Headlines

ਪਿੰਡ ਘੁੰਮਣਾਂ ਦੇ ਖੇਡੇ ਮੇਲੇ ਵਿਚ ਰਾਇਲ ਕਿੰਗ ਯੂ ਐਸ ਏ ਦੀ ਟੀਮ ਜੇਤੂ ਰਹੀ

-ਡੀਏਵੀ ਕਾਲਜ ਜਲੰਧਰ ਦੀ ਟੀਮ ਰਨਰ ਅੱਪ ਰਹੀ-

ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਬਲਬੀਰ ਬੈਂਸ ਵਲੋਂ ਮੇਲੇ ਦੀ ਸਫਲਤਾ ਲਈ ਧੰਨਵਾਦ-

ਘੁੰਮਣਾਂ -ਫਗਵਾੜਾ ( ਅਨੁਪਿੰਦਰ ਸਿੰਘ)- ਸ੍ਰੀ ਗੁਰੂ ਰਵਿਦਾਸ  ਸਪੋਰਟਸ ਐਂਡ ਕਲਚਰਲ ਕਲੱਬ ਘੁੁੰਮਣਾਂ ਵਲੋਂ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਜਨਮ ਦਿਵਸ ਨੂੰ ਸਮਰਪਿਤ 8ਵਾਂ ਸਾਲਾਨਾ ਕਬੱਡੀ ਕੱਪ ਭਾਰੀ ਉਤਸ਼ਾਹ ਤੇ ਧੂਮਧਾਮ ਨਾਲ 11-12 ਨੂੰ ਸੀਨੀਅਰ ਸੈਕੰਡਰੀ ਸਕੂਲ ਘੁੰਮਣਾਂ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ। ਕਲੱਬ ਦੇ ਚੇਅਰਮੈਨ ਉਘੇ ਕੈਨੇਡੀਅਨ ਕਬੱਡੀ ਪ੍ਰੋਮੋਟਰ ਬਲਬੀਰ ਬੈਂਸ, ਪ੍ਰਧਾਨ ਪਾਲ ਸਿੰਘ ਮੇਹਲੀਆਣਾ, ਸੈਕਟਰੀ ਵਿਜੈਪਾਲ ਤੇਜੀ ਤੇ ਜਿਲਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਤੇ ਪ੍ਰਬੰਧਕੀ ਟੀਮ ਦੀ ਅਗਵਾਈ ਹੇਠ ਕਰਵਾਏ ਇਸ ਦੋ ਦਿਨਾ ਟੂਰਨਾਮੈਂਟ ਦੌਰਾਨ ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਟੀਮਾਂ ਦੇ ਮੁਕਾਬਲਿਆਂ ਦੇ ਨਾਲ ਕੁੜੀਆਂ ਦੀ ਕਬੱਡੀ ਅਤੇ ਛੋਟੇ ਬੱਚਿਆਂ ਦੀ ਕਬੱਡੀ ਦੇ ਮੁਕਾਬਲੇ ਕਰਵਾਏ ਗਏ ਜਿਹਨਾਂ ਦਾ ਹਜਾਰਾਂ ਦੀ ਗਿਣਤੀ ਵਿਚ ਪੁੱਜੇ ਖੇਡ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ।

ਕਬੱਡੀ ਦੇ ਫਾਈਨਲ ਮੈਚ ਵਿਚ ਰਾਇਲ ਕਿੰਗ ਯੂ ਐਸ ਏ ਦੀ ਟੀਮ ਜੇਤੂ ਰਹੀ ਜਿਸਨੂੰ ਇਕ ਲੱਖ 50 ਹਜਾਰ ਰੁਪਏ ਨਗਦ ਅਤੇ ਟਰਾਫੀ ਪ੍ਰਦਾਨ ਕੀਤੀ ਗਈ। ਰਨਰ ਅੱਪ ਰਹੀ ਡੀ ਏ ਵੀ ਕਾਲਜ ਜਲੰਧਰ-ਕੈਲੀਫੀਰੋਨੀਆ ਦੀ ਟੀਮ ਨੂੰ 1 ਲੱਖ 25 ਹਜ਼ਾਰ ਨਗਦ ਰਾਸ਼ੀ ਤੇ ਟਰਾਫੀ ਨਾਲ ਸ਼ਨਮਾਨਿਤ ਕੀਤਾ ਗਿਆ। ਸਰਬੋਤਮ ਧਾਵੀ ਬਣੇ ਸੁਖੀ ਬਲਿੰਗ ਅਤੇ ਸਰਬੋਤਮ ਜਾਫੀ ਅਮਨ ਦਿਊੜਾ ਨੂੰ 21-21 ਹਜ਼ਾਰ ਦੇ ਨਗਦ ਇਨਾਮ ਦਿੱਤੇ ਗਏ। ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਅਮਰਜੀਤ ਸਰਪੰਚ ਮਾਣਕਾਂ, ਕਮਲਜੀਤ ਬੰਗਾ ਜਿਲਾ ਪ੍ਰੀਸ਼ਦ ਮੈਂਬਰ, ਪਾਲ ਸਿੰਘ ਮੇਹਲੀਆਣਾ, ਸਾਂਈ ਮਧੂ, ਯੂ ਐਸ ਏ ਤੋਂ ਜੱਸੀ ਬੰਗਾ, ਕੈਨੇਡਾ ਤੋਂ  ਸੋਢੀ ਦਦਰਾਲ ਤੇ ਹੋਰਾਂ ਨੇ ਨਿਭਾਈ।

ਟੂਰਨਾਮੈਂਟ ਦੌਰਾਨ ਲੜਕੀਆਂ ਦੀ ਕਬੱਡੀ ਅਤੇ ਬੱਚਿਆਂ ਦੀ ਕਬੱਡੀ ਦੇ ਮੈਚ ਬਹੁਤ ਹੀ ਰੌਚਕ ਰਹੇ। ਬੱਚਿਆਂ ਦੇ ਬਹੁਤ ਹੀ ਰੌਚਕ ਰਹੇ ਕਬੱਡੀ ਮੈਚਾਂ ਨੇ ਭਵਿੱਖ ਦੇ ਕਬੱਡੀ ਖਿਡਾਰੀਆਂ ਦੀ ਨਿਸ਼ਾਨਦੇਹੀ ਕੀਤੀ। ਇਸ ਦੌਰਾਨ ਵੈਟਰਨ ਅਥਲੀਟ ਬਲਵਿੰਦਰ ਸਿੰਘ ਨੇ 400 ਮੀਟਰ ਦੀ ਦੌੜ ਲਗਾਈ ਤੇ ਦਰਸ਼ਕਾਂ ਦੀਆਂ ਤਾੜੀਆਂ ਬਟੋਰੀਆਂ।

ਟੂਰਨਾਮੈਂਟ ਦੇ ਦੋਵਾਂ ਦਿਨਾਂ ਦੌਰਾਨ ਵੱਖ ਵੱਖ ਸਿਆਸੀ ਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਸਾਬਕਾ ਮੰਤਰੀ ਸ ਗੁਰਜੀਤ ਸਿੰਘ ਰਾਣਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਪ੍ਰਸਿਧ ਸਾਬਕਾ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡੂ, ਚੇਅਰਮੈਨ ਸ ਅਜਮੇਰ ਸਿੰਘ ਭਾਗਪੁਰ, ਸ ਸੁਖਵਿੰਦਰ ਸਿੰਘ ਚੋਹਲਾ ਮੁੱਖ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਕੈਨੇਡਾ, ਡੀ ਸੀ (ਐਕਸਾਈਜ) ਸ ਪਵਨਦੀਪ ਸਿੰਘ, ਪ੍ਰਿੰਸੀਪਲ ਮਲੂਕ ਚੰਦ ਕਲੇਰ ਤੇ ਹੋਰਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਬੈਂਸ ਤੇ ਪ੍ਰਬੰਧਕੀ ਕਮੇਟੀ ਨੂੰ ਟੂਰਨਾਮੈਂਟ ਦੀ ਸਫਲਤਾ ਲਈ ਵਧਾਈ ਦਿੱਤੀ।

ਟੂਰਨਾਮੈਂਟ ਦੇ ਅਖੀਰ ਵਿਚ ਚੇਅਰਮੈਨ ਬਲਬੀਰ ਸਿੰਘ ਬੈਂਸ ਨੇ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਖਿਡਾਰੀਆਂ, ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਦਰਸ਼ਕਾਂ, ਵਿਸ਼ੇਸ਼ ਮਹਿਮਾਨਾਂ ਅਤੇ ਟੂਰਨਾਮੈਂਟ ਦੀ ਸਫਲਤਾ ਲਈ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ।