Headlines

ਪਿੰਡ ਖਾਨ ਕੋਟ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੱਜ ਜੋ ਕੁਝ ਵੀ ਹਾਂ ਮਾਤਾ ਜਗਜੀਤ ਕੌਰ ਸੰਧੂ  ਦੀ ਬਦੌਲਤ ਹਾਂ – ਤਰਨਜੀਤ ਸਿੰਘ ਸੰਧੂ –

ਅੰਮ੍ਰਿਤਸਰ 8 ਮਾਰਚ (  ਭੰਗੂ     )  ਅਮਰੀਕਾ ਵਿਚ ਭਾਰਤੀ ਰਾਜਦੂਤ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਵੱਲੋਂ ਅੱਜ ਅੰਮ੍ਰਿਤਸਰ ਨਜ਼ਦੀਕ ਪਿੰਡ ਖਾਨ ਕੋਟ ਦੇ ਆਪਣੇ ਗ੍ਰਹਿ ਵਿਖੇ ਪਿੰਡ ਦੀਆਂ ਮਹਿਲਾਵਾਂ ਦੀ ਸ਼ਮੂਲੀਅਤ ਅਤੇ ਗਰਮਜੋਸ਼ੀ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।  ਉਨ੍ਹਾਂ ਆਪਣੇ ਦਿਲ ਦੀਆਂ ਗੱਲਾਂ ਸਭ ਨਾਲ ਸਾਂਝੀਆਂ ਕੀਤੀਆਂ ਅਤੇ ਸਮਾਜ ਨੂੰ ਔਰਤ ਨੂੰ ਸਤਿਕਾਰ, ਬਰਾਬਰ ਦੇ ਮੌਕੇ ਦੇਣ ਅਤੇ ਵਿਕਾਸ ਵਿਚ ਭਾਈਵਾਲ ਬਣਾਉਣ ਦਾ ਹੋਕਾ ਦਿੱਤਾ।  ਇਸ ਮੌਕੇ ਉਨ੍ਹਾਂ ਵੱਲੋਂ ਪੇਂਡੂ ਔਰਤਾਂ ਨੂੰ ਵਧਾਈ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਸੈਂਕੜੇ ਸੂਟ ਤੋਹਫ਼ੇ ਵਜੋਂ ਦਿੱਤੇ ਗਏ ।
ਪ੍ਰੋ. ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਉਨ੍ਹਾਂ ਆਪਣੀ ਮਾਤਾ ਸ਼੍ਰੀਮਤੀ ਜਗਜੀਤ ਕੌਰ ਸੰਧੂ ਦੀਆਂ ਯਾਦਾਂ ਨਾਲ ਸਾਂਝ ਪਾਉਂਦਿਆਂ ਭਾਵਕ ਲਹਿਜ਼ੇ ਵਿਚ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ ਉਹ ਸਭ ਪ੍ਰਾਪਤੀਆਂ ਮਾਤਾ ਜੀ ਅਤੇ ਉਨ੍ਹਾਂ ਦੀ ਸਿੱਖਿਆ ਤੇ ਪੜਾਈ ਦੀ ਦੇਣ ਹਨ। ਉਨ੍ਹਾਂ ਪਿੰਡ ਦੀਆਂ ਔਰਤਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਮੇਰੀ ਮਾਤਾ ਵੀ ਤੁਹਾਡੇ ਵਾਂਗ ਸਨ, ਪਰ ਉਨ੍ਹਾਂ ਪੜਾਈ ਦੀ ਅਹਿਮੀਅਤ ਨੂੰ ਸਮਝਿਆ ਅਤੇ ਪਿੰਡ ਤੋਂ  ਬਾਹਰ ਨਿਕਲ ਕੇ ਪੜਾਈ ਕੀਤੀ । ਅਮਰੀਕਾ ਤੋਂ ਡਾਕਟਰੇਟ ਕਰਨ ਤੋਂ ਬਾਅਦ ਦੇਸ਼ ਪਰਤ ਕੇ ਅੰਮ੍ਰਿਤਸਰ ਵਿੱਚ ਸਰਕਾਰੀ ਕਾਲਜ ਫ਼ਾਰ ਵੁਮੈਨ ਵਿਖੇ ਸ਼ੇਵਾ ਕਰਦਿਆਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ।  ਉਹਨਾਂ ਨੇ ਹਮੇਸ਼ਾਂ ਮੈਨੂੰ ਸੱਚੇ ਮਨ ਨਾਲ ਮਿਹਨਤ ਕਰਨ ਅਤੇ ਕੁਝ ਬਣ ਜਾਣ ਦੇ ਬਾਅਦ ਸਮਾਜ ਨੂੰ ਵਾਪਸ ਦੇਣ ਲਈ ਪ੍ਰੇਰਿਆ।
ਸਰਦਾਰ ਸੰਧੂ ਨੇ ਔਰਤਾਂ ਨੂੰ ਪੜਾਈ ਦੀ ਹੋਰ ਮਹੱਤਤਾ ਬਾਰੇ ਜਾਣੂ ਕਰਾਇਆ ਅਤੇ ਕਿਹਾ ਕਿ ਪੜਾਈ ਅੱਜ ਦੇ ਦੌਰ ’ਚ ਬੇਹੱਦ ਜ਼ਰੂਰੀ ਹੈ।ਉਨ੍ਹਾਂ ਬਚਿਆਂ ਬਚੀਆਂ ਨੂੰ ਜ਼ਰੂਰ ਪੜਾਉਣ ਤੇ ਸਕੂਲ ਭੇਜਣ ਪ੍ਰਤੀ ਖੁੱਲ ਕੇ ਵਕਾਲਤ ਕੀਤੀ।  ਉਨ੍ਹਾਂ ਇਸ ਗਲ ’ਤੇ ਜ਼ੋਰ ਦਿੱਤਾ ਕਿ ਬਚਿਆਂ ਨੂੰ ਨਾ ਪੜਾਉਣ ਵਾਲੇ ਲੋਕ ਬਚਿਆਂ ਦੇ ਦੋਸ਼ੀ ਅਤੇ ਉਨ੍ਹਾਂ ਦਾ ਨੁਕਸਾਨ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਕਿਸੇ ਵੀ ਮੁਸ਼ਕਲ ਜਾਂ ਮਦਦ ਲਈ ਉਹ ਹਰ ਵਕਤ ਉਨ੍ਹਾਂ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਹਤਮੰਦ ਸਮਾਜ ਲਈ ਔਰਤ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਔਰਤ ’ਚ ਸਮਾਜ ਨੂੰ ਉਪਰ ਚੁੱਕਣ ਦੀ ਸਮਰੱਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਧਰਤੀ ’ਤੇ ਆਇਆ ਹਰ ਮਨੁੱਖ ਔਰਤ ਦਾ ਕਰਜ਼ਦਾਰ ਹੈ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤੀ ਪ੍ਰਤੀ ’’ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ।’ ਕਹਿ ਕੇ ਵਡਿਆਈ ਕੀਤੀ। ਇਹ ਕਹਿਣ ’ਚ ਮੈਨੂੰ ਕੋਈ ਸੰਕੋਚ ਨਹੀਂ ਕਿ ਸਾਡੇ ਸਮਾਜ ਵਿੱਚ ਸਭ ਤੋਂ ਹਿੰਮਤ, ਦਲੇਰ ਤੇ ਮਜ਼ਬੂਤ ਦਿਲ ਔਰਤ ਦਾ ਹੀ ਹੁੰਦਾ ਹੈ, ਜੋ ਆਪਣੀ ਔਲਾਦ ਲਈ ਕਿਸੇ ਵੀ ਕੁਰਬਾਨੀ ਲਈ ਹਰ ਸਮੇਂ ਤਿਆਰ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਨੂੰ ਬਰਾਬਰੀ ਅਤੇ ਸਤਿਕਾਰ ਦਿਵਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਮਹਿਲਾ ਦਿਵਸ਼ ’ਤੇ ਕੇਂਦਰ ਸਰਕਾਰ ਵੱਲੋਂ ਐੱਲ ਪੀ ਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ 100 ਰੁਪਏ ਦੀ ਕਟੌਤੀ ਕਰਦਿਆਂ ਦੇਸ਼ ਭਰ ਦੇ ਲੱਖਾਂ ਘਰਾਂ ’ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤਕ ਘਟ ਕੀਤਾ ਹੈ। ਨਰਿੰਦਰ ਮੋਦੀ ਸਰਕਾਰ ਔਰਤਾਂ ਦੀ ਭਲਾਈ, ਨਾਰੀ ਸਸ਼ਕਤੀਕਰਨ ਅਤੇ ਸਿਹਤਮੰਦ ਵਾਤਾਵਰਨ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਔਰਤਾਂ ਦੇ ਭਲੇ ਲਈ ਕਾਨੂੰਨ ’ਚ ਅਨੇਕਾਂ ਲੋੜੀਂਦੇ ਸੁਧਾਰ ਕੀਤੇ ਗਏ ਹਨ।
ਇਸ ਮੌਕੇ ਖਾਨ ਕੋਟ ਦੇ ਸਾਬਕਾ ਸਰਪੰਚ ਗੁਰਦਰਸ਼ਨ ਸਿੰਘ ਸੰਧੂ, ਰਾਜੇਸ਼ ਮਦਾਨ ਕੌਂਸਲਰ, ਮਨਜੀਤ ਸਿੰਘ ਕੰਗ, ਦਲਜੀਤ ਸਿੰਘ ਕੰਗ, ਅਦਿੱਤਿਆ ਮਹਿਰਾ, ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਡਾ. ਸੰਜੀਵ ਲਖਨਪਾਲ, ਗੁਰਕੀਰਤ ਸਿੰਘ ਢਿੱਲੋਂ ਅਤੇ ਅਰਜਨ ਵਧਵਾ ਵੀ ਮੌਜੂਦ ਸਨ।