Headlines

ਸ਼ੂਗਰ ਤੇ ਗਰਭ ਨਿਰੋਧਕ ਦਵਾਈਆਂ ਮੁਫਤ ਮਿਲਣਗੀਆਂ-

ਐਨ ਡੀ ਪੀ ਤੇ ਲਿਬਰਲ ਵਿਚਾਲੇ ਸਮਝੌਤਾ ਸਿਰੇ ਚੜਿਆ-
ਓਟਵਾ ( ਦੇ ਪ੍ਰ ਬਿ)–ਐਨਡੀਪੀ ਅਤੇ ਲਿਬਰਲਜ਼ ਦਾ ਕਹਿਣਾ ਕਿ ਉਹ ਕੌਮੀ ਫਾਰਮਾਕੇਅਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਨੂੰ ਲਾਗੂ ਕਰਨ ਲਈ ਇਕ ਸਮਝੌਤੇ ’ਤੇ ਪਹੁੰਚ ਗਏ ਹਨ ਜਿਸ ਵਿਚ ਗਰਭ ਨਿਰੋਧਕ ਉਪਾਵਾਂ ਤੇ ਸ਼ੂਗਰ ਦੀਆਂ ਦਵਾਈਆਂ ਦੀ ਇਕ ਵਿਸ਼ਾਲ ਰੇਂਜ ਲਈ ਫੈਡਰਲ ਫੰਡ ਸ਼ਾਮਿਲ ਹੋਣਗੇ। ਫਾਰਮਾਕੇਅਰ ਸਮਝੌਤਾ ਅਖੌਤੀ ਸਪਲਾਈ ਐਂਡ ਕਾਨਫੀਡੈਂਸ ਸਮਝੌਤੇ ਨੂੰ ਜਿਉਂਦਾ ਰੱਖੇਗਾ ਜਿਸ ਤਹਿਤ ਐਨਡੀਪੀ ਨੇ ਮੁੱਖ ਨੀਤੀ ਰਿਆਇਤਾਂ ਬਦਲੇ ਹਾਊਸ ਆਫ ਕਾਮਨਜ਼ ਵਿਚ ਘੱਟਗਿਣਤੀ ਸਰਕਾਰ ਦਾ ਸਮਰਥਨ ਕੀਤਾ ਹੈ। ਦੋਵਾਂ ਪਾਰਟੀਆਂ ਨੇ ਇਕ ਮਾਰਚ ਤਕ ਫਾਰਮਾਕੇਅਰ ਸਮਝੌਤਾ ਕਰਨਾ ਸੀ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਚਿਤਾਵਨੀ ਦਿੱਤੀ ਸੀ ਕਿ ਅਜਿਹਾ ਨਾ ਹੋਣ ’ਤੇ ਸਾਰਾ ਸਮਝੌਤਾ ਰੱਦ ਕਰ ਦਿੱਤਾ ਜਾਵੇਗਾ। ਪਿਛਲੇ ਹਫਤੇ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਨਵੇਂ ਫਾਰਮਾਕੇਅਰ ਪ੍ਰੋਗਰਾਮ ਵਿਚ ਸ਼ੂਗਰ ਦੀਆਂ ਦਵਾਈਆਂ ਤੇ ਗਰਭ ਨਿਰੋਧਕ ਉਪਾਅ ਤੇ ਦਵਾਈਆਂ ਲਈ ਫੰਡ ਸ਼ਾਮਿਲ ਹੋਣਗੇ। ਇਕ ਮੁਲਾਕਾਤ ਵਿਚ ਜਗਮੀਤ ਸਿੰਘ ਨੇ ਕਿਹਾ ਸੀ ਕਿ ਲੋਕ ਛੇਤੀ ਹੀ ਬਿਨ੍ਹਾਂ ਪੈਸਾ ਖਰਚੇ ਗਰਭ ਨਿਰੋਧਕ ਅਤੇ ਸ਼ੂਗਰ ਦੀਆਂ ਦਵਾਈਆਂ ਪ੍ਰਾਪਤ ਕਰ ਸਕਣਗੇ। ਇਹ ਇਕ ਵੱਡਾ ਕਦਮ ਹੈ ਅਤੇ ਇਤਿਹਾਸਕ ਗੱਲ ਹੈ। ਪ੍ਰੋਗਰਾਮ ਦੇ ਵੇਰਵਿਆਂ ਦਾ ਖੁਲਾਸਾ ਬਿੱਲ ਵਿਚ ਕੀਤਾ ਜਾਵੇਗਾ ਜਿਹੜਾ ਅਗਲੇ ਹਫ਼ਤੇ ਹਾਊਸ ਆਫ ਕਾਮਨਜ਼ ਵਿਚ ਪੇਸ਼ ਕੀਤਾ ਜਾਵੇਗਾ। ਸਿਹਤ ਮੰਤਰੀ ਮਾਰਕ ਹਾਲੈਂਡ ਦੇ ਦਫ਼ਤਰ ਨੇ ਸੰਸਦੀ ਅਧਿਕਾਰਾਂ ਦਾ ਹਵਾਲਾ ਦਿੰਦਿਆਂ ਕਾਨੂੰਨ ਨੂੰ ਪੇਸ਼ ਕੀਤੇ ਜਾਣ ਤਕ ਸਮਝੌਤੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰੋਗਰਾਮ ਨੂੰ ਲਾਗੂ ਕਰਨ ਦੀ ਸਹੀ ਸਮੇਂ ਦੀ ਹੱਦ ਅਜੇ ਰਿਲੀਜ਼ ਨਹੀਂ ਕੀਤੀ ਗਈ ਪਰ ਸਿੰਘ ਨੇ ਕਿਹਾ ਕਿ ਇਹ ਤੁਰੰਤ ਅਤੇ ਅਗਲੀਆਂ ਚੋਣਾਂ ਤੋਂ ਪਹਿਲਾਂ ਲਾਗੂ ਹੋਵੇਗਾ। ਸਿੰਘ ਨੇ ਦੱਸਿਆ ਕਿ ਉਹ ਪ੍ਰੋਗਰਾਮ ਦੇ ਖਰਚ ਦਾ ਖੁਲਾਸਾ ਕਰਨ ਲਈ ਸੁਤੰਤਰ ਨਹੀਂ ਪਰ ਇਸ ਸਮਝੌਤੇ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਇਕ ਵਾਰ ਲਾਗੂ ਕੀਤੇ ਜਾਣ ਪਿੱਛੋਂ ਸਾਲਾਨਾ ਇਸ ’ਤੇ ਕਰਦਾਤਾਵਾਂ ਦੇ ਇਕ ਅਰਬ ਡਾਲਰ ਤੋਂ ਵੀ ਵੱਧ ਖਰਚ ਹੋਣਗੇ। ਐਨਡੀਪੀ ਨੇ ਦੱਸਿਆ ਕਿ ਸਮਝੌਤੇ ਦਾ ਮਤਲਬ ਲੋਕਾਂ ਨੂੰ ਗਰਭ ਕੰਟਰੋਲ ਕਰਨ ਵਾਲੀਆਂ ਦਵਾਈਆਂ, ਇੰਟਰਾਟੇਰੀਨ ਉਪਕਰਨ, ਮੌਰਨਿੰਗ ਆਫਟਰ ਪਿਲ ਅਤੇ ਗਰਭਪਾਤ ਦੀ ਗੋਲੀ ਲਈ ਪੈਸੇ ਨਹੀਂ ਦੇਣੇ ਪੈਣਗੇ।