ਜਲੰਧਰ- ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ, ਕਮਿਊਨਿਸਟ ਆਗੂ ਤੇ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਮੁੱਖ ਸੰਪਾਦਕ ਰਹੇ ਮਰਹੂਮ ਸ ਜਗਜੀਤ ਸਿੰਘ ਆਨੰਦ ਦੀ ਯਾਦ ਵਿਚ ਹਰ ਸਾਲ ਦਿੱਤਾ ਜਾਂਦਾ ਸਿਮਰਤੀ ਪੁਰਸਕਾਰ ਇਸ ਵਾਰ ਕੈਨੇਡਾ ਤੋਂ ਉਘੀ ਰੇਡੀਓ ਹੋਸਟ ਤੇ ਸੀਨੀਅਰ ਪੱਤਰਕਾਰਾ ਨਵਜੋਤ ਢਿੱਲੋਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ ਵਿਚ 2019 ਤੋਂ ਸ਼ੁਰੂ ਕੀਤਾ ਗਿਆ ਇਹ ਪੁਰਸਕਾਰ ਪੱਤਰਕਾਰੀ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਪੱਤਰਕਾਰ ਨੂੰ ਸਨਮਾਨ ਪੱਤਰ ਦੇ ਨਾਲ 51,000 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ। ਹੁਣ ਤੱਕ ਇਸ ਲੜੀ ਤਹਿਤ ਸ਼ਿਵਿੰਦਰ ਸਿੰਘ ਨੂੰ (2019), ਪ੍ਰਭਜੀਤ ਸਿੰਘ ਨੂੰ (2020) ਡਾ ਸਵਰਾਜਬੀਰ ਨੂੰ (2021), ਜਤਿੰਦਰ ਕੌਰ ਤੁੜ ਨੂੰ (2022) ਵਿਚ ਅਤੇ ਚਰਨਜੀਤ ਭੁੱਲਰ ਨੂੰ 2023 ਵਿਚ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਹੈ।
ਸਾਲ 2024 ਲਈ ਸਿਮਰਤੀ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ ਗਿਆ ਹੈ ਕਿ ਪੱਤਰਕਾਰੀ ਵਿਚ ਸ਼ਲਾਘਾਯੋਗ ਦੇਣ ਲਈ ਸਾਡੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਪੱਤਰਕਾਰਾਂ ਨੂੰ ਸਨਮਾਨਿਆ ਜਾਵੇ ਜੋ ਕਾਲਮਨਵੀਸ ਜਾਂ ਸੰਪਾਦਕ ਨਹੀਂ, ਸਗੋਂ ਸਰਗਰਮ ਢੰਗ ਨਾਲ ਕਿਸੇ ਇਲਾਕੇ ਜਾਂ ਸੰਦਰਭ ਵਿਸ਼ੇਸ਼ ਤਹਿਤ ਕੰਮ ਕਰਦੇ ਹਨ ।
ਸਾਨੂੰ ਇਹ ਦਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਪੱਤਰਕਾਰੀ ਵਿਚ ਸ਼ਲਾਘਾਯੋਗ ਦੇਣ ਲਈ ਇਸ ਸਾਲ ਦੇ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਕੈਨੇਡਾ ਨਿਵਾਸੀ ਸੀਨੀਅਰ ਪੱਤਰਕਾਰ ਅਤੇ ਡਿਜੀਟਲ ਮੀਡੀਆ ਰਾਹੀਂ ਪੰਜਾਬੀ ਸਾਹਿਤ ਅਤੇ ਸਮਾਜ ਨਾਲ ਜੁੜੇ ਵਿਸ਼ਿਆਂ ਨੂੰ ਲਗਾਤਾਰ ਅਤੇ ਨਰੋਈ ਦਿੱਖ ਨਾਲ ਉਭਾਰਨ ਲਈ ਨਵਜੋਤ ਢਿੱਲੋਂ ਨੂੰ ਸਨਮਾਨਿਆ ਜਾ ਰਿਹਾ ਹੈ। ਇਹ ਪੁਰਸਕਾਰ ਗੁਰਬਖਸ਼ ਸਿੰਘ ਨਾਨਕ ਸਿੰਘ ਫਾਂਊਂਡੇਸ਼ਨ, ਪ੍ਰੀਤਨਗਰ (ਜ਼ਿਲਾ ਅਮ੍ਰਿਤਸਰ) ਦੇ ਵਿਹੜੇ ਵਿਚ ਐਤਵਾਰ 17 ਮਾਰਚ, 2024 ਨੂੰ ਦਿੱਤਾ ਜਾਵੇਗਾ ।
ਨਵਜੋਤ ਢਿੱਲੋਂ- ਸੰਖੇਪ ਜਾਣ ਪਛਾਣ-
ਨਵਜੋਤ ਢਿੱਲੋਂ ਨੂੰ ਰੇਡੀਓ, ਟੀਵੀ ਤੇ ਅਖਬਾਰੀ ਪੱਤਰਕਾਰੀ ਵਿਚ ਲੰਬਾ ਤਜੁਰਬਾ ਹਾਸਲ ਹੈ। ਉਘੇ ਪੱਤਰਕਾਰ ਬਖਸ਼ਿੰਦਰ ਦੀ ਧੀ ਵਜੋਂ , ਵਿਰਸੇ ਵਿਚ ਪੱਤਰਕਾਰੀ ਦੀ ਗੁੜਤੀ ਪ੍ਰਾਪਤ ਨਵਜੋਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਜਲੰਧਰ ਤੇ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਦਿਆਂ ਹਿੰਦੁਸਤਾਨ ਟਾਈਮਜ਼ ਦੀ ਪੱਤਰਕਾਰ ਵਜੋਂ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜ਼ਨਲ ਕੈਂਪਸ ਜਲੰਧਰ ਤੋਂ ਜਰਨਲਿਜਮ ਵਿਚ ਮਾਸਟਰ ਕਰਨ ਉਪਰੰਤ ਉਸਨੇ ਕੁਝ ਸਮਾਂ ਬੀ ਡੀ ਆਰੀਆ ਕਾਲਜ ਜਲੰਧਰ ਕੈਂਟ ਵਿਖੇ ਬਤੌਰ ਲੈਕਚਰਾਰ ਪੜਾਇਆ ਵੀ। ਵਿਦੇਸ਼ ਵਿਚ ਪੰਜਾਬ ਰੇਡੀਓ ਲੰਡਨ ਤੋਂ ਨਿਊਜ ਰੀਡਰ ਵਜੋਂ ਕੁਝ ਸਮਾਂ ਕੰਮ ਕੀਤਾ ਤੇ ਫਿਰ 2005 ਵਿਚ ਪੱਕੇ ਤੌਰ ਤੇ ਕੈਨੇਡਾ ਪ੍ਰਵਾਸ ਕਰ ਆਈ। ਕੈਨੇਡਾ ਵਿਚ ਮਾਂਟਰੀਅਲ ਦੇ ਰੇਡੀਓ ਹਮਸਫਰ ਉਪਰੰਤ ਵੈਨਕੂਵਰ ਦੇ ਪ੍ਰਸਿਧ ਰੈਡ ਐਫ ਰੇਡੀਓ ਵਿਚ ਬਤੌਰ ਨਿਊਜ ਡਾਇਰੈਕਟਰ ਤੇ ਟਾਕ ਸ਼ੋਅ ਹੋਸਟ ਵਜੋਂ ਲੰਬਾ ਸਮਾਂ ਸੇਵਾਵਾਂ ਨਿਭਾਈਆਂ। ਰੇਡੀਓ ਰੈਡ ਐਮ ਦੇ ਰੌਸ਼ਨੀ ਪ੍ਰੋਗਰਾਮ ਦੀ ਹੋਸਟ ਵਜੋਂ ਖਾਸ ਪਹਿਚਾਣ ਬਣਾਈ। ਇਥੇ ਲਗਪਗ 14 ਸਾਲ ਕੰਮ ਕਰਨ ਉਪਰੰਤ ਵੈਨਕੂਵਰ ਦੇ ਇਕ ਹੋਰ ਪ੍ਰਸਿਧ ਰੇਡੀਓ ਸ਼ੇਰੇ ਪੰਜਾਬ ਏ ਐਮ 600 ਉਪਰ ਸ਼ਾਨਦਾਰ ਸੇਵਾਵਾਂ ਦਿੱਤੀਆਂ ਤੇ ਅੱਜਕੱਲ ਯੂ ਟਿਊਬ ਚੈਨਲ ਪ੍ਰੋਗਰਾਮ ”ਦਾ ਨਵਜੋਤ ਢਿੱਲੋ ਵਾਲ” ਰਾਹੀਂ ਵੱਖ ਵੱਖ ਸਮਾਜਿਕ, ਸਿਆਸੀ ਤੇ ਸਾਹਿਤਕ ਵਿਸ਼ਿਆ ਉਪਰ ਪੰਜਾਬੀ ਪਿਆਰਿਆਂ ਨਾਲ ਸਾਂਝ ਪਾ ਰਹੀ ਹੈ। ਪਿਛਲੇ ਦਿਨਾਂ ਵਿਚ ਚਰਚਿਤ ਮੁੱਦਿਆਂ ਉਪਰ ਗੱਲਬਾਤ ਦੇ ਨਾਲ ਪੰਜਾਬੀ ਸਾਹਿਤਕਾਰਾਂ ਤੇ ਵਿਦਵਾਨਾਂ ਨਾਲ ਮੁਲਾਕਾਤਾਂ ਖਾਸ ਚਰਚਾ ਵਿਚ ਰਹੀਆਂ ਹਨ।