-ਸੁਖਵਿੰਦਰ ਸਿੰਘ ਚੋਹਲਾ-
ਪਿਛਲੇ ਹਫਤੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ ਲਈ ਧਮਕੀ ਪੱਤਰ, ਫੋਨ ਕਾਲਾਂ ਤੇ ਡਰਾਉਣ ਧਮਕਾਉਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈਕੇ ਸਥਾਨਕ ਬਿਜਨੈਸ ਭਾਈਚਾਰੇ ਵਲੋਂ ਕੀਤੀ ਗਈ ਇਕੱਤਰਤਾ ਦੌਰਾਨ ਇਹ ਗੱਲ ਸਪੱਸ਼ਟ ਹੋਈ ਹੈ ਕਿ ਇਹ ਘਟਨਾਵਾਂ ਕੇਵਲ ਖੰਭਾਂ ਦੀ ਡਾਰ ਨਹੀ ਬਲਕਿ ਬਹੁਤ ਸਾਰੇ ਅਜਿਹੇ ਲੋਕ ਹਨ, ਜਿਹਨਾਂ ਨਾਲ ਅਜਿਹਾ ਕੁਝ ਵਾਪਰ ਚੁੱਕਾ ਹੈ ਜਾਂ ਵਾਪਰਨ ਦਾ ਡਰ ਹੈ। ਇਸ ਇਕੱਤਰਤਾ ਵਿਚ ਸਰਕਾਰੀ ਪ੍ਰਤੀਨਿਧਾਂ, ਸਿਆਸੀ ਆਗੂਆਂ ਤੋਂ ਇਲਾਵਾ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਪੁੱਜੇ ਪੁਲਿਸ ਅਧਿਕਾਰੀਆਂ ਦਰਮਿਆਨ ਸਰੀ ਆਰ ਸੀ ਐਮ ਪੀ ਦੇ ਮੁਖੀ (ਅਸਿਸਟੈਂਟ ਕਮਿਸ਼ਨਰ ) ਨੇ ਲੋਅਰ ਮੇਨਲੈਂਡ ਵਿਚ ਅਜਿਹੀਆਂ ਤਿੰਨ ਘਟਨਾਵਾਂ ਵਾਪਰਨ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦਾ ਕਹਿਣਾ ਸੀ ਕਿ ਭਾਵੇਂਕਿ ਪਹਿਲਾਂ ਸੋਸ਼ਲ ਮੀਡੀਆ ਤੇ ਹੋਰ ਸਰੋਤਾਂ ਰਾਹੀਂ ਪੁੱਜੀਆਂ ਖਬਰਾਂ ਅਫਵਾਹਾਂ ਵਾਂਗ ਸਨ ਪਰ ਸਰੀ,ਵਾਈਟਰੌਕ,ਵੈਨਕੂਵਰ ਤੇ ਐਬਸਫੋਰਡ ਵਿਚ ਵਾਪਰੀਆਂ ਘਟਨਾਵਾਂ ਤੋਂ ਉਹ ਜਾਣੂ ਹਨ । ਇਸ ਸਬੰਧ ਵਿਚ ਪੁਲਿਸ ਫੋਰਸ ਵਲੋਂ ਕਲਵੋਰਡੇਲ ਵਿਚ ਫੜੇ ਗਏ ਦੋ ਨੌਜਵਾਨਾਂ ਦਾ ਖਾਸ ਜਿਕਰ ਕੀਤਾ ਤੇ ਦੱਸਿਆ ਕਿ ਜਾਂਚ ਟੀਮ ਲੋਕਾਂ ਨੂੰ ਨਤੀਜੇ ਦੇਵੇਗੀ। ਇਸ ਸਬੰਧ ਵਿਚ ਵਾਈਟ ਰੌਕ ਅਤੇ ਸਰੀ ਵਿਚ ਵਾਪਰੀਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਦੌਰਾਨ ਵਰਤੀਆਂ ਦੋ ਕਾਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜਬਰੀ ਵਸੂਲੀ ਲਈ ਧਮਕੀਆਂ ਜਾਂ ਗੋਲਬਾਰੀ ਦੀਆਂ ਘਟਨਾਵਾਂ ਇਕੱਲੇ ਲੋਅਰ ਮੇਨਲੈਂਡ ਹੀ ਨਹੀ ਬਲਿਕ ਟੋਰਾਂਟੋ ਅਤੇ ਐਡਮਿੰਟਨ ਵਿਚ ਵੀ ਵਾਪਰ ਚੁੱਕੀਆਂ ਹਨ। ਜਿਹਨਾਂ ਦਾ ਢੰਗ ਤਰੀਕਾ ਅਤੇ ਕਾਰ ਵਿਹਾਰ ਬਿਲਕੁਲ ਇਕੋ ਤਰਾਂ ਦਾ ਹੈ। ਆਰ ਸੀ ਐਮ ਪੀ ਦੀ ਵਿਸ਼ੇਸ਼ ਟੀਮ ਦੂਸਰੇ ਸੂਬਿਆਂ ਦੀ ਪੁਲਿਸ ਨਾਲ ਇਸ ਸਬੰਧ ਵਿਚ ਪੂਰਾ ਤਾਲਮੇਲ ਰੱਖ ਰਹੀ ਹੈ ਤੇ ਹਰ ਤਰਾਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਹਨਾਂ ਘਟਨਾਵਾਂ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਾਧੂ ਸਮਾਂ ਲਗਾਕੇ ਕੰਮ ਕਰ ਰਹੀ ਹੈ ਜਿਸ ਲਈ ਲੋਕਾਂ ਦੇ ਸਹਿਯੋਗ ਦੀ ਵਧੇਰੇ ਲੋੜ ਹੈ। ਉਹਨਾਂ ਵਾਰ ਵਾਰ ਜੋਰ ਦੇਕੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਵਲੋਂ ਪੁਲਿਸ ਨਾਲ ਸੰਪਰਕ ਕਰਨ ਤੇ ਹੀ ਕੋਈ ਕਾਰਵਾਈ ਸੰਭਵ ਹੈ। ਉਚ ਪੁਲਿਸ ਅਧਿਕਾਰੀ ਵਲੋਂ ਮੰਚ ਤੋਂ ਕਾਰੋਬਾਰੀਆਂ ਨੂੰ ਸੰਬੋਧਨ ਹੁੰਦਿਆਂ ਜੋ ਹਾਵ ਭਾਵ ਪ੍ਰਗਟ ਕੀਤੇ ਗਏ,ਉਸਤੋਂ ਸਪੱਸ਼ਟ ਸੀ ਕਿ ਕਾਰੋਬਾਰੀਆਂ ਦੀ ਇਹ ਸ਼ਿਕਾਇਤ ਕਿ ਪੁਲਿਸ ਇਹਨਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਕੋਈ ਕਾਰਵਾਈ ਨਹੀ ਕਰ ਰਹੀ,ਬਿਲਕੁਲ ਨਿਰਆਧਾਰ ਹੈ। ਉਹਨਾਂ ਪੁਲਿਸ ਫੋਰਸ ਦਾ ਨਾਗਰਿਕਾਂ ਦੀ ਸੁਰੱਖਿਆ ਲਈ ਅਮਨ ਕਨੂੰਨ ਦੀ ਹਾਲਤ ਉਪਰ ਮਜ਼ਬੂਤ ਪਕੜ ਹੋਣ ਦਾ ਦਾਅਵਾ ਕੀਤਾ। ਉਹਨਾਂ ਹਾਲ ਵਿਚ ਬੈਠੇ ਕਾਰੋਬਾਰੀਆਂ ਨੂੰ ਵਾਰ ਵਾਰ ਚੁਣੌਤੀ ਦਿੱਤੀ ਕਿ ਉਹ ਆਪਣੀ ਸ਼ਿਕਾਇਤ ਲੈਕੇ ਆਉਣ ਤਾਂ ਹੀ ਨਤੀਜੇ ਦਿੱਤੇ ਜਾ ਸਕਣਗੇ। ਇਸ ਮੌਕੇ ਬੀ ਸੀ ਸਰਕਾਰ ਦੀ ਅਟਾਰਨੀ ਜਰਨਲ ਅਤੇ ਹੋਰ ਸਿਆਸੀ ਨੁਮਾਇੰਦਿਆਂ ਨੇ ਵੀ ਇਹਨਾਂ ਘਟਨਾਵਾਂ ਉਪਰ ਚਿੰਤਾ ਪ੍ਰਗਟ ਕਰਦਿਆਂ ਕਾਰੋਬਾਰੀਆਂ ਨੂੰ ਪੁਲਿਸ ਫੋਰਸ ਵਿਚ ਯਕੀਨ ਰੱਖਣ ਦਾ ਸੱਦਾ ਦਿੱਤਾ।
ਮੀਡੀਆ ਰਿਪੋਰਟਾਂ ਹਨ ਕਿ ਕੈਨੇਡਾ ਦੇ ਘੱਟੋ-ਘੱਟ ਛੇ ਸ਼ਹਿਰਾਂ ਵਿੱਚ ਪੁਲਿਸ ਵਲੋਂ ਸਾਉਥ ਏਸ਼ੀਅਨ ਭਾਈਚਾਰੇ ਅਤੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਦੇ ਕਈ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਭਾਵੇਂਕਿ ਕਿਸੇ ਅਧਿਕਾਰੀ ਵਲੋਂ ਜਾਂਚ ਦੇ ਵੇਰਵਿਆਂ ਦਾ ਕੋਈ ਖੁਲਾਸਾ ਨਹੀ ਕੀਤਾ ਗਿਆ ਪਰ ਸੂਤਰ ਦੱਸਦੇ ਹਨ ਕਿ ਇਹਨਾਂ ਜਬਰੀ ਵਸੂਲੀ ਦੀਆਂ ਘਟਨਾਵਾਂ ਦਾ ਸਬੰਧ ਇੰਡੀਆ ਦੇ ਇਕ ਗੈਂਗਸਟਰ ਗਰੁੱਪ ਨਾਲ ਜੁੜਿਆ ਹੋ ਸਕਦਾ ਹੈ। ਇਸ ਸਬੰਧ ਵਿਚ ਜਿਆਦਾਤਰ ਚਰਚਾ ਲਾਰੈਂਸ ਬਿਸ਼ਨੋਈ ਗਰੁੱਪ ਦੀ ਹੈ ਜਿਸਦੇ ਕੈਨੇਡਾ ਵਿਚ ਰਹਿੰਦੇ ਇਕ ਸਾਥੀ ਗੋਲਡੀ ਬਰਾੜ ਵਲੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜਿੰਮੇਵਾਰੀ ਲਈ ਗਈ ਸੀ। ਪਿਛਲੇ ਦਿਨੀਂ ਭਾਰਤ ਦੀ ਕੌਮੀ ਜਾਂਚ ਏਜੰਸੀ ( ਐਨ ਆਈ ਏ) ਵਲੋਂ ਗੋਲਡੀ ਬਰਾੜ ਨੂੰ ਅਤਵਾਦੀ ਐਲਾਨਿਆ ਗਿਆ ਹੈ। ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ 2014 ਤੋਂ ਜੇਲ ਵਿਚ ਹੈ ਪਰ ਉਹ ਜੇਲ ਵਿਚ ਬੈਠਾ ਹੀ ਗੈਂਗਸਟਰ ਸਰਗਰਮੀਆਂ ਚਲਾ ਰਿਹਾ ਹੈ। ਪਿਛਲੇ ਸਮੇਂ ਵਿਚ ਉਸਦੀ ਜੇਲ ਚੋ ਇਕ ਟੀਵੀ ਚੈਨਲ ਉਪਰ ਇੰਟਰਵਿਊ ਭਾਰੀ ਚਰਚਾ ਵਿਚ ਰਹੀ ਸੀ। ਇਸ ਇੰਟਰਵਿਊ ਵਿਚ ਉਸਨੇ ਖੁਦ ਨੂੰ ਰਾਸ਼ਟਰਵਾਦੀ ਹੋਣ ਦਾ ਦਾਅਵਾ ਕੀਤਾ ਸੀ।
ਪਿਛਲੇ ਦੋ-ਤਿੰਨ ਮਹੀਨੇ ਤੋਂ ਲੋਅਰ ਮੇਨਲੈਂਡ ਵਿਚ ਕਾਰੋਬਾਰੀਆਂ ਨੂੰ ਜਬਰੀ ਵਸੂਲੀ ਲਈ ਜੋ ਧਮਕੀ ਪੱਤਰ ਮਿਲੇ ਸਨ, ਉਹਨਾਂ ਵਿਚ ਜੈ ਸ੍ਰੀ ਰਾਮ ਦੇ ਨਾਅਰੇ ਨਾਲ ਸੰਬੋਧਨ ਹੁੰਦਿਆਂ ਇਸੇ ਰਾਸ਼ਟਰਵਾਦੀ ਗੈਂਗਸਟਰ ਗਰੁੱਪ ਦਾ ਭਲੇਖਾ ਪਾਉਣ ਦੇ ਯਤਨ ਕੀਤੇ ਗਏ ਸਨ । ਸ਼ਾਇਦ ਇਸੇ ਨੂੰ ਆਧਾਰ ਬਣਾਕੇ ਐਬਸਫੋਰਡ ਪੁਲਿਸ ਵਲੋਂ ਕਿਹਾ ਗਿਆ ਸੀ ਕਿ ਜਬਰੀ ਵਸੂਲੀ ਦੇ ਸਬੰਧ ਭਾਰਤੀ ਮੂਲ ਦੇ ਗੈਂਗਸਟਰ ਗਰੁੱਪ ਨਾਲ ਜੁੜੇ ਹੋ ਸਕਦੇ ਹਨ। ਸਰੀ ਆਰ ਸੀ ਐਮ ਪੀ ਦੀ ਬੁਲਾਰਨ ਨੇ ਵੀ ਸ਼ਾਇਦ ਇਸੇ ਕਰਕੇ ਇਹਨਾਂ ਘਟਨਾਵਾਂ ਨੂੰ ਪੰਜਾਬ ਵਿਚ ਵਾਪਰਨ ਵਾਲੀਆਂ ਗੈਂਗਸਟਰ ਘਟਨਾਵਾਂ ਨਾਲ ਜੁੜਨ ਦਾ ਖਦਸ਼ਾ ਪ੍ਰਗਟ ਕੀਤਾ ਸੀ ।
ਜੋ ਵੀ ਹੈ ਕਿ ਇਸ ਸਮੇਂ ਸਰੀ ਆਰ ਸੀ ਐਮ ਪੀ ਵਲੋਂ ਜਬਰੀ ਵਸੂਲੀ ਨਾਲ ਸਬੰਧਿਤ ਤਿੰਨ ਘਟਨਾਵਾਂ ਦੀ ਪੁਸ਼ਟੀ ਕਰਨ ਤੋਂ ਬਿਨਾਂ ਐਡਮਿੰਟਨ ਪੁਲਿਸ ਵਲੋਂ 18 ਅਤੇ ਟੋਰਾਂਟੋ ਦੇ ਪੀਲ ਪੁਲਿਸ ਰੀਜਨ ਵਲੋਂ 16 ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਬਰੀ ਵਸੂਲੀ, ਗੋਲੀਬਾਰੀ ਤੇ ਅਗਜ਼ਨੀ ਦੀਆਂ ਇਹ ਸਾਰੀਆਂ ਘਟਨਾਵਾਂ ਸਾਉਥ ਏਸ਼ੀਅਨ ਵਿਸ਼ੇਸ਼ ਕਰਕੇ ਭਾਰਤੀ ਪੰਜਾਬੀ ਭਾਈਚਾਰੇ ਨਾਲ ਸਬੰਧਤਿ ਹਨ। ਹੁਣ ਤੱਕ ਕੋਈ ਵੀ ਪੁਲਿਸ ਜਾਂਚ ਇੰਡੋ ਕੈਨੇਡੀਅਨ ਭਾਈਚਾਰੇ ਤੋਂ ਬਾਹਰ ਕਿਸੇ ਹੋਰ ਭਾਈਚਾਰੇ ਵੱਲ ਇਸ਼ਾਰਾ ਨਹੀ ਕਰਦੀ। ਕੈਨੇਡੀਅਨ ਗੈਂਗਜ ਵਿਚ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਤੋਂ ਬਾਦ ਪੰਜਾਬ ਦੀ ਤਰਜ ਤੇ ਇਸ ਨਵੇਂ ਗੈਂਗਸਟਰਵਾਦ ਨੇ ਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ ਡਰ ਭੈਅ ਦੇ ਮਾਹੌਲ ਦੇ ਨਾਲ ਉਹਨਾਂ ਦੇ ਸਮੂਹਿਕ ਅਕਸ ਨੂੰ ਵੀ ਢਾਹ ਲਗਾਈ ਹੈ। ਸਰੀ ਵਿਚ ਕਾਰੋਬਾਰੀਆਂ ਦੇ ਇਕੱਠ ਵਿਚ ਆਰ ਸੀ ਐਮ ਪੀ ਦੇ ਉਚ ਅਧਿਕਾਰੀ ਦੇ ਬੋਲਾਂ ਦਾ ਕੁਰੱਖਤ ਲਹਿਜਾ ਸ਼ਾਇਦ ਇਹ ਕਹਿਣ ਲਈ ਕਾਫੀ ਸੀ ਕਿ ਇਹ ਸਮੱਸਿਆ ਕੈਨੇਡੀਅਨ ਮੁੱਖ ਧਾਰਾ ਦੀ ਨਹੀਂ ਸਗੋਂ ਇਕ ਵਿਸ਼ੇਸ਼ ਵਰਗ ਦੀ ਹੈ। ਉਹਨਾਂ ਵਲੋਂ ਜਾਂਚ ਦੇ ਠੋਸ ਨਤੀਜੇ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਡੀਕ ਕਰਨੀ ਬਣਦੀ ਹੈ। ਵੈਦਿਕ ਹਿੰਦੂ ਕਲਚਰ ਸੁਸਾਇਟੀ ਵਲੋਂ ਇਸ ਭਾਈਚਾਰਕ ਇਕੱਤਰਤਾ ਲਈ ਕੀਤੇ ਗਏ ਉਦਮ ਤੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਅਜਿਹੇ ਜਨਤਕ ਇਕੱਠ ਰਾਹੀਂ ਹੀ ਕਿਸੇ ਸਾਂਝੀ ਭਾਈਚਾਰਕ ਸਮੱਸਿਆ ਜਾਂ ਸੁਨੇਹੇ ਨੂੰ ਸਰਕਾਰ ਤੇ ਪ੍ਰਸ਼ਾਸਨ ਤੱਕ ਮਜਬੂਤੀ ਨਾਲ ਪਹੁੰਚਾਉਂਦਿਆਂ ਜਵਾਬਦੇਹ ਬਣਾਇਆ ਜਾ ਸਕਦਾ ਹੈ। ਉਂਜ ਇਹ ਹੋਰ ਵਧੇਰੇ ਚੰਗਾ ਹੁੰਦਾ ਜੇ ਇਹ ਭਾਈਚਾਰਕ ਇਕੱਠ ਕਿਸੇ ਇਕ ਵਿਸ਼ੇਸ਼ ਫਿਰਕੇ ਦੇ ਬੈਨਰ ਹੇਠ ਕਰਨ ਦੀ ਬਿਜਾਏ ਸਮੂਹਿਕ ਕਾਰੋਬਾਰੀ ਨੁਮਾਇੰਦਗੀ ਹੇਠ ਕਰਵਾਇਆ ਜਾਂਦਾ।