ਪੰਜਾਬ ਦੇ 23 ਜਿਲਿਆਂ ਦੇ ਸਕੂਲਾਂ ਦੇ ਸੈਂਕੜੇ ਬਾਲ ਲੇਖਕਾਂ ਦੀਆਂ 9 ਹਜ਼ਾਰ ਰਚਨਾਵਾਂ ਬਨਣਗੀਆਂ ਕਿਤਾਬਾਂ ਦਾ ਸ਼ਿੰਗਾਰ-ਪੰਜਾਬ ਵਿਚ ਬਾਲ ਲੇਖਕਾਂ ਦੀ ਕਾਨਫਰੰਸ ਵੀ ਕਰਵਾਉਣ ਦਾ ਫ਼ੈਸਲਾ-
ਸੁੱਖੀ ਬਾਠ ਨੇ ਵਿਸ਼ਵ ਭਰ ਤੋਂ ਪੰਜਾਬੀ ਸਾਹਿਤਕ ਸ਼ਖ਼ਸੀਅਤਾਂ ਦਾ ਸਹਿਯੋਗ ਮੰਗਿਆ-
ਸਰੀ 15 ਜਨਵਰੀ (ਜੋਗਿੰਦਰ ਸਿੰਘ )-ਪੰਜਾਬ ਵਿਚ ਜਦੋਂ ਨਵੀਂ ਪਨੀਰੀ ਦੇ ਸਾਹਿਤਕ ਰੁਚੀਆਂ ਜਾਂ ਕਿਤਾਬਾਂ ਨਾਲੋਂ ਟੁੱਟ ਕੇ ਸਿਰਫ਼ ਕੰਪਿਊਟਰ ਦੇ ਕੀਬੋਰਡ ਨਾਲ ਹੀ ਜੁੜ ਕੇ ਰਹਿ ਜਾਣ ਦੀਆਂ ਗੱਲ ਹੋ ਰਹੀਆਂ ਹੋਣ, ਉਸ ਸਮੇਂ ਰਾਜ ਦੇ ਸਕੂਲਾਂ ‘ਚੋਂ ਕਹਾਣੀਆਂ ਜਾਂ ਕਵਿਤਾਵਾਂ ਲਿਖਣ ਦਾ ਸ਼ੌਂਕ ਰੱਖਣ ਵਾਲੇ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੀਆਂ ਲਿਖਤਾਂ ਨੂੰ ਕਿਤਾਬਾਂ ‘ਚ ਪਰੋਇਆ ਜਾਵੇ ਤਾਂ ਕਿ ਉਹ ਉਤਸ਼ਾਹਿਤ ਹੋ ਸਕਣ ਤੇ ਛਪਣ ਵਾਲੀਆਂ ਲਿਖਤਾਂ ਦੀ ਗਿਣਤੀ ਸੈਕੜੇ ਨਹੀਂ ਹਜ਼ਾਰਾਂ ‘ਚ ਹੋਵੇਗੀ । ਸ਼ਾਇਦ ਇਹ ਸੁਣਕੇ ਪਹਿਲੀ ਵਾਰ ਯਕੀਨ ਨਹੀਂ ਆਵੇਗਾ, ਪਰ ਇਹ ਸੱਚ ਹੈ ਤੇ ਬੱਚਿਆਂ ਦਾ ਇਹ ਸੁਪਨਾ ਪੰਜਾਬ ਭਵਨ ਸਰੀ ਕੈਨੇਡਾ ਵਲੋਂ ਪੂਰਾ ਕੀਤਾ ਜਾਣ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ। ਇਹ ਵੀ ਗੱਲ ਹੈਰਾਨ ਕਰ ਦੇਵੇਗੀ ਕਿ ਇਹ ਵੱਡਾ ਤੇ ਅਹਿਮ ਕਦਮ ਵਿਦੇਸ਼ ‘ਚ ਬੈਠਾ ਇਕ ਪ੍ਰਵਾਸੀ ਪੰਜਾਬੀ ਪੂਰਾ ਕਰਨ ਵੱਲ ਤੁਰਿਆ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਭਵਨ ਸਰੀ ਦੇ ਮੁੱਖ ਪ੍ਰਬੰਧਕ ਤੇ ਕੈਨੇਡਾ ਦੇ ਉਘੇ ਬਿਜ਼ਨਸਮੈਨ ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਭਵਨ ਕੈਨੇਡਾ ਤੋਂ ਵਿਦੇਸ਼ਾਂ ‘ਚ ਵੱਸੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ, ਵਿਰਸੇ ਤੇ ਵਿਰਾਸਤ ਨਾਲ ਜੋੜੀ ਰੱਖਣ ਲਈ ਉਪਰਾਲਿਆਂ ਦੇ ਨਾਲ ਨਾਲ ਪੰਜਾਬ ‘ਚ ਵੀ ਨਵੀਂ ਪਨੀਰੀ ਨੂੰ ਮਾਂ ਬੋਲੀ ਤੇ ਸਾਹਿਤ ਪੜ੍ਹਨ ਤੇ ਰਚਣ ਵੱਲ ਉਤਸਾਹਿਤ ਕਰਨ ਲਈ ਸਮੇਂ -ਸਮੇਂ ਅਜਿਹੇ ਯਤਨ ਕੀਤੇ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਇਹ ਬੱਚਿਆਂ ਦੀਆਂ ਲਿਖਤਾਂ ਨਾਲ ਸਬੰਧਤ ਪੰਜਾਬ ਭਵਨ ਵਲੋਂ 100 ਕਿਤਾਬਾਂ ਛਾਪਣ ਦਾ ਫ਼ੈਸਲਾ ਲਿਆ ਗਿਆ ਤੇ ਸਕੂਲਾਂ ‘ਚ ਇਹ ਮੁਹਿੰਮ ਸ਼ੁਰੂ ਵੀ ਹੋ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਕੈਨੇਡਾ ‘ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ ਤੇ ਇਸ ਦੀ ਸ਼ੁਰੂਆਤ ਕਾਨਫਰੰਸ ਮੌਕੇ ਜਾਰੀ ਕੀਤੀ ਬੱਚਿਆਂ ਦੀ ਪਹਿਲੀ ਕਿਤਾਬ ”ਨਵੀਆਂ ਕਲਮਾਂ, ਨਵੀਂ ਉਡਾਣ” ਕਾਨਫਰੰਸ ਮੌਕੇ ਰਿਲੀਜ਼ ਕਰਕੇ ਕੀਤੀ ਗਈ ਸੀ । ਉਨ੍ਹਾਂ ਦੱਸਿਆ ਇਸ ਕਿਤਾਬ ਲਈ ਬੱਚਿਆਂ ਵਲੋਂ ਦਿਖਾਏ ਉਤਸ਼ਾਹ ਤੋਂ ਬਾਅਦ ਪੰਜਾਬ ਭਵਨ ਦੀ ਟੀਮ ਵਲੋਂ ਹਰ ਜ਼ਿਲ੍ਹੇ ‘ਚੋਂ ਬੱਚਿਆਂ ਦੀਆਂ ਰਚਨਾਵਾਂ ਦੀਆਂ ਚਾਰ -ਚਾਰ ਕਿਤਾਬਾਂ ਛਾਪਣ ਦਾ ਕਦਮ ਚੁੱਕਿਆ ਗਿਆ ਤੇ ਇਸ ਯੋਜਨਾ ਲਈ ਹਰ ਜ਼ਿਲ੍ਹੇ ‘ਚ ਇਕ ਪੰਜ -ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ 23 ਜਿਲਿਆਂ ‘ਚੋਂ 92 ਕਿਤਾਬਾਂ ਪੰਜਾਬ ਦੇ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ ਅਤੇ 8 ਕਿਤਾਬਾਂ ਕੈਨੇਡਾ ਸਮੇਤ ਹੋਰ ਦੇਸ਼ਾਂ ‘ਚ ਵਸੇ ਪੰਜਾਬੀ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਕੁੱਲ 9000 ਹਜ਼ਾਰ ਰਚਨਾਵਾਂ ਛਾਪਣ ਦਾ ਟੀਚਾ ਮਿੱਥਿਆ ਗਿਆ ਤਾਂ ਕਿ ਬੱਚੇ ਮਾਂ ਬੋਲੀ ਤੇ ਪੰਜਾਬੀ ਸਾਹਿਤ ਨਾਲ ਜੁੜ ਸਕਣ l ਉਨ੍ਹਾਂ ਇਹ ਵੀ ਦੱਸਿਆ ਛਪਣ ਵਾਲੀਆਂ ਕਿਤਾਬਾਂ ਦੀ ਗਿਣਤੀ 30 ਹਜ਼ਾਰ ਹੋਵੇਗੀ । ਸੁੱਖੀ ਬਾਠ ਨੇ ਦੱਸਿਆ ਕਿ ਰਚਨਾਵਾਂ ਲਿਖਣ ਵਾਲੇ ਹਰ ਬੱਚੇ ਦਾ ਪੰਜਾਬ ਭਵਨ ਵਲੋਂ ਸਨਮਾਨ ਵੀ ਹੋਵੇਗਾ ਅਤੇ ਆਉਂਦੇ ਸਮੇਂ ‘ਚ ਬਾਲ ਸਾਹਿਤਕਾਰਾਂ ਦੀ ਇਕ ਵਿਸ਼ਵ ਪੱਧਰੀ ਕਾਨਫਰੰਸ ਵੀ ਪੰਜਾਬ ਵਿਚ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਵੱਡੇ ਉਪਰਾਲੇ ਲਈ ਸਮੁੱਚੇ ਆਰਥਿਕ ਪ੍ਰਬੰਧ ਪੰਜਾਬ ਭਵਨ ਕੈਨੇਡਾ ਕਰੇਗਾ ਅਤੇ ਇਸ ਕਾਰਜ ਲਈ ਸਾਹਿਤਕ ਸੰਸਥਾਵਾਂ ਤੇ ਸਾਹਿਤਕ ਰੁਚੀਆਂ ਰੱਖਣ ਵਾਲੀਆਂ ਸ਼ਖ਼ਸੀਅਤਾਂ ਦਾ ਵਡਮੁੱਲਾ ਸਹਿਯੋਗ ਜਰੂਰ ਲਿਆ ਜਾਵੇਗਾ ।
ਵਟਸਪ ਨੰਬਰ
+1 (604) 376-5525
+91 95929 79592
+91 90415 56043