Headlines

ਡਾ.ਓਬਰਾਏ ਨੇ ਸ਼੍ਰੀਨਗਰ ‘ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਪੀੜਤ ਪਰਿਵਾਰਾਂ ਦੀ 2500 ਰੁਪਏ ਮਹੀਨਾਵਾਰ ਪੈਨਸ਼ਨ ਕੀਤੀ ਸ਼ੁਰੂ-
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ-ਪਿਛਲੇ ਦਿਨੀਂ ਸ਼੍ਰੀਨਗਰ ‘ਚ ਅੱਤਵਾਦੀ ਹਮਲੇ ਦੌਰਾਨ ਕਸਬਾ ਚਮਿਆਰੀ ਦੇ ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਦੀ ਬਾਂਹ ਫੜਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐਸ.ਪੀ. ਸਿੰਘ ਉਬਰਾਏ ਵੱਲੋਂ ਪੀੜਤ ਪਰਿਵਾਰਾਂ ਦੀ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ ਹੈ।ਇਸ ਘਟਨਾ ਸਬੰਧੀ ਦੁੱਖ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਡਾ.ਐਸ.ਪੀ.ਸਿੰਘ ਓਬਰਾਏ ਨੇ ਅੱਜ ਟਰੱਸਟ ਦੀ ਮਾਝਾ ਜ਼ੋਨ ਦੀ ਟੀਮ ਨੂੰ ਕਸਬਾ ਚਮਿਆਰੀ ਵਿਖੇ ਪੀੜਤ ਪਰਿਵਾਰਾਂ ਕੋਲ ਭੇਜ ਕੇ ਚਾਲੂ ਫ਼ਰਵਰੀ ਮਹੀਨੇ ਦੀ ਪੈਨਸ਼ਨ ਦੇ ਪਹਿਲੇ ਚੈੱਕ ਦੋਵਾਂ ਮਿ੍ਤਕ ਨੌਜਵਾਨਾਂ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੀਆਂ ਬਦਨਸੀਬ ਮਾਵਾਂ ਨੂੰ ਕਸਬੇ ਦੇ ਮੋਹਤਬਰਾਂ ਦੀ ਮੌਜੂਦਗੀ ਵਿੱਚ ਸੌਂਪੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੰਘ ਸਿੱਧੂ,ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਵਿੱਤ ਸਕੱਤਰ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਸ਼੍ਰੀਨਗਰ ਵਿਖੇ ਮਜ਼ਦੂਰੀ ਕਰਨ ਗਏ ਉਕਤ ਦੋਵਾਂ ਨੌਜਵਾਨਾਂ ਜਿਨ੍ਹਾਂ ਨੂੰ ਅੱਤਵਾਦੀਆਂ ਵੱਲੋਂ ਮਿਥ ਕੇ ਕੀਤੇ ਹਮਲੇ ਦੌਰਾਨ ਮਾਰ ਦਿੱਤਾ ਗਿਆ ਸੀ,।ਜਦ ਇਸ ਘਟਨਾ ਸਬੰਧੀ ਟਰੱਸਟ ਦੀ ਮਾਝਾ ਟੀਮ ਵੱਲੋਂ ਡਾ.ਓਬਰਾਏ ਨਾਲ ਸੰਪਰਕ ਕਰਕੇ ਆਰਥਿਕ ਪੱਖੋਂ ਕਮਜ਼ੋਰ ਦੋਵ੍ਹਾਂ ਕਿਰਤੀ ਪਰਿਵਾਰਾਂ ਨਾਲ ਹੋਏ ਇਸ ਧੱਕੇ ਬਾਰੇ ਦੱਸਿਆ ਤਾਂ ਉਨ੍ਹਾਂ ਤੁਰੰਤ ਫੈਸਲਾ ਲੈਂਦਿਆਂ ਦੋਵਾਂ ਮਿ੍ਤਕ ਨੌਜਵਾਨਾਂ ਦੀਆਂ ਮਾਵਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਉਮਰ ਭਰ ਲਈ ਪੈਨਸ਼ਨ ਦੇਣ ਦੇ ਆਦੇਸ਼ ਦਿੱਤੇ।ਜਿਸ ਤਹਿਤ ਅੱਜ ਟਰੱਸਟ ਦੀ ਟੀਮ ਨੇ ਜਿੱਥੇ ਦੋਵਾਂ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਉਥੇ ਹੀ ਪੈਨਸ਼ਨ ਦੇ ਪਹਿਲੇ ਚੈੱਕ ਵੀ ਸੌਂਪੇ।ਇਸ ਦੌਰਾਨ ਦੋਵਾਂ ਪੀੜਤ ਪਰਿਵਾਰਾਂ ਤੋਂ ਇਲਾਵਾ ਕਸਬਾ ਚਮਿਆਰੀ ਦੀ ਪੰਚਾਇਤ ਤੇ ਇਲਾਕੇ ਦੇ ਮੋਹਤਬਰਾਂ ਨੇ ਇਸ ਵੱਡੇ ਪਰਉਪਕਾਰ ਲਈ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਸਰਪੰਚ ਜਰਨੈਲ ਸਿੰਘ ਜ਼ੈਲਦਾਰ,ਗੁਰਜੰਟ ਸਿੰਘ ਸੋਹੀ,ਗੁਰਵਿੰਦਰ ਸਿੰਘ ਗੋਲੂ,ਬਲਬੀਰ ਸਿੰਘ ਬਿੱਟੂ,ਮਨਜੀਤ ਸਿੰਘ ਲਾਲੀ,ਸਰਬਮਾਨ ਸਿੰਘ ਜੌਹਲ,ਗੁਰਦੀਪ ਢਿੱਲੋਂ,ਦਿਲਬਾਗ ਸਿੰਘ ਸੰਧੂ, ਗੁਰਦੇਵ ਸੰਧੂ,ਗੁਰਭੇਜ ਗੋਲਡੀ,ਵਿਰਸਾ ਸਿੰਘ,ਲਾਲੀ ਢਿੱਲੋਂ,ਜਰਨੈਲ ਸਿੰਘ ਕਾਲਿਆਂ ਵਾਲੇ,ਪ੍ਰਭਦੀਪ ਸੋਹਲ,ਜਸਪਾਲ ਢਿੱਲੋਂ,ਬਲਜੀਤ ਸਿੰਘ,ਜੱਗਾ ਮਸੀਹ,ਤੋਤੀ ਮਸੀਹ,ਮੁਨਸ਼ੀ ਕੁਲਵੰਤ ਸਿੰਘ,ਬਲਦੇਵ ਮਸੀਹ ਆਦਿ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਵੀ ਮੌਜੂਦ ਸਨ।
ਫੋਟੋ ਕੈਪਸ਼ਨ:ਮ੍ਰਿਤਕ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਮਾਪਿਆਂ ਨੂੰ ਪੈਨਸ਼ਨ ਦੇ ਚੈੱਕ ਭੇਟ ਕਰਨ ਮੌਕੇ ਟਰੱਸਟ ਦੀ ਟੀਮ।