ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਬੀਤੇ ਦਿਨ ਇਟਲੀ ਦੇ ਸੂਬੇ ਤੁਸਕਾਨਾ ਦੇ ਸ਼ਹਿਰ ਫਿਰੈਂਸੇ ਵਿਖੇ ਬਣ ਰਹੀ ਸੁਪਰਮਾਰਕੀਟ ਐਸੇਲੁੰਗਾ ਦੇ ਕੰਕਰੀਟ ਬੀਮ ਦੇ ਢਹਿ ਜਾਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਦੁੱਖਦਾਇਕ ਸਮਾਚਾਰ ਹੈ।ਇਟਾਲੀਅਨ ਮੀਡੀਏ ਅਨੁਸਾਰ ਫਿਰੈਂਸੇ ਸ਼ਹਿਰ ਬਣ ਰਹੀ ਸੁਪਰਮਾਰਕੀਟ ਐਸੇਲੁੰਗਾ (ਜਿਸ ਦੀਆਂ ਇਟਲੀ ਭਰ ਵਿੱਚ ਬਰਾਂਚਾਂ ਹਨ )ਦੀ ਉਸਾਰੀ ਚੱਲ ਰਹੀ ਸੀ ਕਿ ਅਚਾਨਕ ਇੱਕ ਵੱਡਾ ਕੰਕਰੀਟ ਬੀਮ ਢਹਿ ਗਿਆ ਜਿਸ ਕਾਰਨ ਉਸਾਰੀ ਵਾਲੀ ਥਾਂ ਕੰਮ ਕਰਦੇ ਰੋਮਾਨੀਆਂ ਦੇ 5 ਮਜ਼ਦੂਰਾਂ ਦੀ ਮਲਬੇ ਵਿੱਚ ਦਬ ਜਾਣ ਕਾਰਨ ਮੌਤ ਹੋ ਗਈ।ਘਟਨਾ ਸਥਾਨ ਉਪੱਰ ਦਰਜ਼ਨਾਂ ਸੁੱਰਖਿਆ ਕਰਮਚਾਰੀ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।ਇਸ ਉਸਾਰੀ ਦੇ ਆਲੇ ਦੁਆਲੇ 50 ਲੋਕ ਮੌਜੂਦ ਸਨ ਜਿਹੜੇ ਕਿ ਕੰਕਰੀਟ ਬੀਮ ਦੇ ਢੀਹ ਜਾਣ ਕਾਰਨ ਬੁਰੀ ਤ੍ਹਰਾਂ ਡਰ ਗਏ।ਘਟਨਾਂ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸ਼ਨ ਜੰਗੀ ਪਧੱਰ ਤੇ ਪ੍ਰਭਾਵਿਤ ਕਾਮਿਆਂ ਨੂੰ ਸੁਰੱਖਿਆ ਮੁੱਹਇਆ ਪ੍ਰਦਾਨ ਕਰਨ ਵਿੱਚ ਜੁੱਟ ਗਿਆ।ਇਟਲੀ ਦੀਆਂ ਤਮਾਮ ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਨੇ ਕਾਮਿਆਂ ਨਾਲ ਕੰਮ ਦੌਰਾਨ ਘਟੀ ਇਸ ਘਟਨਾ ਉਪੱਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਘਟਨਾ ਸੁੱਰਖਿਆ ਪ੍ਰਬੰਧਾਂ ਦੀ ਘਾਟ ਕਾਰਨ ਘਟੀ ਹੈ ਤੇ ਉਹ ਪ੍ਰਬੰਧਕੀ ਢਾਂਚੇ ਦੀ ਘਾਟ ਦੀ ਤਿੱਖੀ ਅਲੌਚਨਾ ਕਰਦੇ ਹਨ ।ਇਸ ਤੋਂ ਪਹਿਲਾਂ ਵੀ ਇਟਲੀ ਵਿੱਚ ਮਜ਼ਦੂਰਾਂ ਜਾਂ ਕਾਮਿਆਂ ਨਾਲ ਅਜਿਹੀਆਂ ਅਨੇਕਾਂ ਘਟਨਾਵਾਂ ਘੱਟ ਚੁੱਕੀਆਂ ਹਨ ਜਿਹਨਾਂ ਵਿੱਚ ਸੈਂਕੜੇ ਮਜ਼ਦੂਰਾਂ ਦੀ ਜਾਨ ਜਾ ਚੁੱਕੀ ਹੈ।ਜਿ਼ਕਰਯੋਗ ਹੈ ਕਿ ਪਹਿਲਾਂ 10 ਫਰਵਰੀ ਸੰਨ 2023 ਵਿੱਚ ਇਸ ਸੁਪਰਮਾਰਕੀਟ ਦੀ ਜੇਨੋਵਾ ਵਿਖੇ ਬਣ ਰਹੀ ਇਮਾਰਤ ਦੇ ਪਾਰਕਿੰਗ ਰੈਂਪ ਦੇ ਢਹਿ ਜਾਣ ਕਾਰਨ ਤਿੰਨ ਕਰਮਚਾਰੀ ਜਖ਼ਮੀ ਹੋ ਗਏ ਸਨ।ਇੱਕ ਸਰਵੇਂ ਅਨੁਸਾਰ ਇਹ ਵੀ ਤੱਥ ਸਾਹਮ੍ਹਣੇ ਆਏ ਹਨ ਕਿ ਸੰਨ 2023 ਦੌਰਾਨ ਇਟਲੀ ਭਰ ਵਿੱਚ ਕੰਮਾਂ -ਕਾਰਾਂ ਦੌਰਾਨ 1000 ਤੋਂ ਵੱਧ ਕਾਮਿਆਂ ਦੀ ਮੌਤ ਦੁੱਖਦਾਇਕ ਮੌਤ ਹੋਈ ਹੈ।ਇਸ ਘਟਨਾ ਉਪੱਰ ਇਟਲੀ ਦੇ ਰਾਸ਼ਟਰਪਤੀ ਸੇਰਜਿਓ ਮੈਤੇਰੇਲਾ ਤੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਰਦਰੀ ਜਿਤਾਈ ਹੈ ਜਦੋਂ ਕਿ ਪ੍ਰਸ਼ਾਸ਼ਨ ਘਟਨਾ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ।