ਹਜ਼ੂਰ ਸਾਹਿਬ- ਮਹਾਰਾਸ਼ਟਰ ਸਰਕਾਰ ਵਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਐਕਟ 1956 ਵਿਚ ਸੋਧ ਕਰਕੇ ਸਿੱਖ ਸੰਸਥਾਵਾਂ ਦੀ ਪ੍ਰਤੀਨਿਧਤਾ ਘਟਾਉਣ ਵਿਰੁਧ ਸਿੱਖ ਜਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਇਸ ਸੋਧ ਦੇ ਵਿਰੋਧ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵਲੋ ਰੋਸ ਮਾਰਚ ਦੇ ਦਿੱਤੇ ਗਏ ਸੱਦੇ ਦੇ ਸਮਰਥਨ ਵਿਚ ਭਾਰੀ ਗਿਣਤੀ ਵਿਚ ਸਿਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਹ ਰੋਸ ਮਾਰਚ ਦੌਰਾਨ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਏਕਤਾ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ।ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਨਾਂਦੇੜ ‘ਚ ਸਿੱਖਾਂ ਅੰਦਰ ਸੂਬਾ ਸਰਕਾਰ ਖਿਲਾਫ ਭਾਰੀ ਰੋਸ ਹੈ। ਅਸੀਂ ਮਹਾਰਾਸ਼ਟਰ ਸਰਕਾਰ ਨੂੰ ਆਪਣੇ ਮੰਤਰੀ ਮੰਡਲ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦੇਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦੇ ਹਾਂ। ਜਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਗੁਰਦੁਆਰਾ ਐਕਟ ਵਿਚ ਸੋਧ ਕਰਕੇ ਪ੍ਰਬੰਧਕੀ ਬੋਰਡ ਵਿਚ ਸ੍ਰੋਮਣੀ ਕਮੇਟੀ ਤੇ ਚੀਫ ਖਾਲਸਾ ਦੀਵਾਨ ਦੀ ਨੁਮਾਇੰਦਗੀ ਘਟਾ ਦਿੱਤੀ ਹੈ।
-ਸ੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਵਫਦ ਸਿੰਘ ਸਾਹਿਬ ਨੂੰ ਮਿਲਿਆ- ਇਸੇ ਦੌਰਾਨ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ. ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਇਕ ਵਫਦ ਨੇ ਸਿੰਘ ਸਾਹਿਬ ਨਾਲ ਮੁਲਾਕਾਤ ਕੀਤੀ ਤੇ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ।