Headlines

ਚੋਹਲਾ ਸਾਹਿਬ ਵਿਖੇ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ 1 ਮਾਰਚ ਤੋਂ 

ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਕ੍ਰਮਵਾਰ 71 ਹਜ਼ਾਰ ਅਤੇ 51 ਹਜ਼ਾਰ ਰੁਪਏ ਦਿੱਤੀ ਜਾਵੇਗੀ ਨਗਦ ਰਾਸ਼ੀ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,28 ਫਰਵਰੀ-
ਗੁਰੂ ਅਰਜਨ ਦੇਵ ਸਪੋਰਟਸ ਅਤੇ ਕਲਚਰਲ ਕਲੱਬ ਚੋਹਲਾ ਸਾਹਿਬ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ ਸਾਥੀਆਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਲ ਓਪਨ ਹਾਕੀ ਟੂਰਨਾਮੈਂਟ ਮਿਤੀ 1,2 ਅਤੇ 3 ਮਾਰਚ ਨੂੰ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿਖੇ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਪਹਿਲਵਾਨ ਲਖਬੀਰ ਸਿੰਘ ਲੱਖਾ ਸਰਪੰਚ ਚੋਹਲਾ ਸਾਹਿਬ, ਮੈਂਬਰ ਪੰਚਾਇਤ ਪਰਵੀਨ ਕੁਮਾਰ,ਜਗਤਾਰ ਸਿੰਘ ਜੱਗਾ ਅਤੇ ਅਮਿਤ ਕੁਮਾਰ ਨਈਅਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਮਿਤੀ 1,2 ਅਤੇ 3 ਮਾਰਚ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਹਾਕੀ ਜਗਤ ਨਾਲ ਜੁੜੀਆਂ ਪ੍ਰਸਿੱਧ 16 ਟੀਮਾਂ ਪੁੱਜ ਰਹੀਆਂ ਹਨ ਜਿਨਾਂ ਦਰਮਿਆਨ ਸਖਤ ਮੁਕਾਬਲੇ ਮਿਤੀ 1 ਅਤੇ 2 ਮਾਰਚ ਨੂੰ ਹੋਣਗੇ ਜਦਕਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ 3 ਮਾਰਚ ਨੂੰ ਹੋਣਗੇ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਅਤੇ ਉਪ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71 ਹਜ਼ਾਰ ਅਤੇ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਕੱਪਾਂ ਨਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸੈਮੀਫਾਈਨਲ ਵਿੱਚ ਪੁੱਜਣ ਵਾਲੀਆਂ ਦੋਵਾਂ ਟੀਮਾਂ ਨੂੰ ਵੀ 15-15 ਹਜ਼ਾਰ ਰੁਪਏ ਇਨਾਮ ਰਾਸ਼ੀ ਵਜੋਂ ਦਿੱਤੇ ਜਾਣਗੇ।ਉਹਨਾਂ ਦੱਸਿਆ ਕਿ ਖਿਡਾਰੀਆਂ ਦੀ ਰਿਹਾਇਸ਼ ਅਤੇ ਖਾਣ ਪੀਣ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਸ ਖੇਡ ਮੁਕਾਬਲੇ ਦੌਰਾਨ ਹਾਕੀ ਜਗਤ ਨਾਲ ਜੁੜੇ ਕਈ ਅੰਤਰਰਾਸ਼ਟਰੀ ਖਿਡਾਰੀ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਦੇ ਉਤਸ਼ਾਹ ਲਈ ਪੁੱਜ ਰਹੇ ਹਨ।ਜਿਨਾਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਨੇ ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਤਿੰਨ ਰੋਜ਼ਾ ਹਾਕੀ ਖੇਡ ਮੇਲੇ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਰਿਟਾਇਰਡ ਇੰਸਪੈਕਟਰ,ਰਵੀਪਾਲ ਸਿੰਘ, ਜਸਵਿੰਦਰ ਸਿੰਘ ਰੋਮੀ, ਰਣਦੀਪ ਸਿੰਘ ਚੋਹਲਾ ਸਾਹਿਬ,ਜੱਗੀ ਪਹਿਲਵਾਨ,ਬਿੱਟੂ ਨਈਅਰ, ਕਵਲਜੀਤ ਸਿੰਘ ਕਵਲ,ਗੁਰਚਰਨ ਸਿੰਘ,ਰਜਿੰਦਰ ਹੰਸ, ਬਲਜਿੰਦਰ ਸਿੰਘ ਸੋਨੂੰ,ਡਾ.ਰਣਜੋਧ ਸਿੰਘ, ਇੰਸਪੈਕਟਰ ਬਲਜੀਤ ਸਿੰਘ,ਸਰਬਜੀਤ ਸਿੰਘ ਰਾਜਾ ਆਦਿ ਹਾਜ਼ਰ ਸਨ।