Headlines

ਵਾਈਟਰੌਕ ਵਿਚ ਗੋਲੀਬਾਰੀ ਦੌਰਾਨ 4 ਨੌਜਵਾਨ ਜਖਮੀ

ਸਰੀ ( ਦੇ ਪ੍ਰ ਬਿ)- ਲੋਅਰ ਮੇਨਲੈਂਡ ਵਿਚ ਨਿੱਤ ਦਿਨ ਗੋਲੀਬਾਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਨੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਰੱਖਿਆ ਹੈ। ਬੀਤੀ ਅੱਧੀ ਰਾਤ ਨੂੰ  ਵ੍ਹਾਈਟ ਰੌਕ ਵਿੱਚ ਹੋਈ ਗੋਲੀਬਾਰੀ ਦੌਰਾਨ ਚਾਰ ਨੌਜਵਾਨਾਂ ਦੇ ਜਖਮੀ ਹੋਮ ਦਾ ਖਬਰ ਹੈ। ਪੁਲਿਸ ਨੇ ਇਹਨਾਂ ਚਾਰ ਨੌਜਵਾਨਾਂ ਜੋ 29 ਕੁ ਸਾਲ ਦੀ ਉਮਰ ਦੇ ਹਨ, ਦੀ ਪਛਾਣ ਕਰ ਲਈ ਹੈ ਪਰ ਉਹਨਾਂ ਦੀ ਪਛਾਣ ਜੱਗ ਜ਼ਾਹਰ ਨਹੀ ਕੀਤੀ ਗਈ। ਕਿਹਾ ਗਿਆ ਹੈ ਕਿ ਇਹ ਨੌਜਵਾਨ ਵਾਈਟ ਰੌਕ ਦੇ ਨਿਵਾਸੀ ਨਹੀ ਹਨ ਪਰ ਲੋਅਰ ਮੇਨਲੈਂਡ ਵਿਚ ਵੱਖ ਵੱਖ ਥਾਵਾਂ ਤੋ ਹਨ।

ਪੁਲਿਸ ਆਫੀਸਰ ਚੈਂਟਲ ਸੀਅਰ ਦਾ ਕਹਿਣਾ ਹੈ ਕਿ ਇਹ ਘਟਨਾ 22 ਫਰਵਰੀ ਦੀ ਅੱਧੀ ਰਾਤ ਨੂੰ ਰੋਪਰ ਐਵੇਨਿਊ ਦੇ 15600-ਬਲਾਕ ਵਿਚ ਵਾਪਰੀ। ਇਸ ਵਿਚ ਜਖਮੀ ਹੋਣ ਵਾਲੇ ਵਾਈਟ ਰੌਕ ਦੇ ਨਿਵਾਸੀ ਨਹੀ ਹਨ। ਇਸ ਸਬੰਧੀ ਸੋਸ਼ਲ ਮੀਡੀਆ ਉਪਰ ਵਾਇਰਲ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਨੌਜਵਾਨ ਦੋ ਕਾਰਾਂ ਵਿਚ ਸਵਾਰ ਦੂਸਰੇ ਨੌਜਵਾਨਾਂ ਉਪਰ ਗੋਲੀਆਂ ਵਰਾ ਰਹੇ ਹਨ। ਇਸ ਘਟਨਾ ਵਿਚ ਜਖਮੀ 4 ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਹਨਾਂ ਦਾ ਹਾਲਤ ਖਤਰੇ ਤੋ ਬਾਹਰ ਦੱਸੀ ਜਾਂਦੀ ਹੈ।
ਪੁਲਿਸ ਨੇ ਗੋਲੀਬਾਰੀ ਦੇ ਸਬੰਧ ਵਿੱਚ ਇੱਕ ਵਾਹਨ ਜ਼ਬਤ ਕੀਤਾ ਹੈ; ਇੱਕ ਕਾਲੀ SUV ਜੋ ਰੋਪਰ ਐਵੇਨਿਊ ਦੇ ਸਾਊਥ ਵਾਲੇ ਪਾਸੇ ਫਸ ਗਈ ਸੀ।
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ 196 ਸਟਰੀਟ ਦੇ 2700-ਬਲਾਕ ਵਿੱਚ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਇੱਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਗੋਲੀਬਾਰੀ  ਨਾਲ ਜੁੜੀ ਹੈ ਜਾਂ ਨਹੀਂ।
ਇਸ ਗੋਲੀਬਾਰੀ ਅਤੇ ਲੋਅਰ ਮੇਨਲੈਂਡ ਗੈਂਗਵਾਰ ਨਾਲ ਕੋਈ ਸਬੰਧੀ ਸਾਹਮਣੇ ਨਹੀ ਆਇਆ ਪਰ ਪੁਲਿਸ ਨੇ ਇਸਦੀ ਸੰਭਾਵਨਾ ਤੋਂ ਇਨਕਾਰ ਵੀ ਨਹੀ ਕੀਤਾ।
ਗੋਲੀਬਾਰੀ ਕਰਨ ਵਾਲੇ  ਸ਼ੱਕੀ ਵਿਅਕਤੀਆਂ ਦੀ ਅਜੇ ਤੱਕ ਪਛਾਣ ਨਹੀਂ ਕੀਤੀ ਗਈ ਹੈ ।

–ਨਾਜਾਇਜ ਹਥਿਆਰਾਂ ਤੇ ਨਸ਼ੀਲੇ ਪਦਾਰਤਾਂ ਸਮੇਤ 8 ਫੜੇ-

ਇਸੇ ਦੌਰਾਨ ਬੀ ਸੀ ਆਰ ਸੀ ਐਮ ਪੀ ਨੇ ਨਾਜਾਇਜ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਪਾਸੋਂ 168 ਕਿਲੋ ਕੱਚਾ ਰਸਾਇਣ ਤੇ ਵੱਡੀ ਮਾਤਰਾ ਵਿਚ ਗੋਲੀ ਬਾਰੂਦ ਤੇ ਹਥਿਆਰ ਬਰਾਮਦ ਕੀਤੇ ਹਨ।

ਇਹਨਾਂ ਫੜੇ ਗਏ ਵਿਅਕਤੀਆਂ ਦੀ ਪਛਾਣ ਰਿਚਰਡ ਸੇਨ, ਜਗਦੀਪ ਸਿੰਘ ਚੀਮਾ, ਕੇਵਿਨ ਮੋਏਬਸ, ਮਾਈਕਲ ਡੇਵਿਡ ਰਾਸਟ ਅਤੇ ਮਾਈਕਲ ਜੌਹਲ ਵਜੋਂ ਕੀਤੀ ਗਈ ਹੈ । ਮਾਈਕਲ ਜੌਹਲ ‘ਤੇ ਪਿਛਲੇ ਸਾਲ ਗਗਨਦੀਪ ਸੰਧੂ ਨਾਮ ਦੇ ਨੌਜਵਾਨ ਨੂੰ ਕਤਲ ਕਰਨ ਦੇ ਵੀ ਦੋਸ਼ ਹਨ।