Headlines

ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ 9 ਮਾਰਚ ਨੂੰ ਸਰੀ ਵਿਚ

ਸਰੀ-ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵਲੋਂ  9 ਮਾਰਚ, 2024 ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ  ਦੀ ਪੋਤੀ ਅਤੇ ਮਹਾਰਾਣੀ ਵਿਕਟੋਰੀਆ ਦੀ ਮੂੰਹ ਬੋਲੀ ਧੀ, ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਸਨਮਾਨ ਵਿਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ।  ਰਾਜਕੁਮਾਰੀ ਸੋਫੀਆ ਨੇ  ਯੂਨਾਈਟਿਡ ਕਿੰਗਡਮ (UK) ਵਿੱਚ ਔਰਤਾਂ ਨੂੰ ਵੋਟ ਦਾ ਹੱਕ ਦਵਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਸੀ।

ਇਤਿਹਾਸ ਵਿਚ ਭੁਲਾਈ ਜਾ ਚੁੱਕੀ ਬ੍ਰਿਟਿਸ਼-ਸਿੱਖ ਰਾਜਕੁਮਾਰੀ ਨੂੰ ਆਖ਼ਰਕਾਰ 15 ਫਰਵਰੀ, 2018 ਨੂੰ ਯੂਕੇ ਵਿੱਚ ਰਾਇਲ ਮੇਲ ਦੁਆਰਾ ਇੱਕ ਡਾਕ ਟਿਕਟ ਜਾਰੀ ਕਰਕੇ ਯਾਦ ਕੀਤਾ ਗਿਆ। ਇਸ ਤੋਂ ਇਲਾਵਾ, ਉਸਨੂੰ 26 ਮਈ, 2023 ਨੂੰ ਲੰਡਨ ਵਿੱਚ ਇੰਗਲਿਸ਼ ਹੈਰੀਟੇਜ ਦੁਆਰਾ ਇੱਕ ਯਾਦਗਾਰੀ ਨੀਲੀ ਤਖ਼ਤੀ (Blue Plaque) ਨਾਲ ਵੀ ਸਨਮਾਨਿਤ ਕੀਤਾ ਗਿਆ। ਸਿਹਤ ਸੁਧਾਰ, ਪਰਉਪਕਾਰ ਅਤੇ ਸਮਾਜ ਸੁਧਾਰ ਦੀ ਸ਼੍ਰੇਣੀ ਵਿੱਚ ਮਿਲਿਆ ਇਹ ਬਲੂ ਪਲੈਕ ਹੁਣ ਫੈਰਾਡੇ ਹਾਊਸ, 37 ਹੈਂਪਟਨ ਕੋਰਟ ਰੋਡ ਦਾ  ਸ਼ਿੰਗਾਰ ਹੈ। ਇਹ ਘਰ ਰਾਣੀ ਵਿਕਟੋਰੀਆ ਨੇ ਰਾਜਕੁਮਾਰੀ ਸੋਫੀਆ ਅਤੇ ਉਸਦੀਆਂ ਭੈਣਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ।

ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਦੀ ਸੰਚਾਲਕਾ ਮੀਰਾ ਗਿੱਲ ਵਲੋਂ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੀ ਯਾਦ ਵਿਚ ਤਾਜ ਪਾਰਕ ਕਨਵੈਨਸ਼ਨ ਸੈਂਟਰ  8580 132 ਸਟਰੀਟ) ਸਰੀ ਵਿਖੇ ਦੁਪਹਰਿ 12 ਤੋਂ 2 ਵਜੇ ਤੱਕ ਕਰਵਾਏ ਜਾ ਰਹੇ ਸਮਾਗਮ ਦੌਰਾਨ ਬੀਸੀ ਦੇ ਸਿੱਖਿਆ ਤੇ ਬਾਲ ਭਲਾਈ ਮੰਤਰੀ  ਰਚਨਾ ਸਿੰਘ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।

ਇਸੇ ਦੌਰਾਨ ਮੀਰਾ ਗਿੱਲ ਨੇ ਕਿਹਾ ਕਿ ਕੈਨੇਡਾ ਨੇ ਬੇਸ਼ਕ ਬਹੁਤ ਤਰੱਕੀ ਕੀਤੀ ਹੈ, ਪਰ ਰੰਗਦਾਰ ਔਰਤਾਂ ਅਜੇ ਵੀ ਨੌਕਰੀ ਅਤੇ ਰਾਜਨੀਤਿਕ ਖੇਤਰਾਂ ਵਿੱਚ ਮਰਦਾਂ ਨਾਲ਼ੋਂ ਕਿਤੇ ਘੱਟ ਗਿਣਤੀ ਚ ਹਨ। ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਹੁਣ ਤੱਕ,  ਰਾਜਕੁਮਾਰੀ ਸੋਫੀਆ ਦਲੀਪ ਸਿੰਘ ਅਤੇ ਹੋਰ ਬਹੁਤ ਸਾਰੀਆਂ ਘੱਟ ਗਿਣਤੀ ਸਮਾਜ ਦੀਆਂ ਔਰਤਾਂ ਨੇ ਕੈਨੇਡਾ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਆਪਣੀ ਸਰਕਾਰ ਤੋਂ, ਔਰਤਾਂ ਦੀ ਮਰਦਾਂ ਦੇ ਬਰਾਬਰ ਨੁਮਾਇੰਦਗੀ ਲਿਆਉਣ ਲਈ, ਹੋਰ ਸੁਹਿਰਦ ਅਤੇ ਮਾਪ ਸਕਣ ਯੋਗ ਕਦਮਾਂ ਦੀ ਉਮੀਦ ਕਰਦੇ ਹਾਂ।  ਸਾਡਾ ਮੰਨਣਾ ਹੈ ਕਿ ਕੰਮ ਦੇ ਸਥਾਨਾਂ ‘ਤੇ, ਰੰਗਦਾਰ ਔਰਤਾਂ ਦੇ ਵਿਰੁੱਧ ਅਣਸੁਖਾਵਾਂ ਵਿਹਾਰ ਅਤੇ ਵਿਤਕਰੇ ਨੂੰ ਖਤਮ ਕਰਨ ਲਈ, ਸਰਕਾਰ ਨੂੰ ਪਹਿਲ ਦੇ ਅਧਾਰ ਤੇ ਮਿੱਥੇ ਸਮੇਂ ਅਤੇ ਮਿੱਥੇ ਨਿਸ਼ਾਨਿਆਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਔਰਤਾਂ ਦਾ ਇਸ ਔਰਤ ਦਿਵਸ ਤੇ ਸਹੀ ਸਤਿਕਾਰ ਹੋਵੇਗਾ।