Headlines

ਟਰੂਡੋ ਸਰਕਾਰ ਕੈਨੇਡਾ ਵਾਸੀਆਂ ਨੂੰ ਬੁਨਿਆਦੀ  ਸਹੂਲਤਾਂ ਦੇਣ ਵਿੱਚ ਵੀ ਅਸਫਲ- ਪੌਲੀਵਰ

ਸਰੀ, 22 ਜਨਵਰੀ ( ਸੰਦੀਪ ਸਿੰਘ ਧੰਜੂ)-
‘ ਫੈਡਰਲ ਸਰਕਾਰ ਕੈਨੇਡਾ ਵਾਸੀਆਂ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ ਸਿੱਧ ਹੋਈ ਹੈ ਅਤੇ ਪਿਛਲੇ ਅੱਠ ਸਾਲਾਂ ਵਿੱਚ ਸਰਕਾਰ ਦੀਆਂ ਨੀਤੀਆਂ ਨੇ ਆਮ ਜਨਤਾ ਲਈ ਗੁਜਰ-ਬਸਰ ਕਰਨਾ ਦੁੱਭਰ ਕਰ ਦਿੱਤਾ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੰਸਰਵੇਟਿਵ ਪਾਰਟੀ ਦੇ ਆਗੂ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਮੋਹਰੀ ਪੀਅਰ ਪੋਲੀਵਰ ਨੇ ਸਰੀ ਵਿੱਚ ਚੋਣਵੇਂ ਪੱਤਰਕਾਰਾਂ ਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਪੌਲੀਵਰ ਨੇ ਕਿਹਾ ਕਿ ਟਰੂਡੋ ਦੀ ਅਗਵਾਈ ਵਾਲੀ ਇਹ ਸਰਕਾਰ ਹਰ ਮੁਹਾਜ ਉਤੇ ਅਸਫਲ ਹੋਈ ਹੈ ਜਿਸ ਕਾਰਨ ਮਹਿੰਗਾਈ, ਜਨਤਕ ਸੁਰੱਖਿਆ, ਰਿਹਾਇਸ਼ ਅਤੇ ਸਿਹਤ ਸੇਵਾਵਾਂ ਵਰਗੇ ਮੁੱਦੇ ਮੁੱਖ ਮੁੱਦਿਆਂ ਦੇ ਤੌਰ ਉਤੇ ਹਰ ਕਿਸੇ ਲਈ ਚਰਚਾ ਦੇ ਵਿਸ਼ੇ ਬਣੇ ਹੋਏ ਹਨ। ਉਨਾਂ ਕਿਹਾ ਕਿ ਕੈਨੇਡਾ ਵਾਸੀਆਂ ਦੇ ਜੀਵਨ ਪੱਧਰ ਵਿੱਚ ਏਨਾ ਨਿਘਾਰ ਕੈਨੇਡਾ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਆਇਆ ਅਤੇ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਨ ਤੇ ਇਹਨਾਂ ਮੁੱਦਿਆਂ ਨਾਲ ਤਰਜੀਹ ਪੱਧਰ ਉਪਰ ਨਜਿੱਠਿਆ ਜਾਵੇਗਾ। ਪੱਤਰਕਾਰਾਂ ਵੱਲੋਂ ਪਿਛਲੇ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਫਿਰੌਤੀ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਉਤੇ ਚਿੰਤਾ ਪ੍ਰਗਟਾਉਂਦਿਆਂ ਪੌਲੀਵਰ ਨੂੰ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਗਿਆ ਜਿਸ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਅਜਿਹਾ ਸਰਕਾਰ ਵੱਲੋਂ ਸੁਰੱਖਿਆ  ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਢਿੱਲ ਦਾ ਨਤੀਜਾ ਹੈ। ਇਸਦੇ ਨਾਲ ਹੀ ਪਿਛਲੇ ਸਮੇਂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਘਟਨਾ ਨੂੰ ਜੋੜਦਿਆਂ ਉਨਾਂ ਦੱਸਿਆ ਕਿ ਜੇਕਰ ਸਰਕਾਰ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਸੁਹਿਰਦ ਹੈ ਤਾਂ ਇਸ ਕੇਸ ਨਾਲ ਸੰਬੰਧਿਤ ਜਾਂਚ ਨੂੰ ਕਿਸੇ ਨਤੀਜੇ ਉਤੇ ਪੁੱਜਣ ਲਈ ਦੇਰ ਕਿਉਂ ਲੱਗ ਰਹੀ ਹੈ। ਜੇਕਰ ਟਰੂਡੋ ਸਰਕਾਰ ਇਸ ਘਟਨਾਂ ਲਈ ਭਾਰਤੀ ਏਜੰਸੀਆਂ ਨੂੰ ਜਿੰਮੇਵਾਰ ਦੱਸਦੀ ਹੈ ਤਾਂ ਫਿਰ ਵਿਦੇਸ਼ੀ ਦਖਲ ਅੰਦਾਜ਼ੀ ਉਤੇ ਰੋਕ ਲਗਾਉਣਾ ਵੀ ਸਰਕਾਰ ਦੀ ਹੀ ਜਿੰਮੇਵਾਰੀ ਹੈ। ਅਖੀਰ ਵਿੱਚ ਪੀਅਰ ਪੋਲੀਵਰ ਨੇ ਥੋੜੇ ਸਮੇਂ ਦੇ ਨੋਟਿਸ ਉਤੇ ਕਾਨਫਰੰਸ ਵਿੱਚ ਪਹੁੰਚੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦਾ ਧੰਨਵਾਦ ਕੀਤਾ।