-ਬੀ ਸੀ ਗੁਰਦੁਆਰਾ ਕੌਂਸਲ ਵਲੋਂ ਗੋਲੀਬਾਰੀ ਲਈ ਸ਼ੱਕੀ ਭਾਰਤੀ ਏਜੰਟ ਜਿੰਮੇਵਾਰ ਕਰਾਰ-
ਸਰੀ ( ਦੇ ਪ੍ਰ ਬਿ)- ਮਰਹੂਮ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਨੇੜਲੇ ਸਾਥੀ ਸਿਮਰਨਜੀਤ ਸਿੰਘ ਦੇ ਘਰ ‘ਤੇ ਗੋਲੀਬਾਰੀ ਹੋਣ ਦੀ ਖਬਰ ਹੈ। ਆਰ ਸੀ ਐੱਮ ਪੀ ਨੇ ਸਾਊਥ ਸਰੀ ਵਿੱਚ ਵਾਪਰੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਹਮਲੇ ’ਚ ਕਿਸੇ ਨੁਕਸਾਨ ਜਾਂ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਸੂਤਰਾਂ ਮੁਤਾਬਿਕ ਪਹਿਲੀ ਫਰਵਰੀ ਨੂੰ ਤੜਕੇ 1.21 ਵਜੇ ਖਾਲਿਸਤਾਨੀ ਸਮਰਥਕ ਸਿਮਰਨਜੀਤ ਸਿੰਘ ਜੰਮੂ ਦੇ ਘਰ ਤੇ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸੇ ਦੌਰਾਨ ਬੀ ਸੀ ਗੁਰਦੁਆਰਾ ਕੌੰਸਲ ਦੇ ਪ੍ਰਧਾਨ ਮਨਿੰਦਰ ਸਿੰਘ ਬੋਇਲ ਨੇ ਗੁਰਦੁਆਰਾ ਸਰੀ-ਡੈਲਟਾ ਵਿਖੇ ਬੁਲਾਈ ਇਕ ਪ੍ਰੈਸ ਕਾਨਫਰੰਸ ਦੌਰਾਨ ਖਾਲਿਸਤਾਨੀ ਲਹਿਰ ਦੇ ਸਰਗਰਮ ਕਾਰਕੁੰਨ ਸਿਮਰਨਜੀਤ ਸਿੰਘ ਦੇ ਘਰ ਤੇ ਹੋਈ ਇਸ ਗੋਲੀਬਾਰੀ ਦੀ ਨਿੰਦਾ ਕਰਦਿਆਂ ਇਸ ਕਾਰਵਾਈ ਨੂੰ ਭਾਰਤੀ ਏਜੰਟਾਂ ਦੀ ਕੈਨੇਡੀਅਨ ਸਿੱਖਾਂ ਨੂੰ ਡਰਾਉਣ ਦੀ ਕਾਰਵਾਈ ਦੱਸਿਆ। ਉਹਨਾਂ ਕਿਹਾ ਕਿ ਭਾਈ ਸਿਮਰਨਜੀਤ ਸਿੰਘ ਦਾ ਪਿਛਲੇ ਕਈ ਦਿਨਾਂ ਤੋਂ ਸ਼ੱਕੀ ਏਜੰਟਾਂ ਵਲੋਂ ਪਿੱਛਾ ਕੀਤਾ ਜਾ ਰਿਹਾ ਸੀ। ਸਿਮਰਨਜੀਤ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਇਸਦੇ ਬਾਵਜੂਦ ਉਸਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀ ਕੀਤਾ ਗਿਆ। ਉਹਨਾਂ ਕਿਹਾ ਕਿ ਬੀਤੀ ਰਾਤ ਦੋ ਸ਼ੱਕੀ ਵਿਅਕਤੀਆਂ ਵਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿਚ ਭਾਵੇਂਕਿ ਕਿ ਕਿਸੇ ਪਰਿਵਾਰਕ ਮੈਂਬਰ ਦਾ ਕੋਈ ਨੁਕਸਾਨ ਨਹੀ ਹੋਇਆ ਪਰ ਭਾਰਤੀ ਏਜੰਸੀਆਂ ਦੀ ਇਹ ਕਾਰਵਾਈ ਸਿੱਧੇ ਰੂਪ ਵਿਚ ਸਿੱਖ ਕਾਰਕੁੰਨਾਂ ਵਿਚ ਦਹਿਸ਼ਤ ਪੈਦਾ ਕਰਨ ਵਾਲੀ ਸੀ। ਪੱਤਰਕਾਰਾਂ ਵਲੋਂ ਇਹ ਪੁੱਛੇ ਜਾਣ ਕਿ ਪਿਛਲੇ ਸਮੇਂ ਦੌਰਾਨ ਸਰੀ ਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਸਾਉਥ ਏਸ਼ੀਅਨ ਕਾਰੋਬਾਰੀਆਂ ਨੂੰ ਜਬਰੀ ਵਸੂਲੀ ਲਈ ਮਿਲ ਰਹੀਆਂ ਧਮਕੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਂਗ ਇਸ ਘਟਨਾ ਨੂੰ ਤੁਸੀਂ ਨਿਖੇੜਕੇ ਕਿਵੇਂ ਲੈ ਰਹੇ ਹੋ ਤਾਂ ਉਹਨਾਂ ਕਿਹਾ ਕਿ ਭਾਈ ਸਿਮਰਨਜੀਤ ਸਿੰਘ ਨੂੰ ਇਸ ਗੋਲੀਬਾਰੀ ਤੋਂ ਪਹਿਲਾਂ ਕੋਈ ਧਮਕੀ ਪੱਤਰ ਜਾਂ ਚੇਤਾਵਨੀ ਨਹੀ ਮਿਲੀ। ਬਲਕਿ ਕੁਝ ਸ਼ੱਕੀ ਵਿਅਕਤੀਆਂ ਵਲੋਂ ਉਸਦਾ ਪਿੱਛਾ ਕੀਤੇ ਜਾਣ ਸਬੰਧੀ ਉਸਨੇ ਪੁਲਿਸ ਨੂੰ ਰਿਪੋਰਟ ਕੀਤਾ ਸੀ। ਉਹਨਾਂ ਕਿਹਾ ਸਿਮਰਨਜੀਤ ਸਿੰਘ ਮਰਹੂਮ ਖਾਲਿਸਤਾਨੀ ਆਗੂ ਭਾਈ ਨਿੱਝਰ ਦਾ ਨੇੜਲਾ ਸਾਥੀ ਹੈ ਜੋ ਭਾਰਤੀਆਂ ਅੰਬੈਸੀ ਸਾਹਮਣੇ ਰੋਸ ਧਰਨਿਆਂ ਵਿਚ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ ਖਾਲਿਸਤਾਨ ਰੀਫਰੈਂਡਮ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਸ਼ੱਕੀ ਭਾਰਤੀ ਏਜੰਟਾਂ ਨੇ ਉਸਦੇ ਘਰ ਉਪਰ ਗੋਲੀਬਾਰੀ ਕਰਕੇ ਉਸਨੂੰ ਡਰਾਉਣ ਦਾ ਯਤਨ ਕੀਤਾ ਹੈ ਪਰ ਉਹ ਇਕ ਸਮਰਿਪਤ ਕਾਰਕੁੰਨ ਹੈ ਜੋ ਕਿਸੇ ਵੀ ਹਾਲਤ ਵਿਚ ਖਾਲਿਸਤਾਨੀ ਲਹਿਰ ਤੋ ਪਿੱਛੇ ਨਹੀ ਹਟੇਗਾ। ਇਸ ਪ੍ਰੈਸ ਕਾਨਫਰੰਸ ਮੌਕੇ ਗੋਲੀਬਾਰੀ ਦੀ ਘਟਨਾ ਤੋਂ ਪੀੜਤ ਭਾਈ ਸਿਮਰਨਜੀਤ ਸਿੰਘ ਹਾਜ਼ਰ ਨਹੀ ਸੀ। ਪੱਤਰਕਾਰਾਂ ਨਾਲ ਗੱਲਬਾਤ ਅਤੇ ਸਵਾਲ ਜਵਾਬ ਭਾਈ ਮਨਿੰਦਰ ਸਿੰਘ ਬੋਇਲ ਵਲੋਂ ਕੀਤੇ ਗਏ। ਪੱਤਰਕਾਰਾਂ ਵਲੋਂ ਸਿਮਰਨਜੀਤ ਸਿੰਘ ਬਾਰੇ ਵਧੇਰੇ ਜਾਣਕਾਰੀ ਦੇਣ ਬਾਰੇ ਸਵਾਲ ਤੇ ਦੱਸਿਆ ਗਿਆ ਹੈ ਕਿ ਉਹ ਇਕ ਸਰਗਰਮ ਖਾਲਿਸਤਾਨੀ ਕਾਰਕੁੰਨ ਹੈ ਜੋ ਪਿੱਛੇ ਰਹਿਕੇ ਸੇਵਾ ਕਰਨ ਵਾਲਾ ਹੈ ਤੇ ਕਦੇ ਵੀ ਮੋਹਰੀ ਰਹਿਕੇ ਨਹੀ ਵਿਚਰਿਆ। ਇਸ ਮੌਕੇ ਬੀਸੀ ਗੁਰਦੁਆਰਾ ਕੌਂਸਲ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ ਪਰ ਪੱਤਰਕਾਰਾਂ ਨੂੰ ਕੇਵਲ ਮਨਿੰਦਰ ਸਿੰਘ ਬੋਇਲ ਹੀ ਮੁਖਾਤਿਬ ਹੋਏ ਜਿਹਨਾਂ ”ਖਾਲਿਸਤਾਨ ਦੀ ਪ੍ਰਾਪਤੀ ਲਈ ਪਾਤਸ਼ਾਹੀ ਦਾਅਵੇ ਨੂੰ ਸਤਿਗੁਰ ਦਾ ਹੁਕਮ” ਦਸਦਿਆਂ ਇਸਤੋਂ ਕਦੇ ਵੀ ਪਿੱਛੇ ਨਾ ਹਟਣ ਦਾ ਇਕਰਾਰ ਦੁਹਰਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸਬੰਧੀ ਚੱਲ ਰਹੀ ਜਾਂਚ, ਸਰਕਾਰ ਅਤੇ ਵਿਰੋਧੀ ਧਿਰ ਕੰਸਰਵੇਟਿਵ ਦੀ ਭੂਮਿਕਾ ਬਾਰੇ ਕਈ ਹੋਰ ਸਵਾਲਾਂ ਦੌਰਾਨ ਉਹਨਾਂ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਤੇ ਵੋਟ ਰਾਜਨੀਤੀ ਕਰਦਿਆਂ ਭਾਰਤ ਦਾ ਪੱਖ ਲੈਣ ਦੇ ਦੋਸ਼ ਵੀ ਲਗਾਏ।