ਅੰਮ੍ਰਿਤਸਰ ( ਵਿਸ਼ਾਲ)-ਬੀਤੇ ਦਿਨ ਦੇਸ਼ ਪ੍ਰਦੇਸ ਟਾਈਮਜ਼ ਕੈਨੇਡਾ ਦੇ ਮੁੱਖ ਸੰਪਾਦਕ ਸ. ਸੁਖਵਿੰਦਰ ਸਿੰਘ ਚੋਹਲਾ ਦਾ ਸਾਹਿਤਕ ਮੈਗਜ਼ੀਨ ਅੱਖਰ ਦੇ ਬਸੰਤ ਐਵਨਿਊ ਅੰਮ੍ਰਿਤਸਰ ਸਥਿਤ ਦਫਤਰ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅੱਖਰ ਦੇ ਮੁੱਖ ਸਰਪ੍ਰਸਤ ਡਾ ਕਰਨੈਲ ਸਿੰਘ ਸ਼ੇਰਗਿੱਲ ਯੂਕੇ, ਸਰਪ੍ਰਸਤ ਡਾ ਵਿਕਰਮਜੀਤ ਅਤੇ ਸੰਪਾਦਕ ਵਿਸ਼ਾਲ ਵਲੋਂ ਉਹਨਾਂ ਨੂੰ ਅੱਖਰ ਦੇ ਤਾਜ਼ਾ ਅੰਕ ਦੀ ਇਕ ਕਾਪੀ ਭੇਟ ਕੀਤੀ ਗਈ। ਉਹਨਾਂ ਅੱਖਰ ਦੇ ਬਾਨੀ ਸੰਪਾਦਕ ਸ੍ਰੀ ਪ੍ਰਮਿੰਦਰਜੀਤ ਨੂੰ ਯਾਦ ਕਰਦਿਆਂ, ਅੱਖਰ ਦੀ ਟੀਮ ਵਲੋਂ ਉਹਨਾਂ ਦੀਆਂ ਪੈੜਾਂ ਨੂੰ ਗੂੜਾ ਕਰਦਿਆਂ ਮਿਆਰੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ ਕਰਨੈਲ ਸ਼ੇਰਗਿੱਲ ਨੇ ਅੱਖਰ ਨੂੰ 1972-73 ਵਿਚ ਪ੍ਰੀਤਨਗਰ ਤੋਂ ਮੁਖਤਾਰ ਗਿੱਲ, ਪ੍ਰਮਿੰਦਰਜੀਤ ਤੇ ਉਹਨਾਂ ਵਲੋਂ ਸ਼ੁਰੂ ਕੀਤੇ ਜਾਣ ਦੇ ਦਿਨਾਂ ਨੂੰ ਯਾਦ ਕੀਤਾ ਤੇ ਫਿਰ ਪ੍ਰਮਿੰਦਰਜੀਤ ਦੀ ਸੁਚੱਜੀ ਸੰਪਾਦਨਾ ਤੇ ਸਾਹਿਤਕ ਉਪਲਬਧੀਆਂ ਨੂੰ ਪੰਜਾਬੀ ਸਾਹਿਤ ਵਿਚ ਵਡਮੁੱਲੀ ਪ੍ਰਾਪਤੀ ਦੱਸਿਆ। ਉਹਨਾਂ ਕਿਹਾ ਹੁਣ ਡਾ ਵਿਕਰਮਜੀਤ ਤੇ ਵਿਸ਼ਾਲ ਅੱਖਰ ਨੂੰ ਪੰਜਾਬੀ ਸਾਹਿਤ ਦਾ ਸਾਂਭਣਯੋਗ ਪਰਚਾ ਬਣਾਉਣ ਲਈ ਯਤਨਸ਼ੀਲ ਹਨ।
ਇਸ ਮੌਕੇ ਉਘੇ ਸ਼ਾਇਰ ਕੰਵਲਜੀਤ ਭੁੱਲਰ ਨੇ ਆਪਣੀ ਨਵੀ ਕਾਵਿ ਪੁਸਤਕ ਵਕਤ ਬੇਲਗਾਮ ਦੀ ਇਕ ਕਾਪੀ ਸੁਖਵਿੰਦਰ ਚੋਹਲਾ ਨੂੰ ਭੇਟੀ ਕੀਤੀ ਤੇ ਉਹਨਾਂ ਨਾਲ ਇਕ ਅਰਸੇ ਬਾਦ ਹੋਈ ਭੇਂਟ ਨੂੰ ਯਾਦਗਾਰੀ ਦੱਸਿਆ। ਇਸ ਮੌਕੇ ਕੈਨੇਡਾ ਤੋਂ ਜਥੇਦਾਰ ਗੁਰਚਰਨ ਸਿੰਘ ਖੱਖ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਸਿੰਘ ਭੰਗੂ ਵੀ ਹਾਜ਼ਰ ਸਨ।