Headlines

ਆਯੁਧਿਆ ਵਿਚ ਰਾਮ ਲੱਲਾ ਦੀ ਮੂਰਤੀ ਸਥਾਪਨਾ ਤੇ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਪਲ

ਅਯੁੱਧਿਆ ( ਗੂਗਲ ਸਰੋਤ)-ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਨਗਰੀ ਵਿਚ ਨਵ ਨਿਰਮਤ ਵਿਸ਼ਾਲ ਰਾਮ ਮੰਦਰ ਦੇ ਗਰਭ ਗ੍ਰਹਿ ’ਚ ਰਾਮ ਲੱਲਾ ਦੇ ਨਵੇਂ ਸਰੂਪ ਦੀ ਸਥਾਪਨਾ ਉਪਰੰਤ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਦੀ ਹਾਜ਼ਰੀ ’ਚ ਪ੍ਰਾਣ ਪ੍ਰਤਿਸ਼ਠਾ ਹੋਈ । ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਫ਼ੌਜ ਦੇ ਹੈਲੀਕਾਪਟਰਾਂ ਨੇ ਨਵੇਂ ਬਣੇ ਰਾਮ ਜਨਮਭੂਮੀ ਮੰਦਰ ’ਤੇ ਫੁੱਲਾਂ ਦੀ ਵਰਖਾ ਕੀਤੀ। ਉੱਤਰ ਪ੍ਰਦੇਸ਼ ਦੀ ਇਸ ਮੰਦਰ ਨਗਰੀ ’ਚ ਉਤਸ਼ਾਹ ਅਤੇ ਭਗਤੀ ਦਾ ਅਜਿਹਾ ਸੁਮੇਲ ਨਜ਼ਰ ਆਇਆ ਕਿ ਲੋਕਾਂ ਨੇ ਨੱਚ-ਗਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਲੱਖਾਂ ਹੀ ਲੋਕਾਂ ਨੇ ਆਪਣੇ ਘਰਾਂ ’ਚ ਟੀਵੀ ’ਤੇ ਸਿੱਧਾ ਪ੍ਰਸਾਰਣ ਦੇਖਿਆ ਅਤੇ ਉਹ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣੇ ।

ਪ੍ਰਧਾਨ ਮੰਤਰੀ ਮੋਦੀ ਨੇ ਗਰਭ ਗ੍ਰਹਿ ’ਚ 84 ਸੈਕਿੰਡ ਦੇ ਮਹੂਰਤ ਦੌਰਾਨ ਹੋਈ ਪ੍ਰਾਣ ਪ੍ਰਤਿਸ਼ਠਾ ਨਾਲ ਮੰਦਰ ’ਚ ਕਈ ਧਾਰਮਿਕ ਰਸਮਾਂ ਕੀਤੀਆਂ। ਬਾਅਦ ’ਚ ਉਨ੍ਹਾਂ ਭਗਵਾਨ ਰਾਮ ਦੇ ਬਾਲ ਰੂਪ ਵਾਲੀ 51 ਇੰਚ ਦੀ ਮੂਰਤੀ ਅੱਗੇ ਡੰਡੌਤ ਵੰਦਨਾ ਕੀਤੀ। ਸਮਾਗਮ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸੰਘ ਮੁਖੀ ਮੋਹਨ ਭਾਗਵਤ ਵੀ ਹਾਜ਼ਰ ਸਨ। ਸ੍ਰੀ ਮੋਦੀ ਵੱਲੋਂ ਸਮਾਗਮ ’ਚ ਹਾਜ਼ਰ ਅੱਠ ਹਜ਼ਾਰ ਦੇ ਕਰੀਬ ਸਾਧੂ-ਸੰਤਾਂ, ਫਿਲਮੀ ਸਿਤਾਰਿਆਂ ਅਤੇ ਵਪਾਰ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਸੰਬੋਧਨ ਕੀਤਾ ਗਿਆ ਜਿਸ ਦੀ ਸਮਾਪਤੀ ’ਤੇ ਸੈਂਕੜੇ ਲੋਕ ਗਰਭ ਗ੍ਰਹਿ ਵਾਲੇ ਅਸਥਾਨ ਵੱਲ ਚਲੇ ਗਏ ਅਤੇ ਉਥੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਹੋਰ ਆਗੂਆਂ ਨੇ ਸਮਾਗਮ ਦਾ ਸਿੱਧਾ ਪ੍ਰਸਾਰਣ ਦੇਖਿਆ। ਵਿਰੋਧੀ ਧਿਰ ਦੇ ਆਗੂ ਸਮਾਗਮ ਨੂੰ ਸੰਘ ਅਤੇ ਭਾਜਪਾ ਦਾ ਪ੍ਰੋਗਰਾਮ ਦੱਸ ਕੇ ਇਸ ਤੋਂ ਲਾਂਭੇ ਰਹੇ। ਉਂਜ ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ, ਜੋ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਹਨ, ਵੀ ਇਸ ਸਮਾਗਮ ’ਚ ਹਾਜ਼ਰ ਸਨ। ਮੈਸੂਰ ਦੇ ਪ੍ਰਸਿਧ ਬੁੱਤਘਾੜੇ ਅਰੁਣ ਯੋਗੀਰਾਜ ਨੇ ਸ਼ਿਆਮ ਰੰਗੇ ਪੱਥਰ ਨਾਲ ਭਗਵਾਨ ਰਾਮ ਦੇ ਪੰਜ ਵਰ੍ਹਿਆਂ ਦੇ ਬਾਲ ਰੂਪ ਨੂੰ ਨਵੀਂ ਮੂਰਤੀ ’ਚ ਦਰਸਾਇਆ ਹੈ। ਮੂਰਤੀ ਨੂੰ ਪੀਲੇ ਰੰਗ ਦੇ ਵਸਤਰ ਅਤੇ ਨਗਾਂ ਨਾਲ ਜੜੇ ਜ਼ੇਵਰਾਤਾਂ ਤੇ ਵੱਖ ਵੱਖ ਰੰਗਾਂ ਦੇ ਫੁੱਲਾਂ ਨਾਲ ਸਜਾਇਆ ਹੋਇਆ ਹੈ। ਸਮਾਗਮ ਦੌਰਾਨ ਵਜਾਈ ਗਈ ‘ਮੰਗਲ ਧਵਨੀ’ ’ਚ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ 50 ਰਵਾਇਤੀ ਸਾਜ਼ਾਂ ਦੀ ਵਰਤੋਂ ਕੀਤੀ ਗਈ। ਅਯੁੱਧਿਆ ਦੇ ਮਸ਼ਹੂਰ ਕਵੀ ਯਤਿੰਦਰ ਮਿਸ਼ਰ ਵੱਲੋਂ ਸੰਚਾਲਿਤ ਇਸ ਸੰਗੀਤਮਈ ਪੇਸ਼ਕਾਰੀ ਨੂੰ ਨਵੀਂ ਦਿੱਲੀ ਦੀ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਪ੍ਰੋਗਰਾਮ ’ਚ ਯੂਪੀ ਤੋਂ ਬੰਸਰੀ, ਕਰਨਾਟਕ ਤੋਂ ਵੀਣਾ, ਮਹਾਰਾਸ਼ਟਰ ਤੋਂ ਸੁੰਦਰੀ, ਪੰਜਾਬ ਤੋਂ ਅਲਗੋਜ਼ਾ, ਉੜੀਸਾ ਤੋਂ ਮਰਦਲਾ, ਮੱਧ ਪ੍ਰਦੇਸ਼ ਤੋਂ ਸੰਤੂਰ, ਮਨੀਪੁਰ ਤੋਂ ਪੁੰਗ, ਅਸਾਮ ਤੋਂ ਨਗਾੜਾ ਤੇ ਕਾਲੀ, ਛੱਤੀਸਗੜ੍ਹ ਤੋਂ ਤੰਬੂਰਾ, ਬਿਹਾਰ ਤੋਂ ਪਖਾਵਜ਼, ਦਿੱਲੀ ਤੋਂ ਸ਼ਹਿਨਾਈ ਅਤੇ ਰਾਜਸਥਾਨ ਤੋਂ ਰਾਵਣਹੱਥਾ ਵਜਾਉਣ ਵਾਲੇ ਕਲਾਕਾਰ ਸ਼ਾਮਲ ਹੋਏ। ਇਸ ਦੌਰਾਨ ਅਯੁੱਧਿਆ ਜ਼ਿਲ੍ਹੇ ’ਚ ਸੁਰੱਖਿਆ ਦਾ ਸਖ਼ਤ ਪਹਿਰਾ ਰਿਹਾ ਅਤੇ ਸਵੇਰ ਤੋਂ ਹੀ ਸੜਕਾਂ ’ਤੇ ਰਾਮਧੁਨ ਵਜਣੀ ਸ਼ੁਰੂ ਹੋ ਗਈ ਸੀ।