ਕਬੱਡੀ ਮੇਲਿਆਂ ਦਾ ਸ਼ਿੰਗਾਰ ਸੀ ਦੇਵੀ ਦਿਆਲ-ਸਰਵਣ ਸਿੰਘ
ਬੜਾ ਅਫਸੋਸ ਹੈ ਦੇਵੀ ਦਿਆਲ ਵੀ ਸਰਵਣ ਰਮੀਦੀ ਦੇ ਰਾਹ ਤੁਰ ਗਿਆ। ਦੋਵੇਂ ਕਬੱਡੀ ਦੇ ਧਨੰਤਰ ਖਿਡਾਰੀ ਤੇ ਕਬੱਡੀ ਦੇ ਮੁੱਢਲੇ ਕੋਚ ਸਨ। ਕਬੱਡੀ ਮੇਲਿਆਂ ਵਿਚ ਦੇਵੀ ਦਿਆਲ ਦੀ ਝੰਡੀ ਹੁੰਦੀ ਸੀ। ਉਹ ਵੀਹ ਸਾਲ ਤੇਜ਼ਤਰਾਰ ਕਬੱਡੀ ਖੇਡਿਆ। 1967 ਵਿਚ ਮੈਂ ਉਸ ਨੂੰ ਪਹਿਲੀ ਵਾਰ ਸਮਰਾਲੇ ਕਾਲਜ ਦੇ ਖੇਡ ਮੈਦਾਨ ਵਿਚ ਵੇਖਿਆ ਸੀ। ਉਥੇ ਅਸੀਂ ਢੁੱਡੀਕੇ ਕਾਲਜ ਦੀ ਟੀਮ ਲੈ ਕੇ ਗਏ ਸਾਂ। ਉਦੋਂ ਉਹ ਬੀ. ਏ. ਦਾ ਵਿਦਿਆਰਥੀ ਸੀ। ਸੂਰਜ ਦੀ ਲਿਸ਼ਕੋਰ ਵਿਚ ਉਹਦਾ ਭਖਿਆ ਹੋਇਆ ਗੋਰਾ ਰੰਗ ਲਾਟ ਵਾਂਗ ਜਗ ਰਿਹਾ ਸੀ। ਉਹ ਏਨਾ ਫੁਰਤੀਲਾ ਤੇ ਤਕੜਾ ਨਿਕਲਿਆ ਕਿ ਉਸ ਨੇ ਸਾਡੇ ਜਾਫੀਆਂ ਨੂੰ ਅਸਲੋਂ ਰੋਲ ਦਿੱਤਾ। ਉਹਦੇ ਸਡੌਲ ਸਰੀਰ ਵਰਗਾ ਜੁੱਸਾ ਸ਼ਾਇਦ ਹੀ ਕਿਸੇ ਹੋਰ ਕਬੱਡੀ ਖਿਡਾਰੀ ਦਾ ਹੋਵੇ। ਪੌਣੇ ਛੇ ਫੁੱਟ ਕੱਦ, ਪੰਜਾਸੀ ਕਿੱਲੋ ਵਜ਼ਨ ਤੇ ਗੋਲ ਗੁੰਦਵੇਂ ਪੱਠਿਆਂ ਵਾਲਾ ਗੋਰਾ ਨਿਛੋਹ ਬਦਨ। ਪੱਟਾਂ ਦੀਆਂ ਘੁੱਗੀਆਂ ਤੇ ਡੌਲਿਆਂ ਦੀਆਂ ਮੱਛਲੀਆਂ ਰਾਹ ਜਾਂਦਿਆਂ ਤੋਂ ਸਿਫ਼ਤਾਂ ਕਰਾਉਂਦੀਆਂ। ਉਹ ਤੇਜ਼ੀ ਨਾਲ ਕਬੱਡੀ ਪਾਉਂਦਾ ਜਿਵੇਂ ਸੌ ਮੀਟਰ ਦੀ ਦੌੜ ਲਾ ਰਿਹਾ ਹੋਵੇ। ਜਾਫੀਆਂ ਕੋਲ ਜਾ ਕੇ ਇਕ ਦੋ ਨਿੱਕੀਆਂ ਨਿੱਕੀਆਂ ਚੁੰਗੀਆਂ ਭਰਦਾ ਤੇ ਬਿਜਲੀ ਦੇ ਕਰੰਟ ਵਾਂਗ ਜਾਫੀ ਨੂੰ ਛੋਹ ਕੇ ਪੰਦਰਾਂ ਸਕਿੰਟਾਂ `ਚ ਈ ਆਪਣੇ ਪਾੜੇ ਪਰਤ ਆਉਂਦਾ। ਦੇਵੀ ਦਿਆਲ ਨੂੰ ਰੋਕਣਾ ਰਾਕਟ ਨੂੰ ਹੱਥ ਪਾਉਣਾ ਸੀ!
ਦੇਵੀ ਦਿਆਲ ਦਾ ਜਨਮ 2 ਦਸੰਬਰ 1947 ਨੂੰ ਪਿੰਡ ਕੁੱਬਾ ਤਹਿਸੀਲ ਸਮਰਾਲਾ ਵਿਚ ਹੋਇਆ ਸੀ। ਉਹ ਅੱਠਵੀਂ ਤਕ ਆਪਣੇ ਪਿੰਡ ਪੜ੍ਹਿਆ ਤੇ ਦਸਵੀਂ ਖ਼ਾਲਸਾ ਸਕੂਲ ਘੁਲਾਲ ਤੋਂ ਕੀਤੀ। ਕਬੱਡੀ ਦੇ ਖਿਡਾਰੀ ਆਮ ਕਰ ਕੇ ਦਸ ਬਾਰਾਂ ਜਮਾਤਾਂ ਪੜ੍ਹਦੇ ਹਨ ਪਰ ਦੇਵੀ ਦਿਆਲ ਨੇ ਐੱਮ. ਏ. ਪਾਸ ਕੀਤੀ। ਮਾਲਵਾ ਕਾਲਜ ਸਮਰਾਲਾ ਪਿੱਛੋਂ ਉਹ ਸਰਕਾਰੀ ਕਾਲਜ ਲੁਧਿਆਣਾ ਤੇ ਡੀ. ਏ. ਵੀ. ਕਾਲਜ ਜਲੰਧਰ `ਚ ਪੜ੍ਹਿਆ ਜਿਥੇ ਕਬੱਡੀ ਦੀਆਂ ਟਰਾਫੀਆਂ ਜਿਤਾਉਂਦਾ ਰਿਹਾ। ਉਹਦੇ ਨਾਂ ਦੀ ਏਨੀ ਦਹਿਸ਼ਤ ਸੀ ਕਿ ਮੈਚ ਤੋਂ ਪਹਿਲਾਂ ਹੀ ਵਿਰੋਧੀ ਖਿਡਾਰੀ ਦਿਲ ਛੱਡ ਜਾਂਦੇ।
ਉਹਦੀ ਗੁੱਡੀ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿਚ ਚੜ੍ਹੀ ਸੀ। ਐਟਮ ਬੰਬ ਕਹਾਉਂਦਾ ਤੋਖੀ ਉਦੋਂ ਢਲ਼ ਰਿਹਾ ਸੀ ਪਰ ਦੇਵੀ ਚੜ੍ਹ ਰਿਹਾ ਸੀ। 1973 ਵਿਚ ਇੰਗਲੈਂਡ ਦੀ ਟੀਮ ਪੰਜਾਬ ਵਿਚ ਕਬੱਡੀ ਮੈਚ ਖੇਡਣ ਆਈ ਤਾਂ ਪਹਿਲਾ ਟੈੱਸਟ ਮੈਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਚ ਖੇਡਿਆ ਗਿਆ। ਕਬੱਡੀ ਉਦੋਂ ਸਾਹ ਨਾਲ ਪਾਈ ਜਾਂਦੀ ਸੀ। ਦੇਵੀ ਨੇ ਪਹਿਲੀ ਕਬੱਡੀ ਪਾਈ ਤਾਂ ਇੰਗਲੈਂਡ ਦੇ ਜਾਫੀ ਹਿੰਮਤ ਸੋਹੀ ਨੇ ਉਸ ਦੇ ਵੱਟ ਕੇ ਧੌਲ ਮਾਰੀ ਜੋ ਉਹਦੀ ਪੁੜਪੁੜੀ ਵਿਚ ਵੱਜੀ। ਉਹ ਘੁਮੇਟਣੀ ਖਾ ਕੇ ਡਿੱਗ ਪਿਆ ਤੇ ਮੈਚ ਖੇਡਣ ਦੇ ਕਾਬਲ ਨਾ ਰਿਹਾ। ਇੰਗਲੈਂਡ ਦੀ ਟੀਮ 62-60 ਅੰਕਾਂ ਨਾਲ ਮੈਚ ਜਿੱਤੀ। ਜੇਕਰ ਉਹ ਖੇਡਣੋਂ ਆਰੀ ਨਾ ਹੁੰਦਾ ਤਾਂ ਨਤੀਜਾ ਹੋਰ ਹੀ ਹੁੰਦਾ।
ਫਿਰ ਉਹ ਪੰਜਾਬ ਦੀ ਟੀਮ ਨਾਲ ਇੰਗਲੈਂਡ ਕਬੱਡੀ ਖੇਡਣ ਗਿਆ। ਮਾਰਚ ਪਾਸਟ ਵੇਲੇ ਖਿਡਾਰੀਆਂ ਦੇ ਪੱਗਾਂ ਬੱਧੀਆਂ ਸਨ। ਦੇਵੀ ਦਿਆਲ ਵੀ ਗੁਲਾਬੀ ਪੱਗ ਬੰਨ੍ਹ ਕੇ ਢੁੱਕਾ। ਦਰਸ਼ਕ ਵਾਰ ਵਾਰ ਪੁੱਛਦੇ, “ਏਹਨਾਂ `ਚ ਦੇਵੀ ਦਿਆਲ ਕਿਹੜਾ ਹੋਇਆ ਬਈ? ਪੱਗ ਨਾਲ ਉਹ ਦੇਵੀ ਨੂੰ ਦੇਵੀ ਦਿਆਲ ਨਹੀਂ ਸਨ ਸਮਝ ਰਹੇ। ਉਹ ਵਾਰ ਵਾਰ ਆਖਦੇ, “ਇਹ ਤਾਂ ਨਕਲੀ ਦੇਵੀ ਦਿਆਲ ਆ। ਸਾਨੂੰ ਅਸਲੀ ਦੇਵੀ ਦਿਆਲ ਦਿਖਾਓ!”
ਆਖ਼ਰ ਦੇਵੀ ਦਿਆਲ ਨੇ ਪੱਗ ਉਤਾਰੀ ਤੇ ਅਸਲੀ ਨਕਲੀ ਦਾ ਭੁਲੇਖਾ ਦੂਰ ਕੀਤਾ। ਉਨ੍ਹਾਂ ਦਿਨਾਂ `ਚ ਉਹ ਢੁੱਡੀਕੇ ਦੇ ਖੇਡ ਮੇਲੇ ਵਿਚ ਕਬੱਡੀ ਖੇਡਣ ਆਇਆ ਤਾਂ ਮੈਨੂੰ ਇੰਗਲੈਂਡ ਦੀਆਂ ਗੱਲਾਂ ਦੱਸਣ ਲੱਗ ਪਿਆ। ਆਖਣ ਲੱਗਾ, “ਪ੍ਰੋਫੈਸਰ ਸਾਹਿਬ, ਏਥੇ ਤਾਂ ਸੁੱਕੇ ਹੱਡ ਰਗੜਾਈ ਦੇ ਆ। ਕਬੱਡੀ ਖੇਡਣ ਦੀ ਲੱਜ਼ਤ ਤਾਂ ਇੰਗਲੈਂਡ ਵਿਚ ਆਉਂਦੀ ਆ। ਓਥੋਂ ਮੈਨੂੰ ਪੰਜ ਹਜ਼ਾਰ ਪੌਂਡ ਮਿਲੇ। ਓਥੇ ਤਾਂ ਕਿਸੇ ਕਬੱਡੀ ਖਿਡਾਰੀ ਦਾ ਵਿਆਹ ਮੰਗਣਾ ਵੀ ਹੋਵੇ ਤਾਂ ਹਜ਼ਾਰ ਹਜ਼ਾਰ ਪੌਂਡ ਸ਼ਗਨਾਂ ਦੇ ਈ ਹੋ ਜਾਂਦੇ ਆ। ਮੈਂ ਤਾਂ ਖ਼ੈਰ ਵਿਆਹਿਆ ਹੋਇਆ ਸੀ। ਇੰਗਲੈਂਡ `ਚ ਮੈਨੂੰ ਕਈ ਮਾਪਿਆਂ ਨੇ ਕਿਹਾ, “ਕਬੱਡੀ ਦੇ ਚੰਗੇ ਖਿਡਾਰੀਆਂ ਦੀ ਦੱਸ ਪਾ, ਅਸੀਂ ਧੀਆਂ ਵਿਆਹੁਣ ਨੂੰ ਤਿਆਰ ਆਂ!”
1970 ਵਿਚ ਉਹ ਪੰਜਾਬ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਦਾ ਕਬੱਡੀ ਕੋਚ ਬਣ ਗਿਆ ਸੀ। 2005 ਵਿਚ ਜ਼ਿਲ੍ਹਾ ਖੇਡ ਅਫਸਰ ਦੀ ਪਦਵੀ ਤੋਂ ਰਿਟਾਇਰ ਹੋਇਆ। 1974 ਵਿਚ ਪੰਜਾਬ ਦੀ ਜਿਹੜੀ ਟੀਮ ਵਲਾਇਤ ਕਬੱਡੀ ਖੇਡਣ ਗਈ ਉਹਦਾ ਉਹ ਮੀਤ ਕਪਤਾਨ ਸੀ। ਇੰਗਲੈਂਡ ਜਿਸ ਨੂੰ ਬੀਅਰ ਸ਼ਰਾਬ ਦਾ ਘਰ ਕਿਹਾ ਜਾਂਦਾ ਹੈ ਉਥੇ ਵੀ ਦੇਵੀ ਦਿਆਲ ਬੀਅਰ ਸ਼ਰਾਬ ਪੀਣੋਂ ਬਚਿਆ ਰਿਹਾ ਸੀ। ਮੈਂ ਉਸ ਦੇ ਸੋਹਣੇ ਪਾਲੇ ਹੋਏ ਜੁੱਸੇ ਦਾ ਰਾਜ਼ ਜਾਣਨ ਲਈ ਉਸ ਦੀ ਖਾਧ ਖੁਰਾਕ ਪੁੱਛੀ ਤਾਂ ਉਹਨੇ ਦੱਸਿਆ ਸੀ ਕਿ ਉਹ ਦੁੱਧ ਅਤੇ ਫਲਾਂ ਦਾ ਜੂਸ ਪੀਂਦਾ ਹੈ। ਆਂਡੇ ਤੇ ਮੀਟ ਖਾ ਲੈਂਦਾ ਹੈ। ਮੁੱਠੀ ਭਰ ਬਦਾਮ ਵੀ ਚੱਬਦਾ ਹੈ। ਮੈਂ ਆਖਿਆ, “ਬਦਾਮ ਤਾਂ ਬਹੁਤ ਮਹਿੰਗੇ ਹੁੰਦੇ ਹਨ।” ਉਸ ਦਾ ਜਵਾਬ ਸੀ, “ਸ਼ਰਾਬ ਨਾਲੋਂ ਤਾਂ ਫੇਰ ਵੀ ਸਸਤੇ ਪੈਂਦੇ ਹਨ।”
ਜਦੋਂ ਉਹ ਰਿਟਾਇਰ ਹੋ ਕੇ ਕੁੱਬੇ ਦੇ ਵਰਿਆਮ ਸਟੇਡੀਅਮ ਵਿਚ ਕਬੱਡੀ ਅਕੈਡਮੀ ਚਲਾਉਣ ਲੱਗਾ ਤਾਂ ਉਸ ਨਾਲ ਡਾਢਾ ਮਾੜਾ ਭਾਣਾ ਵਰਤ ਗਿਆ। ਹੋਣੀ ਨੇ ਉਹਦਾ ਇਕੋ ਇਕ ਜੁਆਨ ਪੁੱਤਰ ਟੋਨੀ ਅਲੰਕਾਰ ਉਹਤੋਂ ਖੋਹ ਲਿਆ। ਟੋਨੀ ਉਭਰਦਾ ਕੌਡਿਆਲ ਸੀ ਜਿਸ ਤੋਂ ਬੜੀਆਂ ਆਸਾਂ ਸਨ। ਪਰ ਕੈਂਸਰ ਦੀ ਚੰਦਰੀ ਬਿਮਾਰੀ ਉਸ ਨੂੰ ਲੈ ਬੈਠੀ। ਉਸ ਦੀ ਯਾਦ ਵਿਚ ਦੇਵੀ ਦਿਆਲ ਟੋਨੀ ਅਲੰਕਾਰ ਕਬੱਡੀ ਅਕੈਡਮੀ ਚਲਾ ਸੀ ਕਿ ਹੁਣ ਆਪ ਵੀ ਚਲਾਣਾ ਕਰ ਗਿਆ। ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਦੇ ਜੀਆਂ ਤੇ ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
principalsarwansingh@gmail.com