Headlines

ਲੋਕ ਸਭਾ ਚੋਣਾਂ 2024: ਭਾਜਪਾ ਨੇ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

ਮਨਧੀਰ ਸਿੰਘ ਦਿਓਲ—
ਨਵੀਂ ਦਿੱਲੀ, 2 ਮਾਰਚ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਵੱਲੋਂ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੇ ਨਾਂ ਤੈਅ ਕਰ ਦਿੱਤੇ ਗਏ ਤੇ ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪਹਿਲੀ ਸੂਚੀ ਦਾ ਐਲਾਨ ਕੀਤਾ ਗਿਆ। ਟਿਕਟਾਂ ਬਾਬਤ ਵੀਰਵਾਰ ਰਾਤ ਨੂੰ ਲੰਬੀ ਮੀਟਿੰਗ ਕੀਤੀ ਗਈ ਸੀ।
ਭਾਜਪਾ ਦੀ ਪਹਿਲੀ ਸੂਚੀ ‘ਚ 34 ਮੰਤਰੀ ਸ਼ਾਮਲ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਦੁਬਾਰਾ ਲੜਨਗੇ। ਐਲਾਨੇ ਗਏ ਨਾਵਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 51, ਪੱਛਮੀ ਬੰਗਾਲ ਦੀਆਂ 20 ਅਤੇ ਦਿੱਲੀ ਦੀਆਂ ਪੰਜ ਸੀਟਾਂ ਸ਼ਾਮਲ ਹਨ। ਸੱਤਾਧਾਰੀ ਭਾਜਪਾ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਗਾਮੀ ਲੋਕ ਸਭਾ ਚੋਣਾਂ ਵਾਰਾਣਸੀ ਤੋਂ ਦੁਬਾਰਾ ਲੜਨਗੇ। ਭਾਜਪ ਨੇ 195 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ 34 ਕੇਂਦਰੀ ਮੰਤਰੀਆਂ ਦੇ ਨਾਂ ਸ਼ਾਮਲ ਕੀਤੇ ਹਨ। ਇਸ ਸੂਚੀ ਵਿੱਚ ਰਾਜਸਥਾਨ ਦੇ ਕੋਟਾ ਤੋਂ ਦੋ ਸਾਬਕਾ ਮੰਤਰੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਸ਼ਾਮਲ ਹਨ। ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਜਿਨ੍ਹਾਂ ਕੇਂਦਰੀ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅਮਿਤ ਸ਼ਾਹ, ਰਾਜਨਾਥ ਸਿੰਘ, ਭੂਪੇਂਦਰ ਯਾਦਵ, ਮਨਸੁਖ ਮਾਂਡਵੀਆ, ਸਰਬਾਨੰਦ ਸੋਨੋਵਾਲ, ਕਿਰਨ ਰਿਜਿਜੂ, ਜੋਤੀਰਾਦਿੱਤਿਆ ਸਿੰਧੀਆ, ਅਰਜੁਨ ਰਾਮ ਮੇਘਵਾਲ, ਜੀ ਕਿਸ਼ਨ ਰੈੱਡੀ, ਅਰਜੁਨ ਮੁੰਡਾ ਅਤੇ ਸਮ੍ਰਿਤੀ ਇਰਾਨੀ ਸ਼ਾਮਲ ਹਨ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਪਾਰਟੀ ਨੂੰ ਭਰੋਸਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਤੀਜੇ ਕਾਰਜਕਾਲ ਲਈ ਬਹੁਤ ਵੱਡੇ ਫਤਵੇ ਨਾਲ ਸਰਕਾਰ ਬਣਾਵੇਗੀ । ਉਨ੍ਹਾਂ ਕਿਹਾ ਕਿਹਾ ਕਿ ਪਾਰਟੀ ਰਾਜਾਂ ਵਿੱਚ ਆਪਣੇ ਆਧਾਰ ਨੂੰ ਵਧਾਉਣ ਲਈ ਅਤੇ ਸੱਤਾਧਾਰੀ ਰਾਸ਼ਟਰੀ ਜਮਹੂਰੀ ਗਠਜੋੜ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਚੀ ਵਿੱਚ 28 ਔਰਤਾਂ ਅਤੇ 47 ਨੌਜਵਾਨ ਆਗੂ ਸ਼ਾਮਲ ਹਨ। ਐਲਾਨੇ ਗਏ ਨਾਵਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 51, ਪੱਛਮੀ ਬੰਗਾਲ ਦੀਆਂ 20 ਅਤੇ ਦਿੱਲੀ ਦੀਆਂ ਪੰਜ ਸੀਟਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਉਹ ਸ੍ਰੀ ਨਰਿੰਦਰ ਮੋਦੀ ਨੇ ਇਸ ਲੋਕ ਸਭਾ ਚੋਣ ਵਿੱਚ ਭਾਜਪਾ ਲਈ ਘੱਟੋ-ਘੱਟ 370 ਸੀਟਾਂ ਆਪਣੇ ਦਮ ‘ਤੇ ਜਿੱਤਣ ਦਾ ਟੀਚਾ ਰੱਖਿਆ ਹੈ ਅਤੇ ਐਨਡੀਏ ਲਈ 400 ਤੋਂ ਵੱਧ ਸੀਟਾਂ ਦੀ ਉਮੀਦ ਪ੍ਰਗਟਾਈ ਹੈ। ਭਾਜਪਾ ਨੇ 2019 ਦੀਆਂ ਚੋਣਾਂ ਵਿੱਚ 303 ਸੀਟਾਂ ਜਿੱਤੀਆਂ ਸਨ ਪਰ ਉਨ੍ਹਾਂ ਸਾਂਸਦਾਂ ਵਿਚੋਂ ਕੁਝ ਸੰਸਦ ਮੈਂਬਰਾਂ ਨੇ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।
ਭਾਜਪਾ ਵੱਲੋਂ ਦਿੱਲੀ ਚ ਚਾਰ ਨਵੇਂ ਚਿਹਰੇ ਮੈਦਾਨ ਵਿੱਚ-
ਨਵੀਂ ਦਿੱਲੀ- ਭਾਜਪਾ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਦਿੱਲੀ ਤੋਂ 5 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਰਾਸ਼ਟਰੀ ਰਾਜਧਾਨੀ ਦੀਆਂ ਜ਼ਿਆਦਾਤਰ ਸੀਟਾਂ ‘ਤੇ ਆਪਣੇ ਉਮੀਦਵਾਰ ਬਦਲ ਦਿੱਤੇ ਹਨ। ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਜਿੱਤੀਆਂ ਸਨ। ਰਾਸ਼ਟਰੀ ਰਾਜਧਾਨੀ ਵਿੱਚ ਭਾਜਪਾ ਉਮੀਦਵਾਰਾਂ ਦੀ ਸੂਚੀ ਵਿੱਚ ਨਵੀਂ ਦਿੱਲੀ ਤੋਂ ਸੁਸ਼ਮਾ ਸਵਰਾਜ ਦੀ ਧੀ ਬੰਸੁਰੀ ਸਵਰਾਜ, ਚਾਂਦਨੀ ਚੌਕ ਤੋਂ ਪ੍ਰਵੀਨ ਖੰਡੇਲਵਾਲ, ਉੱਤਰ-ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ, ਦੱਖਣੀ ਦਿੱਲੀ ਤੋਂ ਰਾਮਵੀਰ ਸਿੰਘ ਬਿਧੂੜੀ, ਪੱਛਮੀ ਦਿੱਲੀ ਤੋਂ ਕਮਲਜੀਤ ਸਹਿਰਾਵਤ ਨੂੰ ਟਿਕਟ ਦਿੱਤੀ ਹੈ। ਪਾਰਟੀ ਨੇ ਅਜੇ ਉੱਤਰੀ ਦਿੱਲੀ ਅਤੇ ਪੂਰਬੀ ਦਿੱਲੀ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪੰਜ ਉਮੀਦਵਾਰਾਂ ਵਿੱਚੋਂ ਸਿਰਫ਼ ਮਨੋਜ ਤਿਵਾੜੀ ਹੀ ਦੂਜੀ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ। ਅਟਕਲਾਂ ਸਨ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਪਰ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਸਿਰਸਾ ਨੂੰ ਉਤਰ ਪ੍ਰਦੇਸ਼ ਦੇ ਸਿੱਖ ਬਹੁਵਸੋਂ ਵਾਲੇ ਜਾਂ ਰਾਜਸਥਾਨ, ਹਰਿਆਣਾ ਤੋਂ ਟਿਕਟ ਦਿੱਤੀ ਜਾ ਸਕਦੀ ਹੈ।