ਫੜੇ ਗਏ ਡਰਾਈਵਰ ਦੀ ਪਛਾਣ ਕੋਮਲਪ੍ਰੀਤ ਸਿੱਧੂ ਵਜੋਂ ਹੋਈ-
ਵਿੰਨੀਪੈਗ ( ਸ਼ਰਮਾ)-ਕੈਨੇਡਾ ਸਰਹੱਦੀ ਪੁਲਿਸ ਨੇ 29 ਸਾਲਾ ਇੰਡੋ-ਕੈਨੇਡੀਅਨ ਡਰਾਈਵਰ ਨੂੰ ਉਸ ਦੇ ਟਰੱਕ ਦੇ ਅੰਦਰੋਂ ਵੱਡੇ ਸੂਟਕੇਸਾਂ ਵਿੱਚੋਂ 406.2 ਕਿਲੋਗ੍ਰਾਮ ਮੈਥਾਮਫੇਟਾਮਾਈਨ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਿਕ ਵਿੰਨੀਪੈਗ ਬਾਰ਼ਡਰ ਤੋਂ ਕੋਮਲਪ੍ਰੀਤ ਸਿੱਧੂ ਨੂੰ 14 ਜਨਵਰੀ ਨੂੰ ਗ੍ਰਿਫਤਾਰ ਕਰਨ ਉਪਰੰਤ ਪਹਿਲੀ ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਕੇਨ ਮੈਕਗ੍ਰੇਗਰ ਨੇ ਦੱਸਿਆ ਕਿ ਟਰੱਕ, ਜੋ ਵਿਨੀਪੈਗ ਜਾ ਰਿਹਾ ਸੀ, ਦੀ ਤਲਾਸ਼ੀ ਲਈ ਗਈ। ਟਰੱਕ ਵਿੱਚ ਸੂਟਕੇਸਾਂ ਦੇ ਅੰਦਰੋਂ 200 ਪੈਕਟ ਨਸ਼ੀਲੇ ਪਦਾਰਥ ਮਿਲੇ। ਜ਼ਬਤ ਕੀਤੇ ਗਏ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਕੀਮਤ 50 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਹੈ। ਇਹ ਟਰੱਕ ਅਮਰੀਕਾ ਦੀ ਤਰਫੋ ਆਇਆ ਸੀ।
3 ਪਰਵਾਸੀ ਭਾਰਤੀਆਂ ਨੂੰ ਕੀਤਾ ਜਾਵੇਗਾ ਅਮਰੀਕਾ ਹਵਾਲੇ
ਮੈਕਸੀਕੋ ਅਤੇ ਉੱਤਰੀ ਅਮਰੀਕੀ ਦੇਸ਼ਾਂ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਵਿੱਚ ਮੁਕੱਦਮੇ ਲਈ ਹਵਾਲਗੀ ਤਹਿਤ ਭੇਜਿਆ ਜਾਵੇਗਾ। ਐੱਫਬੀਆਈ ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰਸੀਐੱਮਪੀ) ਦੇ ਸਾਂਝੇ ਅਪਰੇਸ਼ਨ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਮੁਲਜ਼ਮਾਂ ਦੀ ਪਛਾਣ ਆਯੂਸ਼ ਸ਼ਰਮਾ (25) ਅਤੇ ਗੁਰਅੰਮ੍ਰਿਤ ਸੰਧੂ (60), ਦੋਵੇਂ ਬਰੈਂਪਟਨ ਤੋਂ ਅਤੇ ਕੈਲਗਰੀ ਤੋਂ ਸ਼ੁਭਮ ਕੁਮਾਰ (29) ਵਜੋਂ ਹੋਈ ਹੈ।