ਅੰਮ੍ਰਿਤਸਰ ( ਦੇ ਪ੍ਰ ਬਿ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਮ੍ਰਿਤਸਰ ਵਲੋਂ ਆਪਣਾ ਬਜਟ ਇਜਲਾਸ 29 ਮਾਰਚ ਨੂੰ ਸੱਦਿਆ ਗਿਆ ਹੈ। ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਬਜਟ ਇਜਲਾਸ ਬੁਲਾਉਣ ਦਾ ਫੈਸਲਾ ਬੀਤੇ ਦਿਨ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤਰਿੰਗ ਕਮੇਟੀ ਦੀ ਇਕ ਬੈਠਕ ਦੌਰਾਨ ਲਿਆ ਗਿਆ। ਭਾਈ ਮਹਿਤਾ ਨੇ ਦੱਸਿਆ ਕਿ ਪਿਛਲੀ ਵਾਰ 2923-24 ਦਾ ਬਜਟ 1138 ਕਰੋੜ ਦਾ ਸੀ ਤੇ ਇਸ ਵਾਰ2024025 ਦੇ ਬਜਟ ਵਿਚ ਵਾਧੇ ਦਾ ਅਨੁਮਾਨ ਹੈ। ਨਵੇਂ ਬਜਟ ਵਿਚ ਧਰਮ ਪ੍ਰਚਾਰ ਅਤੇ ਵਿਦਿਅਕ ਖੇਤਰ ਨੂੰ ਅਹਿਮੀਅਤ ਦੇਣ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ 3 ਫੀਸਦੀ ਮਹਿੰਗਾਈ ਭੱਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਨਵਾਂ ਬਜਟ ਭਾਈ ਮਹਿਤਾ ਵਲੋਂ ਪੇਸ਼ ਕੀਤਾ ਜਾਵੇਗਾ ਜਿਸਦੀ ਉਹ ਤਿਆਰੀ ਵਿਚ ਰੁੱਝੇ ਹੋਏ ਹਨ।
ਇਸੇ ਦੌਰਾਨ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੇਸ ਪ੍ਰਦੇਸ਼ ਟਾਈਮਜ਼ ਦੇ ਪ੍ਰਤੀਨਿਧ ਨਾਲ ਇਕ ਮੁਲਾਕਾਤ ਦੌਰਾਨ ਵਿਦੇਸ਼ਾਂ ਵਿਚ ਪੰਜਾਬੀ ਮੀਡੀਆ ਵਲੋਂ ਪਰਵਾਸੀ ਭਾਈਚਾਰੇ ਨੂੰ ਪੰਜਾਬ ਅਤੇ ਸਿੱਖ ਵਿਰਸੇ ਨਾਲ ਜੋੜੀ ਰੱਖਣ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਉਹਨਾਂ ਹੋਰ ਕਿਹਾ ਕਿ ਵਿਦੇਸ਼ਾਂ ਵਿਚ ਸਥਾਪਿਤ ਸਿੱਖ ਸੰਸਥਾਵਾਂ ਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋਂ ਵੀ ਪੰਜਾਬੀ ਭਾਸਾ ਤੇ ਸਿੱਖ ਵਿਰਸੇ ਦੀ ਸਾਂਭ ਸੰਭਾਲ ਅਤੇ ਪ੍ਰਫੁੱਲਤਾ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਮੰਨਿਆ ਕਿ ਵਿਦੇਸ਼ਾਂ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਲਿਜਾਣ ਦੌਰਾਨ ਮਰਿਆਦਾ ਅਤੇ ਸਨਮਾਨ ਇਕ ਗੰਭੀਰ ਮੁੱਦਾ ਹੈ।ਉਹਨਾਂ ਹੋਰ ਕਿਹਾ ਕਿ ਵਿਦੇਸ਼ਾਂ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਛਪਾਈ ਸਬੰਧੀ ਸ੍ਰੋਮਣੀ ਕਮੇਟੀ ਵਿਦੇਸ਼ੀ ਸਿੱਖ ਸੰਸਥਾਵਾਂ ਨਾਲ ਸਲਾਹ ਮਸ਼ਵਰੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹੀ ਕੋਈ ਅੰਤਿਮ ਫੈਸਲਾ ਲਵੇਗੀ।
ਕੈਪਸ਼ਨ- ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨਾਲ ਇਕ ਮੁਲਾਕਾਤ ਦੌਰਾਨ ਕੈਨੇਡਾ ਤੋਂ ਜਥੇਦਾਰ ਗੁਰਚਰਨ ਸਿੰਘ ਖੱਖ ਤੇ ਦੇਸ ਪ੍ਰਦੇਸ਼ ਟਾਈਮਜ਼ ਦੇ ਸੰਪਾਦਕ ਸ ਸੁਖਵਿੰਦਰ ਸਿੰਘ ਚੋਹਲਾ। ਦੂਸਰੀ ਤਸਵੀਰ ਵਿਚ ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਸ ਬਲਵਿੰਦਰ ਸਿੰਘ ਕਾਹਲਵਾਂ ਤੇ ਹੋਰ।