Headlines

ਵੈਨਕੂਵਰ ਖੇਤਰ ਦੇ ਲੇਖਕਾਂ, ਪਾਠਕਾਂ ਵੱਲੋਂ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ

ਸਰੀ, 13 ਫਰਵਰੀ (ਹਰਦਮ ਮਾਨ)-ਸਰੀ, ਵੈਨਕੂਵਰ ਅਤੇ ਐਬਸਫੋਰਡ ਦੇ ਬਹੁਤ ਸਾਰੇ ਲੇਖਕਾਂ ਅਤੇ ਸਾਹਿਤਕ ਪ੍ਰੇਮੀਆਂ ਨੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਸੁਖਜੀਤ ਦੀ ਬੇਵਕਤ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਕਹਾਣੀ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਸੁਖਜੀਤ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਇਜ਼ਹਾਰ ਕਰਦਿਆਂ ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਸ਼ਾਇਰ ਮੋਹਨ ਗਿੱਲ, ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ, ਸ਼ਾਇਰ ਹਰਦਮ ਮਾਨ, ਅੰਗਰੇਜ਼ ਬਰਾੜ, ਨਵਦੀਪ ਗਿੱਲ ਅਤੇ ਪਰਮਜੀਤ ਸਿੱਖ ਨੇ ਕਿਹਾ ਹੈ ਕਿ ਸੁਖਜੀਤ ਨੇ ਇਤਿਹਾਸ ਅਤੇ ਮਿਥਿਹਾਸ ਦੇ ਹਵਾਲਿਆਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਵਡਮੁੱਲੀਆਂ ਰਚਨਾਵਾਂ ਰਾਹੀਂ ਪੰਜਾਬੀ ਸਾਹਿਤ ਨੂੰ ਅਮੀਰੀ ਪ੍ਰਦਾਨ ਕੀਤੀ ਹੈ। ਉਹਨਾਂ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਗਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਕ੍ਰਿਸ਼ਨ ਭਨੋਟ, ਬਲਦੇਵ ਸੀਰਾ ਅਤੇ ਸੁਖਜੀਤ ਕੌਰ ਨੇ ਵੀ ਨਾਮਵਰ ਪੰਜਾਬੀ ਕਹਾਣੀਕਾਰ ਸੁਖਜੀਤ ਦੇ ਅਚਾਨਕ ਚਲੇ ਜਾਣ ‘ਤੇ ਗਹਿਰਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਇੱਕ ਸਮਰੱਥ ਸਾਹਿਤਕਾਰ ਸਾਡੇ ਕੋਲੋਂ ਵਿਛੜ ਗਿਆ ਹੈ। ਸੁਖਜੀਤ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਜੋ ਪੈੜਾਂ ਪਾਈਆਂ ਹਨ ਉਹ ਹਮੇਸ਼ਾ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਚੇਤਿਆਂ ਵਿਚ ਹਮੇਸ਼ਾ ਉੱਕਰੀਆਂ ਰਹਿਣਗੀਆਂ।

ਪ੍ਰਸਿੱਧ ਚਿੰਤਕ ਅਤੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਵੀ ਸੁਖਜੀਤ ਦੇ ਸਦੀਵੀ ਵਿਛੋੜੇ ਉੱਪਰ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਬੇਖੌਫ, ਨਿੱਡਰ ਅਤੇ ਬੇਬਾਕ ਇਨਸਾਨ ਅਤੇ ਕਹਾਣੀਕਾਰ ਸੀ। ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਰਣਧੀਰ ਢਿੱਲੋਂ, ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਸ਼ਾਇਰ ਦਵਿੰਦਰ ਪੂਨੀਆ ਨੇ ਵੀ ਸੁਖਜੀਤ ਦੇ ਅਚਾਨਕ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।