ਬਰੁੱਕਵੁੱਡ ਸਾਊਥ ਲੈਂਗਲੀ ਇਲਾਕੇ ਦੇ ਤੇਜ਼ੀ ਨਾਲ ਵਿਕਾਸ ਲਈ ਵਿਚਾਰਾਂ-
ਸਰੀ ( ਦੇ ਪ੍ਰ ਬਿ) -ਬੀਤੇ ਦਿਨੀ ਹਾਉਸਿੰਗ ਐਡਵੋਕੇਸੀ ਸੁਸਾਇਟੀ ਆਫ ਬੀ ਸੀ ਦੀ ਇਕ ਭਰਵੀਂ ਇਕੱਤਰਤਾ ਰਾਇਰ ਬੈਂਕੁਇਟ ਹਾਲ ਸਰੀ ਵਿਖੇ ਹੋਈ। ਮੀਟਿੰਗ ਵਿਚ ਸੁਸਾਇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਸਾਊਥ ਲੈਂਗਲੀ ਦੇ ਬਰੁੱਕਵੁੱਡ ਏਰੀਏ ਵਿਚ ਕੰਮ ਕਰਦੇ ਬਿਲਡਰਜ ਅਤੇ ਡਿਵੈਲਪਰਜ਼ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਬੀ ਸੀ ਸਰਕਾਰ ਵਲੋਂ ਸੂਬੇ ਵਿਚ ਘਰਾਂ ਦੀ ਸਮੱਸਿਆ ਦੇ ਹੱਲ ਲਈ ਲਿਆਂਦੇ ਗਏ ਬਿਲ 44 ਦਾ ਸਵਾਗਤ ਕਰਦਿਆਂ ਟਾਊਨਸ਼ਿਪ ਆਫ ਲੈਂਗਲੀ ਅਤੇ ਹਾਉਸਿੰਗ ਮੰਤਰਾਲੇ ਨਾਲ ਮਿਲਕੇ ਬਰੁੱਕਸਾਈਡ ਇਲਾਕੇ ਦੇ ਵਿਕਾਸ ਵਿਚ ਔਕੜਾਂ ਨੂੰ ਦੂਰ ਕਰਨ ਤੇ ਤੇਜੀ ਨਾਲ ਵਿਕਾਸ ਦੀਆਂ ਸੰਭਾਵਨਾਵਾਂ ਉਪਰ ਚਰਚਾ ਕੀਤੀ ਗਈ। ਇਸ ਮੌਕੇ ਮੀਟਿੰਗ ਦੇ ਪ੍ਰਬੰਧਕ ਲਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਬੀ ਸੀ ਸਰਕਾਰ ਵਲੋਂ ਸੂਬੇ ਵਿਚ ਘਰਾਂ ਦੀ ਥੁੜ ਨੂੰ ਪੂਰਾ ਕਰਨ ਅਤੇ ਨਿਰਮਾਣ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਲਈ ਲਿਆਂਦਾ ਗਿਆ ਬਿਲ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਗੈਰ ਲਾਭਕਾਰੀ ਹਾਊਸਿੰਗ ਐਡਵੋਕੇਸੀ ਸੁਸਾਇਟੀ, ਸਰਕਾਰ ਅਤੇ ਟਾਊਨਸ਼ਿਪ ਆਫ ਲੈਂਗਲੀ ਨਾਲ ਮਿਲਕੇ ਕੰਮ ਕਰਨ ਲਈ ਕਾਫੀ ਉਤਸ਼ਾਹਿਤ ਹੈ। ਕੁਝ ਸਮੱਸਿਆਵਾਂ ਹਨ ਜਿਹਨਾਂ ਬਾਰੇ ਹਾਊਸਿੰਗ ਮਨਿਸਟਰ ਰਵੀ ਕਾਹਲੋਂ ਤੇ ਲੈਂਗਲੀ ਦੇ ਮੇਅਰ ਐਰਿਕ ਵੁੱਡਵਾਰਡ ਨਾਲ ਵਿਚਾਰਾਂ ਕੀਤੀਆਂ ਗਈਆਂ ਹਨ।
ਇਸ ਮੌਕੇ ਹਾਊਸਿੰਗ ਸੁਸਾਇਟੀ ਦੇ ਡਾਇਰੈਕਟਰ ਲਵਪ੍ਰੀਤ ਸੰਧੂ, ਰਣਦੀਪ ਖਹਿਰਾ, ਹਰਭਝਨ ਗਿੱਲ, ਡਾ ਕੁਲਦੀਪ ਸੇਖੋਂ ਨੇ ਆਪਣੇ ਸੁਝਾਅ ਰੱਖੇ ਜਿਹਨਾਂ ਦੀ ਹਾਜ਼ਰੀਨ ਨੇ ਪ੍ਰੋੜਤਾ ਕੀਤੀ। ਹੋਰਨਾਂ ਤੋ ਇਲਾਵਾ ਨਵੀਨ ਤੱਖਰ, ਬੌਬੀ ਪਵਾਰ, ਜਤਿੰਦਰ ਸੰਧਰ, ਇਸ਼ਵਿੰਦਰ ਘੱਗ, ਜੋਤੀ ਸਹੋਤਾ, ਵਿਸ਼ਾਲ ਗੁਪਤਾ ਤੇ ਵੱਡੀ ਗਿਣਤੀ ਵਿਚ ਹੋਰ ਸ਼ਖਸੀਅਤਾਂ ਹਾਜ਼ਰ ਸਨ।