Headlines

8 ਮਾਰਚ ਨੂੰ ਰਿਲੀਜ਼ ਹੋਵੇਗੀ ਫਿਲਮ ‘ਬਲੈਕੀਆ-2’

ਪੰਜਾਬੀ ਸਿਨੇਮਾ ਹੁਣ ਹੌਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ – ਦੇਵ ਖਰੌੜ

ਸਰੀ 13 ਫਰਵਰੀ (ਹਰਦਮ ਮਾਨ)-ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਦੇਵ ਖਰੌੜ ਨੇ ਕਿਹਾ ਹੈ ਕਿ ਪੰਜਾਬੀ ਫਿਲਮਾਂ ਹੁਣ ਵੱਡੇ ਬਜਟ ਨਾਲ ਬਣ ਰਹੀਆਂ ਹਨ ਅਤੇ ਇਹ ਕਿਸੇ ਪੱਖੋਂ ਵੀ ਹੋਲੀਵੁੱਡ, ਬਾਲੀਵੁੱਡ ਜਾਂ ਸਾਊਥ ਦੀਆਂ ਫਿਲਮਾਂ ਤੋਂ ਘੱਟ ਨਹੀਂ ਹਨ। ਪਿਛਲੇ ਸਮੇਂ ਵਿੱਚ ਕਈ ਪੰਜਾਬੀ ਫਿਲਮਾਂ ਨੇ ਬਾਕਸ ਆਫ ਤੇ ਬੇਹੱਦ ਸਫਲਤਾ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਦਾ ਦਰਸ਼ਕ ਸਾਊਥ ਦੀਆਂ ਡੱਬ ਫਿਲਮਾਂ ਵੀ ਦੇਖਦਾ ਹੈ, ਹੌਲੀਵੁੱਡ ਦੀਆਂ ਫਿਲਮਾਂ ਵੀ ਦੇਖਦਾ ਹੈ ਤੇ ਬੋਲੀਵੁੱਡ ਦੀਆਂ ਫਿਲਮਾਂ ਵੀ ਦੇਖਦਾ ਹੈ। ਇਸ ਲਈ ਪੰਜਾਬੀ ਫਿਲਮਾਂ ਇੰਡਸਟਰੀ ਨੂੰ ਵੀ ਉਸ ਇਹਨਾਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਣਾ ਪੈਣਾ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਕਈ ਫਿਲਮਾਂ ਨੇ ਅਜਿਹਾ ਕਰਨ ਵਿਚ ਸਫਲ ਵੀ ਹੋਈਆਂ ਹਨ। ਦੇਵ ਖਰੌੜ ਆਪਣੀ ਨਵੀਂ ਆ ਰਹੀ ਫਿਲਮ ‘ਬਲੈਕੀਆ-2’ ਦੀ ਪ੍ਰਮੋਸ਼ਨ ਦੇ ਸੰਬੰਧ ਵਿੱਚ ਸਰੀ ਵਿਖੇ ਆਏ ਸਨ।

ਉਨ੍ਹਾਂ ਕਿਹਾ ਕਿ ਮੈਂ ਆਪਣੀ ਡਿਊਟੀ ਸਮਝਦਾ ਕਿ ਫਿਲਮ ਵਿਚ ਇੰਟਰਟੇਨਮੈਂਟ ਦੇ ਨਾਲ ਨਾਲ ਕੋਈ ਸਮਾਜਿਕ ਮੁੱਦਾ ਵੀ ਛੋਹਿਆ ਜਾਵੇ। ਮੇਰੀਆ ਜਿੰਨੀਆਂ ਵੀ ਫਿਲਮਾਂ ਹੁਣ ਤੱਕ ਆਈਆਂ ਹਨ ਉਨ੍ਹਾਂ ਵਿਚ ਕਿਸੇ ਨਾ ਕਿਸੇ ਸਮਾਜਿਕ ਪਹਿਲੂ ਨੂੰ ਛੋਹਿਆ ਗਿਆ ਹੈ।  ਉਸੇ ਲੜੀ ਦੇ ਵਿੱਚ ‘ਬਲੈਕੀਆ’ ਫਿਲਮ ਸੀ ਤੇ ਹੁਣ ‘ਬਲੈਕੀਆ-2’ ਹੈ। ਇਹਦੇ ਵਿੱਚ ਵੀ ਇਹੋ ਜਿਹਾ ਮੁੱਦਾ ਚੁੱਕਿਆ ਗਿਆ ਹੈ ਜਿਹੜਾ ਕਿ ਅੱਜ ਤੱਕ ਲੋਕਾਂ ਨੂੰ ਨਹੀਂ ਪਤਾ। ਇਸ ਫਿਲਮ ਦਾ ਨਾਇਕ ਜੋ ਇੱਕ ਬਲੈਕੀਆ ਹੈ ਪਰ ਉਸ ਰਾਹੀਂ ਇੱਕ ਅਜਿਹਾ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਆਉਣ ਵਾਲੀ ਪੀੜ੍ਹੀ ਦੇ ਨਾਮ ਨਾਲੋਂ ਬਲੈਕੀਆ ਸ਼ਬਦ ਹਟਾ ਦਿੱਤਾ ਜਾਵੇ, ਉਹਨਾਂ ਲਈ ਸਕੂਲ ਖੋਲ੍ਹੇ ਜਾਣ, ਹਸਪਤਾਲ ਖੋਲ੍ਹੇ ਜਾਣ, ਉਹ ਬੱਚੇ ਪੜ੍ਹ ਲਿਖ ਕੇ ਤਰੱਕੀ ਕਰਨ ਅਤੇ ਵੱਡੇ ਅਫਸਰ ਬਣਨ। ਇਸ ਵਿੱਚ 1970 ਤੋਂ ਲੈ ਕੇ 2024 ਤੱਕ ਸਮੇਂ ਦੌਰਾਨ ਸਰਹੱਦਾਂ ਰਾਹੀਂ ਹੋ ਰਹੇ ਕਾਲੇ ਧੰਦੇ ਦੇ ਚਿੱਟੇ ਰੂਪ ਨੂੰ ਫਿਲਮਾਇਆ ਗਿਆ ਹੈ। ਫਿਲਮ ਦੀ ਸ਼ੂਟਿੰਗ ਰਾਜਸਥਾਨ, ਬੰਬਈ ਅਤੇ ਪੰਜਾਬ ਵਿਚ 50 ਦਿਨਾ ਵਿਚ ਮੁਕੰਮਲ ਹੋਈ ਹੈ। ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਸਾਰੇ ਮੀਡੀਆ ਕਰਮੀਆਂ ਨੂੰ ਲੋਕਾਂ ਤੀਕ ਉਨ੍ਹਾਂ ਦਾ ਸੁਨੇਹਾ ਪੁਚਾਉਣ ਦੀ ਅਪੀਲ ਕੀਤੀ।

ਇਸ ਮੌਕੇ ਪੱਤਰਕਾਰਾਂ ਤੋਂ ਇਲਾਵਾ ਹਰਭਜਨ ਗਿੱਲ, ਬਲਜਿੰਦਰ ਅਟਵਾਲ, ਅੰਮ੍ਰਿਤ ਢੋਟ, ਡਾ. ਹਾਕਮ ਸਿੰਘ ਭੁੱਲਰ ਅਤੇ ਹੋਰ ਕਈ ਪਤੰਵਤੇ ਹਾਜਰ ਸਨ। ਪ੍ਰੈਸ ਕਾਨਫਰੰਸ ਦੇ ਪ੍ਰਬੰਧਕ ਲੱਕੀ ਸੰਧੂ ਅਤੇ ਜੋਤੀ ਸਹੋਤਾ ਵੱਲੋਂ ਪੱਤਰਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।