Headlines

ਜਬਰੀ ਵਸੂਲੀ ਦੇ ਮਾਮਲੇ ਵਿਚ 3 ਨੌਜਵਾਨ ਤੇ 2 ਕੁੜੀਆਂ ਗ੍ਰਿਫਤਾਰ

ਗ੍ਰਿਫਤਾਰ ਕੀਤੇ ਨੌਜਵਾਨਾਂ ਦੀ  ਅਰੁਨਦੀਪ ਥਿੰਦ, ਗਗਨ ਅਜੀਤ ਸਿੰਘ , ਅਨਮੋਲ ਸਿੰਘ , ਹਸ਼ਮੀਤ ਕੌਰ  ਤੇ ਅਮਨਜੌਤ ਕੌਰ ਵਜੋਂ ਪਛਾਣ ਜਾਰੀ-
ਬਰੈਂਪਟਨ ( ਸੇਖਾ)- ਬੀਤੇ ਮਹੀਨਿਆਂ ਤੋਂ ਕੈਨੇਡਾ ਭਰ ਵਿੱਚੋਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਫਿਰੌਤੀਆਂ ਲਈ ਧਮਕੀ-ਪੱਤਰ ਭੇਜਣ ਅਤੇ ਡਰਾਉਣ ਧਮਕਾਉਣ ਦੀਆਂ ਸ਼ਿਕਾਇਤਾਂ  ਉਪਰੰਤ ਹਰਕਤ ਵਿਚ ਆਈ ਪੁਲਿਸ ਨੇ 3 ਨੌਜਵਾਨਾਂ ਤੇ 2 ਮੁਟਿਆਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਤੋਂ ਬਾਅਦ ਬਰੀਕੀ ਨਾਲ਼ ਜਾਂਚ ਕੀਤੀ ਜਾ ਰਹੀ ਸੀ ਅਤੇ 24 ਜਨਵਰੀ ਨੂੰ ਬਰੈਂਪਟਨ ਵਿਖੇ ਇਕ ਘਰ ਵਿੱਚ ਛਾਪਾ ਮਾਰ ਕੇ ਸ਼ੱਕੀ ਅਰੁਨਦੀਪ ਥਿੰਦ (39), ਗਗਨ ਅਜੀਤ ਸਿੰਘ (23), ਅਨਮੋਲ ਸਿੰਘ (23), ਹਸ਼ਮੀਤ ਕੌਰ (25) ਤੇ ਅਮਨਜੌਤ ਕੌਰ (21) ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਤੋਂ ਦੋ ਦਿਨਾਂ ਬਾਅਦ ਇਕ ਵਿਅਕਤੀ ਨੂੰ ਫੋਨ ਕਰਕੇ ਤੇ ਵੱਟਸਐਪ ਸੁਨੇਹੇ ਭੇਜ ਕੇ ਵੱਡੀ ਰਕਮ ਦੀ ਫਿਰੌਤੀ ਮੰਗਣ ਦੇ ਦੋਸ਼ਾਂ ਤਹਿਤ ਅਰੁਨਦੀਪ ਥਿੰਦ (39) ਦੀ ਵੀ ਗ੍ਰਿਫਤਾਰੀ ਹੋਈ। ਪੁਲਿਸ ਮੁਖੀ ਨਿਸ਼ਾਨ ਦੁਰਾਈਆਪਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਿੰਸਕ ਅਪਰਾਧਾਂ ਦੇ ਮਾਮਲੇ ਬਹੁਤ ਗੰਭੀਰਤਾ ਨਾਲ਼ ਲਏ ਜਾ ਰਹੇ ਹਨ। ਉਨ੍ਹਾਂ ਨੇ ਦੋਸ਼ੀਆਂ ਦੀਆਂ ਧਮਕੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਪੀਲ ਪੁਲਿਸ ਦੀ ਟਾਸਕ ਫੋਰਸ ਨਾਲ਼ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਸਾਰੇ ਮਾਮਲਿਆਂ ਦੀ ਤਹਿ ਤੱਕ ਜਾਂਚ ਕੀਤੀ ਜਾ ਸਕੇ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਤੋਂ ਹਥਿਆਰ ਅਤੇ ਵੱਡੀ ਗਿਣਤੀ ਵਿੱਚ ਸੈੱਲਫੋਨ ਵੀ ਬਰਾਮਦ ਕੀਤੇ ਗਏ ਹਨ। ਦੋਵੇਂ ਕੁੜੀਆਂ, ਹਸ਼ਮੀਤ ਤੇ ਅਮਨਜੋਤ ਕੋਲੋਂ ਵੀ ਪੁਲਿਸ ਨੇ ਗੈਰ ਲਾਇਸੈਂਸੀ ਲੋਡਡ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਯਾਦ ਰਹੇ ਫਿਰੌਤੀ ਅਤੇ ਗੋਲਾਬਾਰੀ ਦੀਆਂ ਦੀਆਂ ਬਰੈਂਪਟਨ, ਵੈਨਕੂਵਰ, ਸਰੀ, ਐਬਸਫੋਰਡ ਤੇ ਐਡਮਿੰਟਨ ਵਿਚ ਵਾਪਰੀਆਂ ਇਹਨਾਂ ਘਟਨਾਵਾਂ ਦੀ ਵਿਸ਼ੇਸ਼ ਟਾਕਸ ਫੋਰਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਐਡਮਿੰਟਨ ਪੁਲਿਸ ਨੇ 6 ਅਤੇ ਸਰੀ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ।