ਪਹਿਲੂ ਵਿੱਚ ਕਲਿਆਣ ਹੋ ਜਾਵੇਗਾ। ਸ੍ਰੀ ਭਗਵਾਨ ਦਾਸ ਨੇ ਅਖ਼ਬਾਰਾਂ ਵਿਚ ਐਲਾਨ ਕੀਤਾ ਕਿ ਸਿੱਖ ਧਰਮ ਇਕ ਸੁਥਰਾ ਅਤੇ ਸਵੱਛ ਧਰਮ ਹੈ, ਜੋ ਭਗਵਾਨ ਕ੍ਰਿਸ਼ਨ ਜੀ ਵੱਲੋਂ ਗੀਤਾ ਵਿਚ ਲਿਖਿਆ ਹੈ, ਉਸ ਦਾ ਪਾਲਣ ਸਿੱਖ ਧਰਮ ਨੇ ਕੀਤਾ ਹੈ। ਸਵਾਮੀ ਵਿਵੇਕਾ ਨੰਦ ਜੀ ਵੀ ਹਰ ਭਾਰਤੀ ਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣਨ ਦੀ ਗੱਲ ਆਖਦੇ ਸਨ।
(ਪ੍ਰੋ: ਸਰਚਾਂਦ ਸਿੰਘ ਖਿਆਲਾ, ਮੀਡੀਆ ਬੁਲਾਰਾ, ਭਾਰਤੀ ਜਨਤਾ ਪਾਰਟੀ, ਪੰਜਾਬ, ਅੰਮ੍ਰਿਤਸਰ 9781355522)