Headlines

ਪਿਕਸ ਵੱਲੋਂ ਵੈਨਕੂਵਰ ਵਿਖੇ ਲਾਏ ਜੌਬ ਫੇਅਰ 2024 ਵਿੱਚ 7,000 ਨੌਕਰੀਆਂ ਦੇ ਚਾਹਵਾਨ ਪਹੁੰਚੇ

ਵੈਨਕੂਵਰ, 27 ਫਰਵਰੀ (ਹਰਦਮ ਮਾਨ)- ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਸੋਸਾਇਟੀ ਵੱਲੋਂ ਵੈਨਕੂਵਰ ਵਿਖੇ ਲਾਇਆ ਗਿਆ ‘ਮੈਗਾ ਜੌਬ ਫੇਅਰ 2024’ ਹਜਾਰਾਂ ਚਾਹਵਾਨਾਂ ਲਈ ਨੌਕਰੀ ਦੇ ਮੌਕਿਆਂ ਦੀ ਉਮੀਦ ਜਗਾਉਣ ਵਿਚ ਸਫਲ ਰਿਹਾ। ਇਸ ਮੇਲੇ ਵਿਚ ਲਗਭਗ 7,000 ਨੌਕਰੀਆਂ ਦੇ ਚਾਹਵਾਨ ਸ਼ਾਮਲ ਹੋਏ। ਲਗਭਗ 5,000 ਔਨਲਾਈਨ ਰਜਿਸਟ੍ਰੇਸ਼ਨਾਂ ਹੋਈਆਂ ਅਤੇ ਮੌਕੇ ਤੇ ਪਹੁੰਚੇ 2,000 ਤੋਂ ਵਧੇਰੇ ਚਾਹਵਾਨਾਂ ਦੇ ਭਰਵੇਂ ਹੁੰਗਾਰੇ ਸਦਕਾ ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਇਹ ਮੇਲਾ ਬਾਅਦ ਦੁਪਹਿਰ 3 ਵਜੇ ਤੱਕ ਨਵਾਂ ਇਤਿਹਾਸ ਸਿਰਜ ਗਿਆ।

ਮੇਲੇ ਵਿਚ ਨਿੱਜੀ ਅਤੇ ਜਨਤਕ ਖੇਤਰ ਦੇ ਰੁਜ਼ਗਾਰਦਾਤਾ, ਸੇਵਾ ਪ੍ਰਦਾਨ ਕਰਨ ਵਾਲੇ ਅਤੇ ਵਿਦਿਅਕ ਸੰਸਥਾਵਾਂ ਦੇ 140 ਤੋਂ ਵੱਧ ਨੁਮਾਇੰਦੇ ਹਾਜ਼ਰ ਸਨ। ਕਿੰਗਸਵੇ ਤੋਂ ਸੰਸਦ ਮੈਂਬਰ ਡੌਨ ਡੇਵਿਸ ਨੇ ਇਸ ਪ੍ਰਬੰਧ ਲਈ ਪਿਕਸ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਿਕਸ ਵੱਲੋਂ ਕਾਰੋਬਾਰੀਆਂ ਅਤੇ ਪ੍ਰਤਿਭਾਸ਼ਾਲੀ ਚਾਹਵਾਨਾਂ ਨੂੰ ਆਪਸੀ ਮੇਲਜੋਲ ਦੀ ਸਹੂਲਤ ਪ੍ਰਦਾਨ ਕਰ ਕੇ ਭਾਈਚਾਰੇ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਪਿਕਸ ਸੋਸਾਇਟੀ ਦੇ ਪ੍ਰਧਾਨ ਅਤੇ ਸੀਈਓ ਸਤਬੀਰ ਚੀਮਾ ਨੇ ਦੀ ਇਸ ਨੌਕਰੀ ਮੇਲੇ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਬੀਸੀ ਕਰੈਕਸ਼ਨਜ਼, ਆਰਬੀਸੀ, ਬੈਟਰ ਐਟ ਹੋਮ, ਪੀਆਈਸੀਐਸ ਕਰੀਅਰ ਸਰਵਿਸ, ਯੂਨੀਵਰਸਿਟੀ ਆਫ਼ ਕੈਨੇਡਾ ਵੈਸਟ ਅਤੇ ਵੈਸਟਰਨ ਕਮਿਊਨਿਟੀ ਕਾਲਜ ਵਰਗੀਆਂ ਸੰਸਥਾਵਾਂ ਵੱਲੋਂ ਮਿਲੇ ਸਪਾਂਸਰਸ਼ਿਪ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਕਸ ਮੈਗਾ ਜੌਬ ਫੇਅਰ 2005 ਵਿੱਚ ਸਰੀ ਤੋਂ ਸ਼ੁਰੂ ਹੋਇਆ ਸੀ ਅਤੇ 2018 ਵਿੱਚ ਵੈਨਕੂਵਰ ਵਿੱਚ ਵਿਸਥਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਕਰੀ ਲੱਭਣ ਵਾਲਿਆਂ ਲਈ ਕਈ ਰੁਜ਼ਗਾਰਦਾਤਾਵਾਂ ਨਾਲ ਜੁੜਨ ਦਾ ਇਹ ਇੱਕ ਸੁਵਿਧਾਜਨਕ ਪਲੇਟਫਾਰਮ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ 25 ਜੁਲਾਈ ਨੂੰ ਸਰੀ ਵਿੱਚ ਉੱਤਰੀ ਸਰੀ ਸਪੋਰਟ ਐਂਡ ਆਈਸ ਕੰਪਲੈਕਸ (ਸਕੌਟ ਰੋਡ ਸਕਾਈਟ੍ਰੇਨ ਦੇ ਨੇੜੇ) ਵਿੱਚ ਅਜਿਹਾ ਹੀ ਅਗਲਾ ਮੈਗਾ ਜੌਬ ਮੇਲਾ ਲਾਇਆ ਜਾਵੇਗਾ।