ਦਿਲਜੀਤ ਸਿੰਘ ਬੇਦੀ ਨੇ ਲੋਹੜੀ ਦਾ ਇਤਿਹਾਸ ਸਾਂਝਾ ਕੀਤਾ-
ਅੰਮ੍ਰਿਤਸਰ, 13 ਜਨਵਰੀ – ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਲੋਹੜੀ ਨਿਹੰਗਾਂ ਸਿੰਘਾਂ ਨੇ ਪਿਆਰ ਸਤਿਕਾਰ ਭਾਵਨਾ ਨਾਲ ਮਨਾਇਆ। ਇਸ ਮੌਕੇ ਬਲਦੀ ਅਗਨੀ ਨੂੰ ਤਿਲ ਰਿਊੜੀਆਂ, ਚਿੜਵੜੇ, ਗੁੜ ਆਦਿ ਭੇਟ ਕਰਕੇ ਖਾਲਸਾਈ ਜੈਕਾਰੇ ਗੁੰਜਾਏ ਗਏ। ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਲੋਹੜੀ ਤਿਓਹਾਰ ਦੇ ਇਤਿਹਾਸਕ ਪਰਿਪੇਖ ਸਬੰਧੀ ਬੋਲਦਿਆਂ ਕਿਹਾ ਕਿ ਅਗਨੀ ਨੂੰ ਚਲੀ ਆਉਂਦੀ ਮੌਖਿਕ ਰਵਾਇਤ ਅਨੁਸਾਰ ਤਿਲ ਰਿਊੜੀਆਂ, ਗੁੜ, ਮੱਕੀ ਦੇ ਫੁੱਲੇ ਆਦਿ ਭੇਟ ਕਰਨ ਨਾਲ ਜੀਵਨ ਵਿਚੋਂ ਸਾਰੀਆਂ ਨਿਰਾਸ਼ਤਾਵਾਂ ਦੂਰ ਹੋ ਜਾਂਦੀਆਂ ਹਨ। ਜੀਵਨ ਨੂੰ ਨਵੀਂ ਤਰੱਕੀ ਖੁਸ਼ਹਾਲੀ ਮਿਲਦੀ ਹੈ। ਇਸ ਸਮੇਂ ਇਹ ਵੀ ਕਿਹਾ ਜਾਂਦਾ ਹੈ ਕਿ ਆਦਰ ਆਏ, ਦਲਿੱੱਦਰ ਜਾਏ। ਉਨ੍ਹਾਂ ਕਿਹਾ ਕਿ ਲੋਹੜੀ ਸ਼ਬਦ ਮੂਲ ਰੂਪ ਵਿਚ ਤਿਲ ਅਤੇ ਰਿਊੜੀ ਦੇ ਸੁਮੇਲ ਤੋਂ ਬਣਿਆ ਹੈ। ਇਹ ਸ਼ਬਦ ਤਿਲੋੜੀ ਤੋਂ ਅੱਜ ਲੋਹੜੀ ਬਣ ਗਿਆ ਹੈ। ਉਨ੍ਹਾਂ ਕਿਹਾ ਇਸ ਦਾ ਦੂਜਾ ਪ੍ਰਸੰਗ ਲੋਕ ਗਾਇਕ ਦੁਲਾਭੱਟੀ ਨਾਲ ਜੁੜਿਆ ਹੈ। ਉਸ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ ਅਤੇ ਮੁੰਦਰੀ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਪੁੰਨ ਖੱਟਿਆ ਸੀ। ਉਸ ਨੇ ਕੁੜੀਆਂ ਨੂੰ ਸ਼ਗਨ ਵਜੋਂ ਸ਼ੱਕਰ ਪਾਈ ਸੀ। ਹੁਣ ਵੀ ਬੱਚੇ ਉਸ ਦੇ ਗੀਤ ਨੂੰ ਘਰ-ਘਰ ਗਾਉਂਦੇ ਹਨ।