ਸੰਧੂ ਸਮੇਤ ਤਿੰਨ ਮੈਂਬਰਾਂ ਨੇ ਹਲਫ ਲਿਆ-
ਨਵੀਂ ਦਿੱਲੀ ( ਦਿਓਲ)-ਚੰਡੀਗੜ੍ਹ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਸ ਸਤਨਾਮ ਸਿੰਘ ਸੰਧੂ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਤਨਾਮ ਸਿੰਘ ਸੰਧੂ ਨੂੰ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਹੈ।
2001 ਵਿੱਚ ਮੁਹਾਲੀ ਵਿੱਚ ‘ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼’ (ਸੀਜੀਸੀ) ਦੀ ਸਥਾਪਨਾ ਅਤੇ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ।
ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਐਕਸ ਉਪਰ ਸੰਧੂ ਦੀ ਨਿਯੁਕਤੀ ਲਈ ਵਧਾਈ ਦਿੰਦਿਆਂ ਕਿਹਾ ਹੈ ਕਿ
“ਮੈਂ ਸ਼੍ਰੀ ਸਤਨਾਮ ਸਿੰਘ ਸੰਧੂ ਦੀ ਰਾਜ ਸਭਾ ਲਈ ਨਾਮਜ਼ਦਗੀ ਦਾ ਸੁਆਗਤ ਕਰਦਾ ਹਾਂ। ਸਮਾਜ ਸੇਵਾ ਦੇ ਖੇਤਰ ਵਿੱਚ ਉਹਨਾਂ ਦਾ ਭਰਪੂਰ ਕੰਮ ਅਤੇ ਸਿੱਖਿਆ, ਨਵੀਨਤਾ ਅਤੇ ਸਿੱਖਣ ਪ੍ਰਤੀ ਉਹਨਾਂ ਦਾ ਜਨੂੰਨ ਰਾਜ ਸਭਾ ਲਈ ਤਾਕਤ ਦਾ ਵੱਡਾ ਸਰੋਤ ਹੋਵੇਗਾ। ਮੈਂ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਨਾਮ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਸੰਧੂ ਇਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਹਨ। ਉਹਨਾਂ ਐਕਸ ਉਪਰ ਲਿਖਿਆ ਹੈ ਕਿ
“ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਜੀ ਨੇ ਸ਼੍ਰੀ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਸੰਧੂ ਨੇ ਇੱਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਵਜੋਂ ਆਪਣੀ ਪਛਾਣ ਬਣਾਈ ਹੈ, ਜੋ ਵੱਖ-ਵੱਖ ਤਰੀਕਿਆਂ ਨਾਲ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਸਨੇ ਹਮੇਸ਼ਾ ਰਾਸ਼ਟਰੀ ਏਕਤਾ ਨੂੰ ਅੱਗੇ ਵਧਾਉਣ ਲਈ ਵਿਆਪਕ ਕੰਮ ਕੀਤਾ ਹੈ ਅਤੇ ਪਰਵਾਸੀ ਭਾਰਤੀਆਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੋੜਨ ਵਿਚ ਅਹਿਮ ਯੋਗਦਾਨ ਪਾਇਆ । ਮੈਂ ਉਨ੍ਹਾਂ ਦੇ ਸੰਸਦੀ ਸਫਰ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਰਾਜ ਸਭਾ ਦੀ ਕਾਰਵਾਈ ਉਨ੍ਹਾਂ ਦੇ ਵਿਚਾਰਾਂ ਨਾਲ ਭਰਪੂਰ ਹੋਵੇਗੀ।
ਕੌਣ ਹੈ ਸਤਨਾਮ ਸਿੰਘ ਸੰਧੂ ?
ਫਿਰੋਜ਼ਪੁਰ ਜਿਲੇ ਦੇ ਕਸਬਾ ਮਖੂ ਨਾਲ ਸਬੰਧਿਤ ਸਤਨਾਮ ਸਿੰਘ ਸੰਧੂ ਨੇ ਇਕ ਯੂਥ ਆਗੂ, ਸਥਾਨਕ ਪੱਤਰਕਾਰ ਅਤੇ ਸਮਾਜ ਸੇਵੀ ਦੇ ਨਾਲ ਇਕ ਸਿੱਖਿਆ ਪ੍ਰੇਰਕ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਸਮੇਂ ਉਹ ਭਾਰਤ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਵਿੱਚੋਂ ਇੱਕ ਹੈ।
ਸਤਨਾਮ ਸਿੰਘ ਸੰਧੂ ਨੇ 2001 ਵਿੱਚ ਮੋਹਾਲੀ ਦੇ ਲਾਂਡਰਾਂ ਵਿਖੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਤੋਂ ਸ਼ੁਰੂਆਤ ਕੀਤੀ। ਉਪਰੰਤ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ ।
ਉਸ ਦਾ ਮੁੱਢਲਾ ਜੀਵਨ ਕਈ ਔਕੜਾਂ ਭਰਿਆ ਸੀ। ਸਿੱਖਿਆ ਪ੍ਰਾਪਤੀ ਲਈ ਭਾਰੀ ਸੰਘਰਸ਼ ਕੀਤਾ। ਬਚਪਨ ਵਿਚ ਵੇਖੀਆਂ ਔਕੜਾਂ ਕਾਰਣ ਉਹ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨ ਲਈ ਉਤਸ਼ਾਹਿਤ ਹੋਇਆ। ਉਹ ਅਕਸਰ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਦਾ ਹੈ।
ਉਹ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਸਮਾਜ ਸੇਵੀ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਪਾਉਂਦਾ ਆ ਰਿਹਾ ਹੈ। ਉਹ ਦੇਸ਼ ਵਿੱਚ ਫਿਰਕੂ ਸਦਭਾਵਨਾ ਨੂੰ ਅੱਗੇ ਵਧਾਉਣ ਲਈ ਦੋ ਐਨ ਜੀ ਓਜ਼ – ਇੰਡੀਅਨ ਘੱਟ ਗਿਣਤੀ ਫਾਊਂਡੇਸ਼ਨ ਅਤੇ ਨਿਊ ਇੰਡੀਆ ਡਿਵੈਲਪਮੈਂਟ (ਐਨਆਈਡੀ) ਫਾਊਂਡੇਸ਼ਨ ਚਲਾ ਰਿਹਾ ਹੈ।
ਸੰਧੂ ਨੇ ਰਾਜ ਸਭਾ ਮੈਂਬਰ ਵਜੋਂ ਹਲਫ ਲਿਆ-
ਨਵੀਂ ਦਿੱਲੀ-ਬੀਤੇ ਦਿਨ ਰਾਜ ਸਭਾ ਦੇ ਤਿੰਨ ਨਵੇਂ ਮੈਬਰਾਂ ਨੇ ਹਲਫ ਲਿਆ। ਤਿੰਨ ਨਵੇਂ ਮੈਂਬਰਾਂ ਵਿਚ ਸਤਨਾਮ ਸਿੰਘ ਸੰਧੂ, ਨਰਾਇਣ ਦਾਸ ਗੁਪਤਾ ਅਤੇ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਮੈਂਬਰ ਵਜੋਂ ਸਹੁੰ ਸਹੁੰ ਚੁੱਕਾਈ। ਇਸ ਮੌਕੇ ਚੇਅਰਮੈਨ ਨੇ ਸੰਧੂ ਨੂੰ ਕਿਹਾ, ‘ਤੁਸੀਂ ਇਤਿਹਾਸ ਰਚਿਆ ਹੈ। ਤੁਸੀਂ ਸੰਸਦ ਦੀ ਨਵੀਂ ਇਮਾਰਤ ਵਿੱਚ ਸਹੁੰ ਚੁੱਕਣ ਵਾਲੇ ਪਹਿਲੇ ਵਿਅਕਤੀ ਹੋ।’ ਮਾਲੀਵਾਲ ਨੂੰ ਦੁਬਾਰਾ ਸਹੁੰ ਚੁੱਕਣੀ ਪਈ ਕਿਉਂਕਿ ਉਸ ਦੀ ਪਹਿਲੀ ਸਹੁੰ ਚੇਅਰਮੈਨ ਨੇ ਨਹੀਂ ਮੰਨੀ। ਉਸ ਨੇ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਸੀ ਜੋ ਸਹੁੰ ਦਾ ਹਿੱਸਾ ਨਹੀਂ ਸਨ। ਸ੍ਰੀ ਸੰਧੂ ਨਾਮਜ਼ਦ ਮੈਂਬਰ ਹਨ, ਜਦਕਿ ਗੁਪਤਾ ਅਤੇ ਮਾਲੀਵਾਲ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਬਿਨਾਂ ਮੁਕਾਬਲਾ ਚੁਣੇ ਗਏ ਹਨ।