Headlines

ਇਕ ਅਧਿਆਪਕ ਤੇ ਇਕ ਵਿਦਿਆਰਥੀ ਵਾਲਾ ਸਕੂਲ…

ਸਿੱਖਿਆ ਕ੍ਰਾਂਤੀ ’ਤੇ ਝਾੜੂ ਫੇਰਨ ਲੱਗਾ  ਸਰਕਾਰੀ  ਪ੍ਰਾਇਮਰੀ ਸਕੂਲ ਬੁੱਧ ਸਿੰਘ ਵਾਲਾ  –
ਬਠਿੰਡਾ (ਅਸ਼ੋਕ ਵਰਮਾ)-
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਦਾਅਵਿਆਂ ਨੂੰ ਕੋਠੇ ਬੁੱਧ ਸਿੰਘ ਵਾਲਾ ਦੇ ਪ੍ਰਾਇਮਰੀ ਸਕੂਲ ਨੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਮੌਜੂਦਾ ਸਮੇਂ ਇਸ ਸਕੂਲ ’ਚ ਹਰੇਕ  ਸਹੂਲਤ ਮੌਜੂਦ ਹੈਪਰ ਪੜ੍ਹਨ ਵਾਲਾ ਵਿਦਿਆਰਥੀ ਸਿਰਫ ਇੱਕ ਹੀ ਹੈ ਜਿਸ ਨੂੰ ਪੜ੍ਹਾਉਣ ਲਈ ਇੱਕ ਅਧਿਆਪਕ ਤਾਇਨਾਤ ਕੀਤਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਕੇ ਸਮਾਰਟ ਬਨਾਉਣ ਦੇ ਬਾਵਜੂਦ ਵੀ ਪਿੰਡ ਵਾਸੀ  ਆਪਣੇ ਬੱਚਿਆਂ ਨੂੰ ਇਸ ਸਕੂਲ ’ਚ ਦਾਖਲ ਕਰਾਉਣ ਤੋਂ ਗੁਰੇਜ਼ ਕਰ ਰਹੇ ਹਨ।  ਰੌਚਕ ਤੱਥ ਇਹ ਵੀ ਹੈ ਕਿ ਯਤਨਾਂ ਦੇ ਬਾਵਜੂਦ  ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਦੀ ਗਿਣਤੀ ਵਧ ਵੀ ਨਹੀਂ ਸਕੀ ਹੈ।  ਭਿੰਦਰ ਸਿੰਘ ਨਾਮ ਦਾ ਇਹ ਵਿਦਿਆਰਥੀ ਪੰਜਵੀਂ ਕਲਾਸ ’ਚ ਪੜ੍ਹਦਾ ਹੈ।
ਇਸ ਇੱਕਲੌਤੇ ਬੱਚੇ ਲਈ ਹਰ ਰੋਜ਼ ਮਿਡ ਡੇ ਮੀਲ ਸਕੀਮ ਤਹਿਤ ਖਾਣਾ ਵੀ ਬਣਾਇਆ ਜਾਂਦਾ ਹੈ। ਜੇਕਰ ਸਕੂਲ ’ਚ ਹੋਰ ਬੱਚੇ ਦਾਖਲ ਨਾਂ ਹੋਏ ਤਾਂ ਅਗਲੇ ਵਿਦਿੱਅਕ ਸੈਸ਼ਨ ਤੋਂ ਸਕੂਲ ਨੂੰ ਜਿੰਦਰਾ ਵੱਜਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਗੁਰਸੇਵਕ ਸਿੰਘ ਅਨੁਸਾਰ ਕੋਠੇ ਬੁੱਧਸਿੰਘ ਵਾਲਾ ’ਚ ਸਿਰਫ 90 ਕੁ ਘਰ ਹਨ ਜਿੰਨ੍ਹਾਂ ਦੀ ਕੁੱਲ ਵਸੋਂ ਲੱਗਭਗ 425 ਬਣਦੀ ਹੈ। ਪਿੰਡ ਦੀਆਂ ਕਰੀਬ 320 ਵੋਟਾਂ ਹਨ ਅਤੇ ਸਮੁੱਚੀ ਅਬਾਦੀ ਜਰਨਲ ਕੈਟਾਗਰੀ ਨਾਲ ਸਬੰਧਤ ਹੈ। ਪਿੰਡ ਦੀ ਅਬਾਦੀ ਪਿੰਡਾਂ ਵਾਂਗ ਇੱਕੋ ਥਾਂ ਨਹੀਂ ਬਲਕਿ ਦੋ ਥਾਵਾਂ ਤੇ ਕਰੀਬ 10-10 ਘਰਾਂ ਦੀ ਵਸੋਂ ਹੈ ਜਦੋਂਕਿ ਬਾਕੀ ਪ੍ਰੀਵਾਰਾਂ ਨੇ ਆਪੋ ਆਪਣੇ ਹਿਸਾਬ ਨਾਲ ਖੇਤਾਂ ’ਚ ਘਰ ਪਾਏ ਹੋਏ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਦੀ ਵਸੋਂ ਜਰਨਲ ਹੋਣ ਕਰਕੇ ਮਾਪਿਆਂ ਦੀ ਤਰਜੀਹ ਸਰਕਾਰੀ ਸਕੂਲਾਂ ਦੀ ਥਾਂ ਪਾ੍ਰਈਵੇਟ ਸਕੂਲ ਹਨ । ਉਨ੍ਹਾਂ ਕਿਹਾ ਕਿ ਸੰਕਟ ਦਾ ਕਾਰਨ ਸਕੂਲ ਪ੍ਰਾਇਮਰੀ ਹੋਣਾ ਵੀ ਹੈ  ਕਿਉਂਕਿ ਹਰ ਮਾਂ ਬਾਪ ਸੋਚਦਾ ਹੈ ਕਿ ਜਦੋਂ ਅੱਗੇ ਪੜ੍ਹਨ ਲਈ ਬਾਹਰ ਜਾਣਾ ਹੈ ਤਾਂ ਫਿਰ ਸ਼ੁਰੂਆਤ ਹੀ ਬਾਹਰੋਂ ਕਿਉਂ ਨਾਂ ਕੀਤੀ ਜਾਏ। ਉਨ੍ਹਾਂ ਦੱਸਿਆ ਕਿ ਪੰਚਾਇਤ ਆਪਣੇ ਤਰਫੋਂ ਪਿੰਡ ਵਾਸੀਆਂ ਨੂੰ ਸਕੂਲ ਬਚਾਉਣ ਲਈ ਬੱਚੇ ਦਾਖਲ ਕਾਰਵਾਉਣ ਵਾਸਤੇ ਪ੍ਰੇਰਣਾ ਮੁਹਿੰਮ ਵੀ ਚਲਾਈ ਸੀ ਜਿਸ ਦਾ ਅਸਰ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਕਿ  ਬੱਚਿਆਂ ਦੀ ਘਾਟ ਕਾਰਨ ਤਾਂ ਸਕੂਲੀ ਸਿੱਖਿਆ ਵਿਭਾਗ ਨੇ ਇੱਕ ਵਾਰ ਸਕੂਲ ਬੰਦ ਕਰਨ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਸਕੂਲ ਦੇ ਤੱਤਕਾਲੀ ਅਧਿਆਪਕ ਜਸਵਿੰਦਰ ਸਿੰਘ ਨਾਲ ਮਿਲਕੇ ਨਜ਼ਦੀਕ ਪੈਂਦੇ ਕੋਠੇ ਜੀਵਨ ਸਿੰਘ ਵਾਲਾ ਤੋਂ ਤਕਰੀਬਨ ਦੋ ਦਰਜਨ ਬੱਚਿਆਂ ਦਾ ਇਸ ਸਕੂਲ ’ਚ ਦਾਖਲਾ ਕਰਵਾਇਆ ਸੀ ਜੋ ਦੋ ਸਾਲ ਪੜ੍ਹਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਸ ਮਾਮਲੇ ’ਚ ਹਿੰਮਤ ਕਰਨ ਵਾਲੇ ਅਧਿਆਪਕ ਜਸਵਿੰਦਰ ਸਿੰਘ ਦੀ ਬਦਲੀ ਹੋ ਗਈ ਜਿਸ ਤੋਂ ਬਾਅਦ ਸਕੂਲ ਫਿਰ ਬੱਚਿਆਂ ਦੀ ਤੋਟ ਨਾਲ ਜੂਝਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਅਤੇ ਪਿੰਡ ਵਾਸੀ ਜਾਣਦੇ ਹਨ ਕਿ ਮੌਜੂਦਾ ਵਿਦਿਆਰਥੀ ਪੰਜਵੀਂ ’ਚ ਹੈ ਜਿਸ ਦੇ ਪਾਸ ਹੋਣ ਦੀ ਸੂਰਤ ’ਚ ਸਕੂਲ ਦੀ ਹੋਂਦ ਖਤਰੇ ’ਚ ਪੈ ਜਾਏਗੀ ਫਿਰ ਵੀ ਮਾਪੇ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਤਿਆਰ ਨਹੀਂ ਹੋਏ ਹਨ।