Headlines

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਲੈਕੇ ਪਟਨਾ ਸਾਹਿਬ ਨੂੰ ਹੋਏ ਰਵਾਨਾ

ਛੇਹਰਟਾ (ਰਾਜ-ਤਿਜ ਰੰਧਾਵਾ)- ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ) ਗਾਗਰੀ ਜਥੇ ਸਮੇਤ ਅੰਮ੍ਰਿਤਸਰ ਦੇ ਪੰਜ ਸਰੋਵਰਾਂ (ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ) ‘ਚੋ ਮਰਿਆਦਾ ਨਾਲ ਜਲ ਦੀ ਗਾਗਰ ਭਰਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਵਾਕੇ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਹਾਵੜਾ ਮੇਲ ਰੇਲ ਰਾਹੀਂ ਰਵਾਨਾ ਹੋ ਗਏ ਹਨ ।ਗਾਗਰ ਦੇ ਇਸ ਪਵਿੱਤਰ ਜਲ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਸਥਾਨ) ਦਾ 17 ਜਨਵਰੀ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਮਾਤਾ ਗੁਜਰ ਕੌਰ ਜੀ ਦੇ ਖੂਹ ਦੇ ਜਲ ਦੀਆਂ ਦੋ ਗਾਗਰਾਂ ਸਮੇਤ ਇਸ਼ਨਾਨ ਕਰਵਾਇਆ ਜਾਵੇਗਾ । ਪ੍ਰੋ: ਬਾਬਾ ਰੰਧਾਵਾ ਨਾਲ ਗਾਗਰੀ ਜਥੇ ਦੇ ਸੇਵਕਾਂ ‘ਚ ਭਾਈ ਗੁਰਦੇਵ ਸਿੰਘ, ਭਾਈ ਅਜਮੇਰ ਸਿੰਘ ਭੈਲ, ਭਾਈ ਸੰਤਾ ਸਿੰਘ, ਭਾਈ ਬਲਦੇਵ ਸਿੰਘ ਜੀਰਾ, ਬਾਬਾ ਯਾਦਵਿੰਦਰ ਸਿੰਘ ਪਟਿਆਲਾ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਸ਼ੇਰ ਸਿੰਘ ਸ਼ਾਮਲ ਹਨ । ਯਾਦ ਰਹੇ ਕਿ ਪ੍ਰੋ: ਬਾਬਾ ਰੰਧਾਵਾ ਜੀ ਵਲੋਂ ਪਿਛਲੇ 7 ਸਾਲਾਂ ਤੋਂ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਇਸ਼ਨਾਨ ਦੀ ਸੇਵਾ ਵਿਚ ਸ਼ਰਧਾ ਨਾਲ ਭੇਟ ਕੀਤੀ ਜਾ ਰਹੀ ਹੈ ‌। ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਇਲਾਵਾ ਪ੍ਰੋ: ਬਾਬਾ ਰੰਧਾਵਾ ਵਲੋਂ 12-13 ਸਾਲਾਂ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਤਖ਼ਤ ਇਸ਼ਨਾਨ ‘ਤੇ ਵੀ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਗਾਗਰੀ ਜਥੇ ਅਤੇ ਸੰਗਤਾਂ ਸਮੇਤ ਭੇਟ ਕੀਤੀ ਜਾਂਦੀ ਹੈ ।