ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਪਿਛਲੇ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਹੋਕਾ ਇਟਲੀ ਭਰ ਵਿੱਚ ਦੇ ਰਿਹਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ(ਲਾਤੀਨਾ)ਦੀ ਪ੍ਰਬੰਧਕ ਕਮੇਟੀ ਮਹਾਨ ਅਧਿਅਤਾਮਕਵਾਦੀ,ਇਨਕਲਾਬ ਦੇ ਮੋਢੀ,ਸ਼੍ਰੌਮਣੀ ਸੰਤ,ਯੁੱਗਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵੇਂ ਆਗਮਨ ਪੁਰਬ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ 24-25 ਫਰਵਰੀ 2024 ਦਿਨ ਸ਼ਨੀਵਾਰ ਤੇ ਐਤਵਾਰ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਤੇ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ ।25 ਫਰਵਰੀ ਨੂੰ ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਲਹਿਬਰ ਹੁਸੈਨਪੁਰੀ ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਪਹੁੰਚਕੇ ਗੁਰੂ ਮਹਿਮਾ ਦਾ ਆਪਣੀ ਬੁਲੰਦ ਤੇ ਸੁਰੀਲੀ ਆਵਾਜ਼ ਵਿੱਚ ਗੁਣਗਾਨ ਕਰਨਗੇ।ਇਹ ਜਾਣਕਾਰੀ ਪ੍ਰੈੱਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦਿੰਦਿਆਂ ਕਿਹਾ ਇਸ ਆਗਮਨ ਪੁਰਬ ਵਿੱਚ ਸੰਗਤਾਂ ਦੇ ਆਉਣ ਲਈ ਵਿਸੇ਼ਸ ਗੱਡੀਆਂ ਦੀ ਮੁੱਫਤ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਹੋਵੇਗੀ ਜਿਹੜੀ ਵੀ ਸੰਗਤ ਅਵਤਾਰ ਪੁਰਬ ਮੌਕੇ ਗੁਰਦੁਆਰਾ ਸਾਹਿਬ ਹਾਜ਼ਰੀ ਭਰਨਾ ਚਾਹੁੰਦੀ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦੀ ਹੈ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੂਰੇ ਲਾਸੀਓ ਸੂਬੇ ਤੋਂ ਸੰਗਤਾਂ ਕਾਫਲਿਆਂ ਦੇ ਰੂਪ ਵਿੱਚ ਸਮੂਲੀਅਤ ਕਰ ਰਹੀਆਂ ਹਨ ਤੇ ਪ੍ਰਸਿੱਧ ਹੋਰ ਰਾਗੀ,ਢਾਡੀ,ਕੀਰਤਨੀਏ ਤੇ ਪ੍ਰਚਾਰਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਦਾ ਇਨਕਲਾਬੀ ਇਤਿਹਾਸ ਸਰਵਣ ਕਰਵਾਉਣਗੇ।ਇਸ ਮੌਕੇ ਪ੍ਰੈੱਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਇਹੀ ਵੀ ਅਪੀਲ ਕੀਤੀ ਹੈ ਕਿ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪੁਰਾਤਨ ਸਰੂਪ ਚੱਲਿਆ ਆ ਰਿਹਾ ਹੈ ਉਸ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਤਿਗੁਰਾਂ ਨੂੰ ਗੁਰੂ ਕਰਕੇ ਹੀ ਸੰਬੋਧਨ ਕਰਨ ਜਦੋਂ ਕੋਈ ਵੀ ਸ਼ਖਸ ਜਿਹੜਾ ਜਾਣਬੁੱਝ ਕਿ ਕੋਈ ਕੁਤਾਈ ਕਰਦਾ ਹੈ ਤਾਂ ਉਹ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਦਾ ਹੈ ਜੋ ਅਸਹਿ ਹੈ।ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਪੁਰਾਤਨ ਸਰੂਪ ਨਾਲ ਜੁੜੀਆਂ ਹਨ।ਸਭ ਸੰਗਤ ਇਸ ਵੱਲ ਉਚੇਚਾ ਧਿਆਨ ਦਵੇ ਜੀ।