ਸ਼ੰਭੂ ਬਾਰਡਰ ( ਦੇੈ ਪ੍ਰ ਬਿ)–ਨਵੰਬਰ 2021 ਵਿਚ ਤਿੰਨ ਖੇਤੀ ਕਨੂੰਨ ਰੱਦ ਕੀਤੇ ਜਾਣ ਉਪਰੰਤ ਮੁਲਤਵੀ ਕੀਤਾ ਗਿਆ ਕਿਸਾਨ ਅੰਦੋਲਨ ਦਿੱਲੀ ਕੂਚ ਦੇ ਸੱਦੈੇ ਨਾਲ ਮੁੜ ਸ਼ੁਰੂ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਵਲੋਂ ਆਪਣੇ ਵਾਅਦੇ ਪੂਰੇ ਨਾ ਕਰਨ ਅਤੇ ਲਟਕ ਰਹੀਆਂ ਮੰਗਾਂ ਨੂੰ ਮਨਵਾਊਣ ਲਈ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਵਲੋਂ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀਆਂ ਪੇਸ਼ਬੰਦੀਆਂ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਭਾਰੀ ਝੜਪਾਂ ਹੋਈਆਂ ਜਿਸ ਦੌਰਾਨ 60 ਦੇ ਕਰੀਬ ਕਿਸਾਨ ਅਤੇ ਦੋ ਦਰਜਨ ਤੋਂ ਉਪਰ ਪੁਲਿਸ ਜਵਾਨਾਂ ਦੇ ਜਖਮੀ ਹੋਣ ਦੀ ਖਬਰ ਹੈ।
ਇਸੇ ਦੌਰਾਨ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਆਪਣੀ ਭਾਰਤ ਜੋੜੋ ਯਾਤਰਾ ਰੱਦ ਕਰ ਦਿੱਤੀ ਹੈ। ਪੰਜਾਬ ਵਿਚ ਵੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਯਾਤਰਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਖਬਰ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋਕ ਸਭਾ ਚੋਣਾਂ ਲਈ ਭਾਜਪਾ ਨਾਲ ਗਠਜੋੜ ਕਰਨ ਸਬੰਧੀ ਚੱਲ ਰਹੀ ਗੱਲਬਾਤ ਨੂੰ ਵੀ ਬਰੇਕਾਂ ਲਗਾ ਦਿੱਤੀਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਦੇ ਸਮਰਥਨ ਵਿਚ ਆਉਂਦੀਆਂ ਦਿਖਾਈ ਦੇ ਰਹੀਆਂ ਹਨ।
ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਅੱਜ ‘ਦਿੱਲੀ ਕੂਚ’ ਪ੍ਰੋਗਰਾਮ ਦੇ ਪਹਿਲੇ ਦਿਨ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਅਤੇ ਟਕਰਾਅ ਵਾਲਾ ਬਣਿਆ ਰਿਹਾ। ਹਰਿਆਣਾ ਪੁਲੀਸ ਨੇ ਹੰਝੂ ਗੈਸ ਦੇ ਇੰਨੇ ਗੋਲੇ ਬਰਸਾਏ ਕਿ ਪੰਜਾਬ-ਹਰਿਆਣਾ ਸਰਹੱਦ ’ਤੇ ਪੂਰਾ ਦਿਨ ਧੂੰਏਂ ਦਾ ਗੁਬਾਰ ਛਾਇਆ ਰਿਹਾ। ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਪੁਲੀਸ ਨੇ ਉਸ ਵਕਤ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਦੋਂ ਉਹ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵੇਂ ਬਾਰਡਰਾਂ ’ਤੇ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੇ ਰਬੜ ਦੀਆਂ ਗੋਲੀਆਂ ਵੀ ਝੱਲਣੀਆਂ ਪਈਆਂ ਤੇ ਖਨੌਰੀ ਸੀਮਾ ’ਤੇ ਹਰਿਆਣਾ ਪੁਲੀਸ ਨਾਲ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਵਿੱਚ ਸੌ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ 60 ਕਿਸਾਨ ਤੇ 24 ਦੇ ਕਰੀਬ ਪੁਲੀਸ ਮੁਲਾਜ਼ਮ ਦੱਸੇ ਜਾਂਦੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਸੀਮਾ ’ਤੇ ਕਿਸਾਨਾਂ ਦੀ ਅਗਵਾਈ ਕੀਤੀ।
ਹਰਿਆਣਾ ਪੁਲੀਸ ਦੀ ਸਖ਼ਤੀ ਕਾਰਨ ‘ਦਿੱਲੀ ਕੂਚ’ ਪ੍ਰੋਗਰਾਮ ਦੇਸ਼ ਭਰ ਵਿਚ ਕੇਂਦਰ ਬਿੰਦੂ ਬਣਿਆ ਰਿਹਾ। ਬਾਕੀ ਕਿਸਾਨ ਧਿਰਾਂ ਨੇ ਵੀ ਸਰਕਾਰੀ ਜਬਰ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿਚ ਅੱਜ ‘ਦਿੱਲੀ ਕੂਚ’ ਲਈ ਫਤਹਿਗੜ੍ਹ ਸਾਹਿਬ ਅਤੇ ਮਹਿਲਾਂ ਚੌਕ (ਸੰਗਰੂਰ) ਤੋਂ ਹਜ਼ਾਰਾਂ ਕਿਸਾਨ ਟਰਾਲੀਆਂ ਸਮੇਤ ਰਵਾਨਾ ਹੋਏ । ਹਰਿਆਣਾ ਪੁਲੀਸ ਨੇ ਕੰਕਰੀਟ ਦੀਆਂ ਸਲੈਬਾਂ, ਕੰਕਰੀਟ ਦੀਆਂ ਕੰਧਾਂ, ਕੰਡਿਆਲੀ ਤਾਰਾਂ ਤੇ ਬੈਰੀਕੇਡ ਲਗਾ ਕੇ ਬਹੁ-ਪਰਤੀ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਸ਼ੰਭੂ ਬਾਰਡਰ ’ਤੇ ਜਿਵੇਂ ਹੀ ਕਿਸਾਨਾਂ ਨੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲੀਸ ਨੇ ਹੰਝੂ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਹਫੜਾ-ਦਫੜੀ ਦੇ ਮਾਹੌਲ ਦਰਮਿਆਨ ਹੀ ਕਿਸਾਨ ਦੋ ਪਰਤੀ ਬੈਰੀਕੇਡ ਹਟਾਉਣ ਵਿਚ ਸਫ਼ਲ ਹੋ ਗਏ। ਬਹੁਤੇ ਕਿਸਾਨਾਂ ਨੇ ਖੇਤਾਂ ਵਿਚੋਂ ਦੀ ਵਹੀਰਾਂ ਘੱਤ ਲਈਆਂ । ਰੋਹ ਵਿਚ ਆਏ ਕਿਸਾਨਾਂ ਨੇ ਘੱਗਰ ਨਦੀ ਦੇ ਪੁਲ ਦੀ ਰੇਲਿੰਗ ਉਖਾੜ ਕੇ ਸੁੱਟ ਦਿੱਤੀ। ਕੰਡਿਆਲੀ ਤਾਰ ਨੂੰ ਵੀ ਟਰੈਕਟਰਾਂ ਨਾਲ ਖਿੱਚ ਲਿਆ ਸੀ।