Headlines

ਪੰਜਾਬੀ ਅਕਾਦਮੀ ਦਿੱਲੀ ਦੀਆਂ ਸਰਗਰਮੀਆਂ ਵਧਾਉਣ ਦੀ ਤਿਆਰੀ

ਨਵੀਂ ਦਿੱਲੀ ( ਦਿਓਲ)-
ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਦਿੱਲੀ ਨੂੰ ਨਵਾਂ ਸਕੱਤਰ ਮਿਲਣ ਮਗਰੋਂ ਦਿੱਲੀ ਦੀ ਇਸ ਸਭ ਤੋਂ ਵੱਡੀ ਪੰਜਾਬੀ ਭਾਸ਼ਾ ਦੀ ਸੰਸਥਾ ਦੇ ਦਿਨ ਫਿਰਨ ਦੀ ਉਮੀਦ ਬਣੀ ਹੈ।  ਬੀਤੇ ਮਹੀਨੇ ਅਕਾਦਮੀ ਦਾ ਚਾਰਜ ਸਾਂਭਣ ਵਾਲੇ ਦਿੱਲੀ ਸਰਕਾਰ ਦੇ ਅਧਿਕਾਰੀ ਅਜੇ ਅਰੋੜਾ ਨੇ  ਦੱਸਿਆ ਕਿ ਇਸ ਅਕਾਦਮੀ ਦਾ ਖੁੱਸਿਆ ਵਕਾਰ ਹਾਸਲ ਕਰਨ ਲਈ ਉਹ ਜੀਅ ਤੋੜ ਮਿਹਨਤ ਕਰਨਗੇ। ਉਨ੍ਹਾਂ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਪੰਜਾਬੀ ਅਕਾਦਮੀ ਦੀਆਂ ਲਾਇਬਰੇਰੀਆਂ ਨੂੰ ਲੋਕਾਂ ਨਾਲ ਜੋੜਨ ਤੋਂ ਇਲਾਵਾ ਉਨ੍ਹਾਂ ਚ ਸੁਧਾਰ ਕਰਨ ਲਈ ਗਵਰਨਿੰਗ ਕੌਂਸਲ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨੀਂ ਕਰਵਾਏ ਗਏ ਕੌਮੀ ਕਵੀ ਦਰਬਾਰ ਵਿੱਚ ਨਵੀਂ ਪੀੜ੍ਹੀ ਦੇ ਕਵੀਆਂ ਨੂੰ ਸੱਦ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਅਫਜ਼ਾਈ ਕੀਤੀ ਗਈ।  ਮਾਸਿਕ ‘ਸਮਦਰਸੀ਼’ ਦਾ ਪ੍ਰਕਾਸ਼ਨ ਸ਼ੁਰੂ ਕਰਨ ਸਮੇਤ ਅਕਾਦਮੀ ਦੇ ਸਮਾਗਮਾਂ ਨੂੰ ਨਵੀਂ ਧਾਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਗਲੇ ਦਿਨਾਂ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਬਾਰੇ ਵੀ ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਬਸੰਤ ਬਾਰੇ ਵੀ ਪ੍ਰੋਗਰਾਮ ਵੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬੀ ਅਕਾਦਮੀ ਚ ਆਈ ਖੜੋਤ ਤੋਂ ਦਿੱਲੀ ਦੇ ਪੰਜਾਬੀ ਭਾਈਚਾਰੇ ਚ ਨਿਰਾਸ਼ਾ ਸੀ ਪਰ ਦਿੱਲੀ ਦੇ ਬੁਧੀਜੀਵੀਆਂ ਵੱਲੋਂ ਕਦੇ ਵੀ ਆਵਾਜ਼ ਨਹੀਂ ਉਠਾਈ ਗਈ। ਗੁਰਭੇਜ ਸਿੰਘ ਗੁਰਾਇਆ ਨੂੰ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਵਾਪਸ ਕਾਨੂੰਨ ਮਹਿਕਮੇ ਚ ਜਾਣ ਮਗਰੋਂ ਅਕਾਦਮੀ ਦੀਆਂ ਸਰਗਰਮੀਆਂ ਨੂੰ ਖੋਰਾ ਲੱਗਾ ਸੀ।