Headlines

ਮਨੁੱਖੀ ਹੱਕਾਂ ਦੇ ਮਸੀਹੇ ਸਾਬਕਾ ਜੱਜ ਅਜੀਤ ਸਿੰਘ ਦੀ ਬਰਸੀ ‘ਤੇ ਸਮਾਗਮ

ਜਸਟਿਸ ਸਾਹਿਬ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸਜਾਉਣ ਅਤੇ ਅਕਾਲ ਤਖਤ ਸਾਹਿਬ ਤੋਂ ‘ਪੰਥ ਰਤਨ’ ਦਾ ਖਿਤਾਬ ਦੇਣ ਦੀ ਅਪੀਲ-

ਐਬਟਸਫੋਰਡ- ਗੁਰਦੁਆਰਾ ਕਲਗੀਧਰ ਦਰਬਾਰ ਸੁਸਾਇਟੀ ਐਬਟਸਫੋਰਡ ਕੈਨੇਡਾ ਵਿਖੇ, ਸਿੱਖ ਪੰਥ ਦੀ ਮਹਾਨ ਸ਼ਖਸੀਅਤ ਅਤੇ ਮਨੁੱਖੀ ਹੱਕਾਂ ਦੇ ਮਸੀਹਾ ਰਿਟਾਇਰ ਜੱਜ ਅਜੀਤ ਸਿੰਘ ਬੈਂਸ ਦੀ ਬਰਸੀ ਮਨਾਈ ਗਈ। ਇਹ ਸਮਾਗਮ ਲੋਕ ਲਿਖਾਰੀ ਪੰਜਾਬੀ ਸਾਹਿਤ ਸਭਾ, ਉੱਤਰੀ ਅਮਰੀਕਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਸਟਿਸ ਬੈਂਸ ਵੱਲੋਂ ਸਿਖ ਨੌਜਵਾਨਾਂ ਨੂੰ ਜੇਲਾਂ ‘ਚੋਂ ਰਿਹਾਈ ਤੋਂ ਲੈ ਕੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਗਠਨ ਬਾਰੇ ਜਾਣਕਾਰੀ, ਚਿੰਤਕ ਤੇ ਸਿੱਖ ਵਿਦਵਾਨ ਡਾ. ਗੁਰਵਿੰਦਰ ਸਿੰਘ, ਪ੍ਰਤਿਨਿਧ ਲੋਕ ਲਿਖਾਰੀ ਪੰਜਾਬੀ ਸਹਿਤ ਸਭਾ, ਉੱਤਰੀ ਅਮਰੀਕਾ ਨੇ ਸਾਂਝੀ ਕੀਤੀ।
ਇਸ ਮੌਕੇ ‘ਤੇ ਉਹਨਾਂ ਨੇ ਸੰਗਤਾਂ ‘ਚ ਮੰਗ ਰੱਖੀ ਕਿ ਜਸਟਿਸ ਅਜੀਤ ਸਿੰਘ ਬੈਂਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਸਜਾਈ ਜਾਵੇ ਅਤੇ ਸਿੱਖ ਕੌਮ ਵੱਲੋਂ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਅਕਾਲ ਚਲਾਣੇ ਉਪਰੰਤ ‘ਪੰਥ ਰਤਨ’ ਦਾ ਖਿਤਾਬ ਦਿੱਤਾ ਜਾਏ। ਯਾਦ ਰਹੇ ਕਿ ਜਸਟਿਸ ਬੈਂਸ 100 ਸਾਲਾਂ ਦੀ ਉਮਰ ਗੁਜ਼ਾਰ ਕੇ, 11 ਫਰਵਰੀ 2022 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਦੀ ਸੰਗਤ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਗਈ ਕਿ ਬਿਨਾਂ ਦੇਰ ਕੀਤਿਆਂ, ਜਸਟਿਸ ਅਜੀਤ ਸਿੰਘ ਬੈਂਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਜਾਈ ਜਾਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਪੰਥ ਰਤਨ’ ਦਾ ਸਨਮਾਨ ਦੇ ਕੇ ਨਿਵਾਜਿਆ ਜਾਏ, ਤਾਂ ਕਿ ਸਾਡੀਆਂ ਪੀੜੀਆਂ ਜਾਣ ਸਕਣ ਕਿ ਇੱਸ ਮਹਾਨ ਮਨੁੱਖੀ ਅਧਿਕਾਰਾਂ ਦੇ ਰਾਖੇ ਤੇ ਸਿੱਖ ਕੌਮ ਦੇ ਹੱਕਾਂ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਯੋਧੇ ਦੀ ਕਿੰਨੀ ਵੱਡੀ ਪ੍ਰਾਪਤੀ ਹੈ। ਜ਼ਿਕਰ ਯੋਗ ਹੈ ਕਿ ਜਸਟਿਸ ਅਜੀਤ ਸਿੰਘ ਬੈਂਸ ਦੀ ਕਨੇਡਾ ਫੇਰੀ ਮੌਕੇ ਲੋਕ ਲਿਖਾਰੀ ਸਾਹਿਤਸਭਾ ਉੱਤਰੀ ਅਮਰੀਕਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ।
ਤਸਵੀਰਾਂ : ਮਰਹੂਮ ਜਸਟਿਸ ਅਜੀਤ ਸਿੰਘ ਬੈਂਸ ਅਤੇ ਲੋਕ ਲਿਖਾਰੀ ਸਾਹਿਤ ਸਭਾ ਵੱਲੋਂ ਜੱਜ ਸਾਹਿਬ ਦੇ ਸਨਮਾਨ ਦੀ ਫਾਈਲ ਫੋਟੋ।